MELA RAKHAR PUNYA (ETV Bharat) ਅੰਮ੍ਰਿਤਸਰ:ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਅੰਮ੍ਰਿਤਸਰ ਦਿਹਾਤੀ ਅਧੀਨ ਪੈਂਦੇ ਇਤਿਹਾਸਿਕ ਗੁਰੂ ਨਗਰੀ ਬਾਬਾ ਬਕਾਲਾ ਸਾਹਿਬ ਵਿਖੇ ਰੱਖੜ ਪੁੰਨਿਆਂ ਅਤੇ ‘ਸਾਚਾ ਗੁਰੂ ਲਾਧੋ ਰੇ’ਦਾ ਜੋੜ ਮੇਲਾ ਬੜੀ ਸ਼ਰਧਾ ਭਾਵਨਾ ਦੇ ਨਾਲ ਮਨਾਇਆ ਜਾ ਰਿਹਾ ਹੈ। ਇਸੇ ਤਰ੍ਹਾਂ ਇਸ ਸਾਲ ਵੀ 17 ਅਗਸਤ ਤੋਂ ਮੇਲਾ ਰੱਖੜ ਪੁੰਨਿਆਂ ਨੂੰ ਲੈ ਕੇ ਜਿੱਥੇ ਪ੍ਰਸ਼ਾਸਨ ਵੱਲੋਂ ਵੱਖ-ਵੱਖ ਤਰ੍ਹਾਂ ਦੀਆਂ ਤਿਆਰੀਆਂ ਮੁਕੰਮਲ ਕੀਤੀਆਂ ਜਾ ਰਹੀਆਂ ਹਨ।
ਬਾਬਾ ਬਕਾਲਾ ਸਾਹਿਬ ਨੂੰ ਆਉਣ ਵਾਲੇ ਰੂਟ ਪਲਾਨ ਤਿਆਰ ਕਰਕੇ ਰੂਟ ਬਦਲ ਦਿੱਤੇ ਗਏ ਹਨ:ਦੱਸ ਦਈਏ ਕਿ ਮੇਲਾ ਰੱਖੜ ਪੁੰਨਿਆ 'ਤੇ ਜਿੱਥੇ ਲੱਖਾਂ ਦੀ ਤਾਦਾਦ ਵਿਚ ਸੰਗਤ ਗੁਰਦੁਆਰਾ ਬਾਬਾ ਬਕਾਲਾ ਸਾਹਿਬ ਨਤਮਸਤਕ ਹੋਣ ਲਈ ਪੁੱਜ ਰਹੀ ਹੈ, ਉੱਥੇ ਹੀ ਆਮ ਆਦਮੀ ਪਾਰਟੀ, ਲੋਕ ਸਭਾ ਮੈਂਬਰ ਅੰਮ੍ਰਿਤਪਾਲ ਸਿੰਘ ਖ਼ਾਲਸਾ ਦੀ ਪਾਰਟੀ ਅਤੇ ਸ਼੍ਰੋਮਣੀ ਅਕਾਲੀ ਦਲ ਬਾਦਲ ਵੱਲੋਂ ਪੰਡਾਲ ਤਿਆਰ ਕਰਕੇ ਸਿਆਸੀ ਕਾਨਫ਼ਰੰਸਾਂ ਦੀਆ ਤਿਆਰੀਆਂ ਨੂੰ ਮੁਕੰਮਲ ਕਰ ਲਈਆਂ ਗਈਆਂ ਹਨ। ਜਿਸ ਨੂੰ ਦੇਖਦੇ ਹੋਏ ਪੁਲਿਸ ਪ੍ਰਸ਼ਾਸਨ ਵੱਲੋਂ ਬਾਬਾ ਬਕਾਲਾ ਸਾਹਿਬ ਨੂੰ ਆਉਣ ਵਾਲੇ ਰੂਟ ਪਲਾਨ ਤਿਆਰ ਕਰਕੇ ਰੂਟ ਬਦਲ ਦਿੱਤੇ ਗਏ ਹਨ।
ਮੁੱਖ ਮੰਤਰ ਲਈ ਖਾਸ ਪ੍ਰਬੰਧ: ਅੱਜ ਦੇ ਰਾਜ ਪੱਧਰੀ ਸਮਾਗਮ ਨੂੰ ਲੈ ਕੇ ਪੁਲਿਸ ਅਤੇ ਸਿਵਲ ਪ੍ਰਸ਼ਾਸਨ ਪੱਬਾਂ ਭਾਰ ਨਜ਼ਰ ਆ ਰਿਹਾ ਹੈ। ਦੱਸ ਦਈਏ ਕਿ ਅੱਜ 19 ਅਗਸਤ (ਸੋਮਵਾਰ) ਨੂੰ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਹੈਲੀਕਾਪਟਰ ਰਾਹੀਂ ਰਈਆ ਦਾਣਾ ਮੰਡੀ ਵਿਖੇ ਪੁੱਜਣਗੇ, ਜਿੱਥੋਂ ਸੜਕੀ ਮਾਰਗ ਰਾਹੀਂ ਉਹ ਗੁਰਦੁਆਰਾ ਨੌਵੀਂ ਪਾਤਸ਼ਾਹੀ ਬਾਬਾ ਬਕਾਲਾ ਸਾਹਿਬ ਵਿਖੇ ਨਤਮਸਤਕ ਹੋਣ ਲਈ ਪੁੱਜਣ ਤੋਂ ਬਾਅਦ ਆਈਟੀਆਈ ਗਰਾਊਂਡ ਬਾਬਾ ਬਕਾਲਾ ਸਾਹਿਬ ਦੇ ਵਿੱਚ ਕਾਨਫਰੰਸ ਨੂੰ ਸੰਬੋਧਨ ਕਰਨਗੇ। ਮੁੱਖ ਮੰਤਰੀ ਦੇ ਕਾਨਫਰੰਸ ਸਮਾਗਮ ਨੂੰ ਲੈ ਕੇ ਪੁਲਿਸ ਪ੍ਰਸ਼ਾਸਨ ਵੱਲੋਂ ਸਖ਼ਤ ਸੁਰੱਖਿਆ ਪ੍ਰਬੰਧ ਕੀਤੇ ਗਏ ਹਨ, ਜਿਨਾਂ ਦਾ ਜਾਇਜ਼ਾ ਲੈਣ ਲਈ ਅੱਜ ਡੀਆਈਜੀ ਬਾਰਡਰ ਰੇਂਜ ਅਤੇ ਐਸਐਸਪੀ ਅੰਮ੍ਰਿਤਸਰ ਦੇਹਾਤੀ ਬਾਬਾ ਬਕਾਲਾ ਸਾਹਿਬ ਵਿਖੇ ਪੁੱਜੇ।
ਉਹਨਾਂ ਵੱਲੋਂ ਸਟੇਜ਼ ਦੇ ਇਲਾਵਾ ਇਲਾਕੇ ਦੇ ਵੱਖ-ਵੱਖ ਪੁਆਇੰਟਾਂ ਦਾ ਜਾਇਜ਼ਾ ਲਿਆ ਗਿਆ ਅਤੇ ਨਾਲ ਹੀ ਸਥਾਪਿਤ ਕੀਤੇ ਗਏ ਪੁਲਿਸ ਸਹਾਇਤਾ ਕੇਂਦਰਾਂ ਦੇ ਵਿੱਚ ਤੈਨਾਤ ਅਧਿਕਾਰੀਆਂ ਅਤੇ ਕਰਮਚਾਰੀਆਂ ਨੂੰ ਵਿਸ਼ੇਸ਼ ਹਦਾਇਤਾਂ ਜਾਰੀ ਕੀਤੀਆਂ ਗਈਆਂ। ਐਸਐਸਪੀ ਅੰਮ੍ਰਿਤਸਰ ਦਿਹਾਤੀ ਚਰਨਜੀਤ ਸਿੰਘ ਸੋਹਲ ਨੇ ਕਿਹਾ ਕਿ ਪੁਲਿਸ ਵੱਲੋਂ ਕਾਨਫਰੰਸ ਦੇ ਲਈ ਅਤੇ ਮੇਲੇ ਦੇ ਲਈ ਕਰੜੇ ਸੁਰੱਖਿਆ ਪ੍ਰਬੰਧ ਕੀਤੇ ਗਏ ਹਨ ਅਤੇ ਸਮੂਹ ਪੁਲਿਸ ਮੁਲਾਜ਼ਮਾਂ ਅਤੇ ਅਧਿਕਾਰੀਆਂ ਨੂੰ ਵਿਸ਼ੇਸ਼ ਹਦਾਇਤਾਂ ਵੀ ਜਾਰੀ ਕੀਤੀਆਂ ਗਈਆਂ ਹਨ।ਉਨ੍ਹਾਂ ਕਿਹਾ ਕਿ ਸੰਗਤ ਦੇ ਸੁੱਖ ਸਹੂਲਤ ਅਤੇ ਸਵਾਗਤ ਲਈ ਪੁਲਿਸ ਪ੍ਰਸ਼ਾਸ਼ਨ ਵੱਲੋਂ ਤਿਆਰੀਆਂ ਮੁਕੰਮਲ ਹਨ ਅਤੇ ਨਾਲ ਹੀ ਇਲਾਕੇ ਵਿੱਚ ਵਾਧੂ ਫੋਰਸ ਤਾਇਨਾਤ ਕਰ ਸੁਰੱਖਿਆ ਲਈ ਪੁਲਿਸ ਵੱਲੋਂ ਪੁਖਤਾ ਇੰਤਜ਼ਾਮ ਕੀਤੇ ਗਏ ਹਨ।
ਉਲੇਖਯੋਗ ਹੈ ਕਿ ਇਸ ਵਾਰ ਮੇਲਾ ਰੱਖੜ ਪੁੰਨਿਆ ਨੂੰ ਰਾਜ ਪੱਧਰੀ ਸਮਾਰੋਹ ਬਣਾ ਕੇ ਸਰਕਾਰੀ ਤੌਰ 'ਤੇ ਸਰਕਾਰੀ ਆਈ ਟੀ ਆਈ ਬਾਬਾ ਬਕਾਲਾ ਦੀ ਗਰਾਊਂਡ ਵਿਚ ਵੱਡਾ ਪੰਡਾਲ ਲਗਾਇਆ ਗਿਆ ਹੈ ਅਤੇ ਸਰਕਾਰੀ ਅਧਿਕਾਰੀ ਪੱਬਾਂ ਭਾਰ ਹੋਕੇ ਇਸ ਸਮਾਰੋਹ ਨੂੰ ਕਾਮਯਾਬ ਕਰਨ ਲਈ ਪੰਡਾਲ ਦੀਆ ਤਿਆਰੀਆਂ ਮੁਕੰਮਲ ਕਰਵਾ ਰਹੇ ਹਨ। ਇਹ ਪਹਿਲੀ ਵਾਰ ਹੈ ਪੰਜਾਬ ਸਰਕਾਰ ਵੱਲੋਂ ਆਪਣੇ ਰੈਲੀ ਰੂਪੀ ਸਮਾਰੋਹ ਨੂੰ ਕਾਮਯਾਬ ਕਰਨ ਲਈ ਵੱਡੀ ਪੱਧਰ 'ਤੇ ਸਰਕਾਰੀ ਅਧਿਕਾਰੀ ਜਿਨ੍ਹਾਂ ਵਿਚ ਮਾਲ ਵਿਭਾਗ, ਖੇਤੀਬਾੜੀ ਵਿਭਾਗ, ਸਿੱਖਿਆ ਵਿਭਾਗ ਦੇ ਪ੍ਰਿੰਸੀਪਲ ਤੇ ਹੈੱਡਮਾਸਟਰਾਂ ਤੱਕ ਨੂੰ ਡਿਊਟੀ ਤੇ ਤਾਇਨਾਤ ਕਰਕੇ ਸਮਾਰੋਹ ਦੀਆ ਤਿਆਰੀਆਂ ਕੀਤੀਆਂ ਜਾ ਰਹੀਆਂ ਹਨ।
ਸ਼੍ਰੋਮਣੀ ਅਕਾਲੀ ਦਲ ਬਾਦਲ ਦੀ ਵੱਖਰੀ ਸਟੇਜ਼: ਦੂਸਰੇ ਪਾਸੇ ਸ਼੍ਰੋਮਣੀ ਅਕਾਲੀ ਦਲ ਬਾਦਲ ਵੱਲੋਂ ਸ੍ਰੀ ਗੁਰੂ ਤੇਗ਼ ਬਹਾਦਰ ਸਟੇਡੀਅਮ ਬਾਬਾ ਬਕਾਲਾ ਵਿਚ ਪੰਡਾਲ ਲਗਾ ਕੇ ਕਾਨਫ਼ਰੰਸ ਕੀਤੀ ਜਾ ਰਹੀ ਹੈ, ਜਿੱਥੇ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ, ਬਿਕਰਮ ਸਿੰਘ ਮਜੀਠੀਆ ਸਾਬਕਾ ਕੈਬਨਿਟ ਮੰਤਰੀ, ਡਾ ਦਲਜੀਤ ਸਿੰਘ ਚੀਮਾ , ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਸਮੇਤ ਅਕਾਲੀ ਲੀਡਰਸ਼ਿਪ ਪੁੱਜ ਰਹੀ ਹੈ ਅਤੇ ਇਹ ਕਾਨਫ਼ਰੰਸ ਹਲਕਾ ਬਾਬਾ ਬਕਾਲਾ ਦੇ ਇੰਚਾਰਜ ਸਾਬਕਾ ਵਿਧਾਇਕ ਬਲਜੀਤ ਸਿੰਘ ਜਲਾਲ ਉਸਮਾ ਦੀ ਅਗਵਾਈ ਹੇਠ ਹੋ ਰਹੀ ਹੈ।
ਮੈਂਬਰ ਪਾਰਲੀਮੈਂਟ ਅੰਮ੍ਰਿਤਪਾਲ ਸਿੰਘ ਖ਼ਾਲਸਾ ਦੀ ਵੱਖਰੀ ਸਟੇਜ਼: ਵਾਰਿਸ ਪੰਜਾਬ ਦੇ ਮੁਖੀ ਅਤੇ ਲੋਕ ਸਭਾ ਹਲਕਾ ਖਡੂਰ ਸਾਹਿਬ ਦੇ ਮੈਂਬਰ ਪਾਰਲੀਮੈਂਟ ਅੰਮ੍ਰਿਤਪਾਲ ਸਿੰਘ ਖ਼ਾਲਸਾ ਦੀ ਪਾਰਟੀ ਵੱਲੋਂ ਇਸ ਵਾਰ ਪਹਿਲੀ ਵਾਰ ਪੰਥਕ ਇਕੱਤਰਤਾ ਦੇ ਨਾਮ ਸਿਆਸੀ ਕਾਨਫ਼ਰੰਸ ਜਲੰਧਰ-ਬਟਾਲਾ ਸੜਕ 'ਤੇ ਅਕਾਲੀ ਫਾਰਮ ਨੇੜੇ ਕੀਤੀ ਜਾ ਰਹੀ ਹੈ, ਜਿਸ ਵਿਚ ਵੱਡੀ ਪੱਧਰ ਤੇ ਲੋਕਾਂ ਦੇ ਪੁੱਜਣ ਦੀ ਸੰਭਾਵਨਾ ਹੈ, ਜਿੱਥੇ ਉਸ ਦੇ ਸਹਿਯੋਗੀਆਂ ਵੱਲੋਂ ਇਕ ਵੱਡਾ ਪੰਡਾਲ ਲਾਇਆ ਗਿਆ ਹੈ, ਜਿਸ ਵਿਚ ਲੋਕ ਸਭਾ ਹਲਕਾ ਫ਼ਰੀਦਕੋਟ ਦੇ ਮੈਂਬਰ ਪਾਰਲੀਮੈਂਟ ਸਰਬਜੀਤ ਸਿੰਘ ਤੋਂ ਇਲਾਵਾ ਵੱਡੀ ਗਿਣਤੀ ਵਿਚ ਪੰਥਕ ਆਗੂ ਪੰਥਕ ਇਕੱਤਰਤਾ ਵਿਚ ਪੁੱਜ ਰਹੇ ਹਨ। ਉਲੇਖਯੋਗ ਹੈ ਕਿ ਇਸ ਵਾਰ ਮੁੱਖ ਵਿਰੋਧੀ ਪਾਰਟੀ ਕਾਂਗਰਸ ਵੱਲੋਂ ਕੋਈ ਵੀ ਸਿਆਸੀ ਕਾਨਫ਼ਰੰਸ ਨਹੀਂ ਕੀਤੀ ਜਾ ਰਹੀ ।