ਨੌਜਵਾਨ ਦਾ ਭਰੇ ਬਾਜ਼ਾਰ ਚਾਕੂ ਮਾਰ ਕੇ ਬੇਰਹਿਮੀ ਨਾਲ ਕਤਲ (ਈਟੀਵੀ ਭਾਰਤ (ਪੱਤਰਕਾਰ, ਲੁਧਿਆਣਾ)) ਲੁਧਿਆਣਾ: ਸ਼ਹਿਰ ਦੇ ਪੀਰੂ ਬੰਦਾ ਇਲਾਕੇ ਵਿੱਚ ਬੀਤੀ ਦੇਰ ਰਾਤ ਇੱਕ ਨੌਜਵਾਨ ਦਾ ਬੇਰਹਿਮੀ ਦੇ ਨਾਲ ਕਤਲ ਕਰ ਦਿੱਤਾ। ਮਰਨ ਵਾਲੇ ਨੌਜਵਾਨ ਦੀ ਪਛਾਣ ਸ਼ਮੀ ਵਜੋਂ ਹੋਈ ਹੈ ਜਿਸ ਦੀ ਉਮਰ ਲਗਭਗ 27 ਸਾਲ ਦੇ ਕਰੀਬ ਹੈ। ਪੂਰਾ ਮਾਮਲਾ ਪੁਲਿਸ ਸਟੇਸ਼ਨ ਸਲੇਮ ਟਾਬਰੀ ਦੇ ਅਧੀਨ ਆਉਂਦੇ ਇਲਾਕੇ ਦੇ ਵਿੱਚ ਹੋਇਆ ਹੈ। ਪੀਰੂ ਬੰਦਾ ਗਲੀ ਨੰਬਰ 13 ਦੇ ਵਿੱਚ ਸ਼ਮੀ ਅਤੇ ਸਾਜਨ ਨਾਂ ਦੇ ਦੋ ਭਰਾਵਾਂ ਦੀ ਕਿਸੇ ਗੱਲ ਨੂੰ ਲੈ ਕੇ ਅਜੈ ਅਤੇ ਉਸ ਦੇ ਕੁਝ ਦੋਸਤਾਂ ਦੇ ਨਾਲ ਝਗੜਾ ਹੋਇਆ ਸੀ ਜਿਸ ਤੋਂ ਬਾਅਦ ਅੱਜ ਇਨ੍ਹਾਂ ਆਪਣੇ ਦੋਸਤਾਂ ਦੇ ਨਾਲ ਮਿਲ ਕੇ ਦੋਵਾਂ ਭਰਾਵਾਂ ਉੱਤੇ ਹਮਲਾ ਕਰ ਦਿੱਤਾ ਅਤੇ ਚਾਕੂ ਨਾਲ ਉਨ੍ਹਾਂ ਉੱਤੇ ਵਾਰ ਕੀਤੇ।
ਇਸ ਦੌਰਾਨ ਇੱਕ ਚਾਕੂ ਦਾ ਵਾਰ ਸਿੱਧਾ ਸ਼ਮੀ ਦੇ ਗਲੇ 'ਤੇ ਲੱਗਿਆ ਤੇ ਉਸ ਦੀ ਮੌਤ ਹੋ ਗਈ। ਜਦਕਿ, ਉਸ ਦਾ ਭਰਾ ਸਾਜਨ ਲੁਧਿਆਣਾ ਦੇ ਸੀਐਮਸੀ ਹਸਪਤਾਲ ਵਿੱਚ ਗੰਭੀਰ ਹਾਲਤ ਵਿੱਚ ਇਲਾਜ ਅਧੀਨ ਹੈ। ਮੌਕੇ ਉੱਤੇ ਪਹੁੰਚੀ ਪੁਲਿਸ ਵੱਲੋਂ ਮਾਮਲੇ ਦੀ ਕਾਰਵਾਈ ਕੀਤੀ ਗਈ।
ਸੀਸੀਟੀਵੀ ਵਿੱਚ ਕੈਦ ਕ੍ਰਾਈਮ: ਮ੍ਰਿਤਕ ਦੀ ਲਾਸ਼ ਨੂੰ ਲੁਧਿਆਣਾ ਦੇ ਸਿਵਲ ਹਸਪਤਾਲ ਵਿੱਚ ਪੋਸਟਮਾਰਟਮ ਲਈ ਰਖਵਾਇਆ ਗਿਆ ਹੈ। ਸੀਸੀਟੀਵੀ ਤਸਵੀਰਾਂ ਵਿੱਚ ਸਾਫ ਵੇਖਿਆ ਜਾ ਸਕਦਾ ਹੈ ਕਿ ਪਹਿਲਾਂ ਦੋਵਾਂ ਨੌਜਵਾਨਾਂ ਵਿੱਚ ਕਿਸੇ ਗੱਲ ਨੂੰ ਲੈ ਕੇ ਆਪਸ ਵਿੱਚ ਬਹਿਸਬਾਜ਼ੀ ਹੁੰਦੀ ਹੈ। ਇਸ ਦੌਰਾਨ ਇੱਕ ਨੌਜਵਾਨ ਆਪਣੀ ਜੇਬ ਵਿੱਚੋਂ ਚਾਕੂ ਮਾਰ ਕੇ ਦੂਜੇ ਦੇ ਮਾਰਨਾ ਸ਼ੁਰੂ ਕਰ ਦਿੰਦਾ ਹੈ, ਫਿਰ ਜਿਹੜਾ ਉਸ ਨੂੰ ਹਟਾਉਣ ਲਈ ਆਉਂਦਾ ਹੈ, ਤਾਂ ਉਸ ਉੱਤੇ ਵੀ ਗਲੇ ਉੱਤੇ ਮਾਰਦਾ ਹੈ ਤੇ ਉਸ ਦੀ ਮੌਤ ਹੋ ਜਾਂਦੀ ਹੈ। ਸ਼ਰੇਆਮ ਲੁਧਿਆਣਾ ਵਿੱਚ ਜੁਰਮ ਵੱਧਦਾ ਜਾ ਰਿਹਾ ਹੈ ਅਤੇ ਮੁਲਜ਼ਮਾਂ ਦੇ ਹੌਸਲੇ ਇੰਨੇ ਬੁਲੰਦ ਹਨ ਕਿ ਉਨ੍ਹਾਂ ਨੂੰ ਪੁਲਿਸ ਦਾ ਵੀ ਕੋਈ ਡਰ ਨਹੀਂ ਹੈ।
ਅਜੇ ਤੱਕ ਕੋਈ ਗ੍ਰਿਫਤਾਰੀ ਨਹੀਂ:ਨੌਜਵਾਨ ਸ਼ਮੀ ਦੇ ਘਰ ਵਿੱਚ ਮਾਤਮ ਦਾ ਮਾਹੌਲ ਹੈ। ਉਸ ਦੇ ਪਰਿਵਾਰ ਨੇ ਰੋ ਰੋ ਕੇ ਇਨਸਾਫ ਦੀ ਮੰਗ ਕੀਤੀ ਹੈ। ਉਸ ਦਾ ਭਰਾ ਵੀ ਜ਼ਿੰਦਗੀ ਅਤੇ ਮੌਤ ਦੀ ਲੜਾਈ ਲੜ ਰਿਹਾ ਹੈ, ਪਰ ਹਾਲੇ ਤੱਕ ਪੁਲਿਸ ਨੇ ਕਿਸੇ ਨੂੰ ਵੀ ਗ੍ਰਿਫਤਾਰ ਨਹੀਂ ਕੀਤਾ ਹੈ, ਜਦਕਿ ਇਲਾਕਾ ਵਾਸੀਆਂ ਨੇ ਅਤੇ ਮ੍ਰਿਤਕ ਦੇ ਪਰਿਵਾਰਿਕ ਮੈਂਬਰਾਂ ਨੇ ਦੱਸ ਦਿੱਤਾ ਹੈ ਕਿ ਕਿਸ ਵੱਲੋਂ ਇਹ ਹਮਲਾ ਕਰਵਾਇਆ ਗਿਆ ਸੀ। ਦੂਜੇ ਪਾਸੇ ਪੁਲਿਸ ਨੇ ਪੂਰੇ ਮਾਮਲੇ ਦੀ ਜਾਂਚ ਕਰਨ ਦੀ ਗੱਲ ਆਖੀ ਹੈ।