ਲੁਧਿਆਣਾ:ਪੰਜਾਬ 'ਚ ਕਣਕ ਵਿੱਚ ਤਣੇ ਦੀ ਗੁਲਾਬੀ ਸੁੰਡੀ ਦੇ ਹਮਲੇ ਨੂੰ ਲੈ ਕੇ ਕਿਸਾਨ ਪਰੇਸ਼ਾਨ ਹਨ। ਕਣਕ ਦੇ ਤਣੇ ਦੀ ਗੁਲਾਬੀ ਸੁੰਡੀ ਮੂਲ ਰੂਪ ਵਿੱਚ ਝੋਨੇ ਦਾ ਕੀੜਾ ਹੈ ਪਰ ਪਿਛਲੇ ਕੁੱਝ ਸਮੇਂ ਤੋਂ ਇਹ ਕੀੜਾ ਕਣਕ ਦੀ ਫ਼ਸਲ ਵਿੱਚ ਵੀ ਵੇਖਣ ਨੂੰ ਮਿਲ ਰਿਹਾ ਹੈ। ਆਮ ਤੌਰ ‘ਤੇ ਇਹ ਸਤੰਬਰ-ਅਕਤੂਬਰ ਦੇ ਮਹੀਨਿਆਂ ਵਿੱਚ ਝੋਨਾ/ਬਾਸਮਤੀ ਅਤੇ ਪਿਛੇਤੀ ਬੀਜੀ ਮੱਕੀ ਦੀਆਂ ਫਸਲਾਂ ਨੂੰ ਨੁਕਸਾਨ ਪਹੁੰਚਾਉਂਦਾ ਹੈ ਪਰ ਕਈ ਵਾਰੀ ਇਹ ਕਣਕ ਦੀ ਫਸਲ ਤੱਕ ਨੁਕਸਾਨ ਪਹੁੰਚਾ ਜਾਂਦਾ ਹੈ।
ਅਗੇਤੀ ਬੀਜੀ ਫਸਲ ਉੱਤੇ ਗੁਲਾਬੀ ਸੁੰਡੀ ਦਾ ਹਮਲਾ, ਪਰੇਸ਼ਾਨ ਹੋਏ ਕਿਸਾਨਾਂ ਨੂੰ ਪੀਏਯੂ ਦੇ ਮਾਹਿਰਾਂ ਨੇ ਦਿੱਤੀ ਸਲਾਹ - ADVICE GIVEN TO FARMERS ABOUT
ਪੰਜਾਬ 'ਚ ਕਣਕ ਦੀ ਸਿੱਧੀ ਬਿਜਾਈ ਕਰਨ ਵਾਲੇ ਕਿਸਾਨਾਂ ਨੂੰ ਸਤਾ ਰਹੀ ਗੁਲਾਬੀ ਸੁੰਡੀ ਬਾਰੇ ਪੀਏਯੂ ਦੇ ਮਾਹਿਰਾਂ ਨੇ ਸਲਾਹ ਦਿੱਤੀ ਹੈ ।
Published : Nov 30, 2024, 6:52 AM IST
ਕੀਟ-ਵਿਗਿਆਨ ਵਿਭਾਗ ਦੇ ਮੁਖੀ ਡਾ. ਮਨਮੀਤ ਬਰਾੜ ਭੁੱਲਰ ਨੇ ਇਸ ਬਾਰੇ ਗੱਲ ਕਰਦਿਆਂ ਦੱਸਿਆ ਕਿ ਤਣੇ ਦੀ ਗੁਲਾਬੀ ਸੁੰਡੀ ਜ਼ਿਆਦਾਤਰ ਅਗੇਤੀ ਬੀਜੀ ਕਣਕ ਦੀ ਫਸਲ ‘ਤੇ ਹਮਲਾ ਕਰਦੀ ਹੈ। ਇਸ ਦੀਆਂ ਸੁੰਡੀਆਂ ਕਣਕ ਦੇ ਛੋਟੇ ਬੂਟਿਆਂ ਦੇ ਤਣਿਆਂ ਵਿੱਚ ਮੋਰੀਆਂ ਕਰਕੇ ਅੰਦਰ ਚਲੀਆਂ ਜਾਂਦੀਆ ਹਨ ਅਤੇ ਅੰਦਰਲਾ ਮਾਦਾ ਖਾਂਦੀਆਂ ਹਨ। ਜਿਸ ਨਾਲ ਬੂਟੇ ਪੀਲੇ ਪੈ ਜਾਂਦੇ ਹਨ ਅਤੇ ਅਖੀਰ ਵਿੱਚ ਮਰ ਜਾਂਦੇ ਹਨ। ਉਨ੍ਹਾਂ ਦੱਸਿਆ ਕਿ ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਦੀਆਂ ਟੀਮਾਂ ਨੇ ਲੁਧਿਆਣਾ, ਬਰਨਾਲਾ, ਮਾਨਸਾ, ਬਠਿੰਡਾ, ਸੰਗਰੂਰ ਅਤੇ ਪਟਿਆਲਾ ਜ਼ਿਲ੍ਹਿਆਂ ਵਿੱਚ ਤਣੇ ਦੀ ਗੁਲਾਬੀ ਸੁੰਡੀ ਦੇ ਹਮਲੇ ਤੋਂ ਪ੍ਰਭਾਵਿਤ ਕਣਕ ਦੀ ਫਸਲ ਦਾ ਸਰਵੇਖਣ ਕੀਤਾ ਅਤੇ ਸੰਗਰੂਰ ਅਤੇ ਮਾਨਸਾ ਜ਼ਿਲ੍ਹਿਆਂ ਦੇ ਕੁਝ ਖੇਤਾਂ ਵਿੱਚ ਤਣੇ ਦੀ ਗੁਲਾਬੀ ਸੁੰਡੀ ਦਾ ਮਾਮੂਲੀ ਹਮਲਾ ਦੇਖਿਆ ਗਿਆ।
ਕਿਸਾਨਾਂ ਨੂੰ ਘਬਰਾਉਣ ਦੀ ਲੋੜ ਨਹੀਂ
ਨਿਰਦੇਸ਼ਕ ਪਸਾਰ ਸਿੱਖਿਆ ਡਾ. ਮੱਖਣ ਸਿੰਘ ਭੁੱਲਰ ਨੇ ਦੱਸਿਆ ਕਿ ਸਰਦੀ ਸ਼ੁਰੂ ਹੋਣ ਨਾਲ ਤਣੇ ਗੁਲਾਬੀ ਸੁੰਡੀ ਦੇ ਹਮਲੇ ਵਿੱਚ ਕਮੀ ਆਉਣ ਦੀ ਸੰਭਾਵਨਾ ਹੈ। ਇਸ ਦੇ ਨਾਲ ਹੀ ਉਨ੍ਹਾਂ ਨੇ ਦੱਸਿਆ ਕਿ ਕਣਕ ਦੀ ਫ਼ਸਲ ਦੇ ਵਧਣ ਫੁੱਲਣ ਅਤੇ ਜਾੜ ਮਾਰਣ ਲਈ ਆਉਣ ਵਾਲਾ ਸਰਦੀਆਂ ਦਾ ਮੌਸਮ ਅਨੁਕੂਲ ਹੈ ਜੋ ਤਣੇ ਦੀ ਗੁਲਾਬੀ ਸੁੰਡੀ ਦੇ ਮਾਮੂਲੀ ਹਮਲੇ ਨੂੰ ਰੋਕਣ ਵਿੱਚ ਵੀ ਸਹਾਈ ਹੋਵੇਗਾ। ਉਨ੍ਹਾਂ ਕਿਸਾਨਾਂ ਨੂੰ ਕਣਕ ਦੇ ਖੇਤਾਂ ਵਿੱਚ ਦਿਨ ਵੇਲੇ ਸਿੰਚਾਈ ਕਰਨ ਦੀ ਸਲਾਹ ਦਿੱਤੀ, ਜਿਸ ਨਾਲ ਪੰਛੀ, ਤਣੇ ਦੀ ਗੁਲਾਬੀ ਸੁੰਡੀ ਦਾ ਸ਼ਿਕਾਰ ਕਰ ਲੈਂਦੇ ਹਨ। ਇਸ ਲਈ ਕਿਸਾਨਾਂ ਨੂੰ ਘਬਰਾਉਣ ਦੀ ਲੋੜ ਨਹੀਂ ਸਗੋਂ ਸੁਚੇਤ ਰਹਿਣਾ ਚਾਹੀਦਾ ਹੈ। ਡਾ. ਭੁੱਲਰ ਨੇ ਕਿਸਾਨਾਂ ਨੂੰ ਤਣੇ ਦੀ ਗੁਲਾਬੀ ਸੁੰਡੀ ਦੇ ਪ੍ਰਬੰਧਨ ਲਈ ਸਿਫ਼ਾਰਸ਼ ਕੀਤੇ ਸਰਬਪੱਖੀ ਕੀਟ ਪ੍ਰਬੰਧਨ ਦੀ ਵਰਤੋਂ ਕਰਨ ਅਤੇ ਆਪਣੇ ਜ਼ਿਲ੍ਹਿਆਂ ਦੇ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਦੇ ਦਫ਼ਤਰ, ਕ੍ਰਿਸ਼ੀ ਵਿਗਿਆਨ ਕੇਂਦਰ ਅਤੇ ਫਾਰਮ ਸਲਾਹਕਾਰ ਸੇਵਾ ਨਾਲ ਸੰਪਰਕ ਕਰਨ ਦੀ ਸਲਾਹ ਦਿੱਤੀ ਹੈ।