ਚੰਡੀਗੜ੍ਹ: ਲੋਕ ਸਭਾ ਚੋਣਾਂ 2024 'ਚ ਖਡੂਰ ਸਾਹਿਬ ਦੀ ਸੀਟ ਤੋਂ ਅਸਾਮ ਦੀ ਡਿਬਰੂਗੜ੍ਹ ਜੇਲ੍ਹ ਵਿਚ ਨਜ਼ਰਬੰਦ ਅੰਮ੍ਰਿਤਪਾਲ ਸਿੰਘ ਨੇ ਵੱਡੀ ਜਿੱਤ ਹਾਸਿਲ ਕੀਤੀ ਸੀ। ਜਿਸ ਤੋਂ ਬਾਅਦ ਹੁਣ ਅੰਮ੍ਰਿਤਪਾਲ ਸਿੰਘ ਦੇ ਨਾਲ ਅਸਾਮ ਦੀ ਡਿਬਰੂਗੜ੍ਹ ਜੇਲ੍ਹ ਵਿਚ ਨਜ਼ਰਬੰਦ ਭਗਵੰਤ ਸਿੰਘ ਉਰਫ ਪ੍ਰਧਾਨ ਮੰਤਰੀ ਬਾਜੇਕੇ ਵੀ ਵਿਧਾਨ ਸਭਾ ਦੀ ਜ਼ਿਮਨੀ ਚੋਣ ਲੜਨਗੇ। ਇਸ ਸਬੰਧੀ ਜਾਣਕਾਰੀ ਅਨੁਸਾਰ ਉਹ ਗਿੱਦੜਬਾਹਾ ਤੋਂ ਉਮੀਦਵਾਰ ਹੋਣਗੇ, ਜਿਥੇ ਉਹ ਆਜ਼ਾਦ ਚੋਣ ਲੜਨਗੇ। ਪ੍ਰਧਾਨ ਮੰਤਰੀ ਬਾਜੇਕੇ ਦੇ ਬੇਟੇ ਨੇ ਇਹ ਐਲਾਨ ਕੀਤਾ ਹੈ।
ਬਾਜੇਕੇ ਦੇ ਪੁੱਤ ਨੇ ਦਿੱਤੀ ਜਾਣਕਾਰੀ:ਪ੍ਰਧਾਨ ਮੰਤਰੀ ਬਾਜੇਕੇ ਦੇ ਬੇਟੇ ਨੇ ਇਕ ਵੀਡੀਓ ਜਾਰੀ ਕਰਕੇ ਸਾਰੀ ਜਾਣਕਾਰੀ ਦਿੱਤੀ ਹੈ। ਉਸ ਨੇ ਕਿਹਾ, ‘ਪਿਤਾ ਜੀ ਜੇਲ੍ਹ ਤੋਂ ਬੈਠ ਕੇ ਚੋਣ ਲੜਨਗੇ, ਸਿੱਖ ਸੰਗਤ ਨੂੰ ਸਾਥ ਦੇਣ ਦੀ ਅਪੀਲ ਵੀ ਕੀਤੀ ਗਈ ਹੈ। ਰਾਜਾ ਵੜਿੰਗ ਨੇ ਲੋਕ ਸਭਾ ਚੋਣਾਂ ਜਿੱਤ ਕੇ ਸੰਸਦ ਮੈਂਬਰ ਬਣਨ ਪਿੱਛੋਂ ਗਿੱਦੜਬਾਹਾ ਵਿਧਾਨ ਸਭਾ ਸੀਟ ਤੋਂ ਅਸਤੀਫਾ ਦੇ ਦਿੱਤਾ ਸੀ, ਜਿਸ ਪਿੱਛੋਂ ਇਥੇ ਜ਼ਿਮਨੀ ਚੋਣ ਹੋਵੇਗੀ।'
ਅੰਮ੍ਰਿਤਪਾਲ ਲੜ ਚੁੱਕੇ ਜੇਲ੍ਹ ਤੋਂ ਲੋਕ ਸਭਾ ਚੋਣ:ਦੱਸ ਦਈਏ ਕਿ ਇਸੇ ਜੇਲ੍ਹ ਵਿਚ ਬੰਦ ਅੰਮ੍ਰਿਤਪਾਲ ਸਿੰਘ ਨੇ ਲੋਕ ਸਭਾ ਚੋਣਾਂ ਦੌਰਾਨ ਖਡੂਰ ਸਾਹਿਬ ਤੋਂ ਚੋਣ ਲੜੀ ਸੀ ਤੇ ਵੱਡੀ ਗਿਣਤੀ ਨਾਲ ਜਿੱਤ ਹਾਸਲ ਕੀਤੀ ਸੀ। ਹਾਲਾਂਕਿ ਲੋਕ ਸਭਾ ਮੈਂਬਰ ਵਜੋਂ ਸਹੁੰ ਚੁੱਕਣ ਲਈ ਉਨ੍ਹਾਂ ਨੂੰ ਰਾਹਤ ਨਹੀਂ ਦਿੱਤੀ ਗਈ, ਜਦਕਿ ਪੰਜਾਬ ਦੇ 12 ਲੋਕ ਸਭਾ ਮੈਂਬਰਾਂ ਨੇ ਬੀਤੇ ਦਿਨੀਂ ਆਪਣੇ ਅਹੁਦੇ ਦੀ ਸਹੁੰ ਚੁੱਕ ਲਈ ਹੈ।
ਐਨਐਸਏ ਤਹਿਤ ਜੇਲ੍ਹ 'ਚ ਬੰਦ ਬਾਜੇਕੇ: ਕਾਬਿਲੇਗੌਰ ਕਿ ਅਸਾਮ ਦੀ ਡਿਬਰੂਗੜ੍ਹ ਜੇਲ੍ਹ ‘ਚ ਬੰਦ ਖਡੂਰ ਸਾਹਿਬ ਤੋਂ ਨਵੇਂ ਚੁਣੇ ਗਏ ਸੰਸਦ ਮੈਂਬਰ ਅੰਮ੍ਰਿਤਪਾਲ ਸਿੰਘ ਅਤੇ ਸਾਥੀਆਂ ਉਤੇ ਐਨਐਸਏ ਇਕ ਸਾਲ ਲਈ ਹੋਰ ਵਧਾ ਦਿੱਤਾ ਗਿਆ ਹੈ। ਪਪਲਪ੍ਰੀਤ, ਪ੍ਰਧਾਨ ਮੰਤਰੀ ਬਾਜੇਕੇ, ਦਲਜੀਤ ਕਲਸੀ ਸਮੇਤ ਅੰਮ੍ਰਿਤਪਾਲ ਸਿੰਘ ਦੇ ਹੋਰ ਸਾਥੀਆਂ ‘ਤੇ ਵੀ ਐਨਐਸਏ ਵਧਾਇਆ ਗਿਆ ਹੈ। ਪਿਛਲੇ ਸਾਲ ਮਾਰਚ ਮਹੀਨੇ ਇਨ੍ਹਾਂ ਸਾਰਿਆਂ ‘ਤੇ ਐਨਐਸਏ ਲਗਾਇਆ ਗਿਆ ਸੀ ਤੇ ਡਿਬਰੂਗੜ੍ਹ ਜੇਲ੍ਹ ਭੇਜਿਆ ਗਿਆ ਸੀ।
ਜ਼ਿਕਰਯੋਗ ਹੈ ਕਿ ਹਾਲ ਹੀ ‘ਚ ਹੋਈਆਂ ਲੋਕ ਸਭਾ ਚੋਣਾਂ ‘ਚ ਅੰਮ੍ਰਿਤਪਾਲ ਸਿੰਘ ਹਲਕਾ ਖਡੂਰ ਸਾਹਿਬ ਤੋਂ 2 ਲੱਖ ਤੋਂ ਜ਼ਿਆਦਾ ਵੋਟਾਂ ਨਾਲ ਜਿੱਤੇ ਹਨ। ਅਜਿਹੇ ਵਿਚ ਉਨ੍ਹਾਂ ਦੇ ਸਹੁੰ ਚੁੱਕਣ ਲਈ ਬਾਹਰ ਆਉਣ ਸਬੰਧੀ ਕਿਆਸਅਰਾਈਆਂ ਲਾਈਆਂ ਜਾ ਰਹੀਆਂ ਸਨ ਪਰ ਸਰਕਾਰ ਵੱਲੋਂ NSA ‘ਚ ਇਕ ਸਾਲ ਦੇ ਵਾਧੇ ਨੂੰ ਲੈ ਕੇ ਮੁੜ ਸ਼ਸ਼ੋਪੰਜ ਵੱਧ ਗਿਆ ਹੈ। ਫਿਲਹਾਲ ਉਨ੍ਹਾਂ ਦਾ ਸਹੁੰ ਚੁੱਕਣ ਦਾ ਪ੍ਰੋਗਰਾਮ ਟਲ ਗਿਆ ਹੈ।