ਨਿਹੰਗ ਸਿੰਘਾਂ ਉੱਤੇ ਲੱਗਾ ਇਲਜ਼ਾਮ, ਲੋਕ ਕਰ ਰਹੇ ਇਨਸਾਫ ਦੀ ਮੰਗ (ETV BHARAT PUNJAB (ਰਿਪੋਟਰ,ਅੰਮ੍ਰਿਤਸਰ)) ਅੰਮ੍ਰਿਤਸਰ:ਮਹਿਤਾ ਇਲਾਕੇ ਵਿੱਚ ਇੱਕ ਨਿਹੰਗ ਸਿੰਘ ਵੱਲੋਂ ਆਪਣੇ ਦੋਸਤਾਂ ਨਾਲ ਮਿਲ ਕੇ ਇੱਕ ਨੌਜਵਾਨ ਦੇ ਗੁੱਟ ਨੂੰ ਵੱਢ ਦਿੱਤਾ ਗਿਆ। ਜਿਸ ਤੋਂ ਬਾਅਦ ਉਸ ਨੌਜਵਾਨ ਵੱਲੋਂ ਆਪਣੇ ਜ਼ਖਮੀ ਹੱਥ ਦੇ ਨਾਲ ਇੱਕ ਨਿੱਜੀ ਹਸਪਤਾਲ ਵਿੱਚ ਪਹੁੰਚਿਆ ਗਿਆ, ਜਿੱਥੇ ਉਸਦਾ ਇਲਾਜ ਕੀਤਾ ਜਾ ਰਿਹਾ ਹੈ। ਇਸ ਵਾਰਦਾਤ ਤੋਂ ਬਾਅਦ ਲਗਾਤਾਰ ਹੀ ਪੁਲਿਸ ਉੱਤੇ ਇਲਜ਼ਾਮ ਲੱਗ ਰਹੇ ਨੇ ਕਿ ਉਨ੍ਹਾਂ ਵੱਲੋਂ ਮੁਲਜ਼ਮਾਂ ਨੂੰ ਕੇਸ ਤੋਂ ਬਾਹਰ ਕੱਢਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।
ਜਾਨਲੇਵਾ ਹਮਲਾ
ਪੀੜਤ ਨੌਜਵਾਨ ਨੇ ਦੱਸਿਆ ਕਿ ਉਸ ਨੂੰ ਕਿਸੇ ਨੌਜਵਾਨ ਵੱਲੋਂ ਘਰੋਂ ਆਵਾਜ਼ ਮਾਰ ਕੇ ਬਾਹਰ ਲਿਜਾਇਆ ਗਿਆ ਜਿੱਥੇ ਉਸਦੇ ਸਾਥੀਆਂ ਵੱਲੋਂ ਉਸ ਉੱਤੇ ਜਾਨਲੇਵਾ ਹਮਲਾ ਕਰ ਦਿੱਤਾ ਗਿਆ ਅਤੇ ਉਸ ਨੇ ਮੁਸ਼ਕਿਲ ਨਾਲ ਆਪਣੀ ਜਾਨ ਬਚਾਈ। ਪੀੜਤ ਨੌਜਵਾਨ ਦਾ ਕਹਿਣਾ ਹੈ ਕਿ ਹੁਣ ਅੰਮ੍ਰਿਤਸਰ ਦੇ ਇੱਕ ਨਿੱਜੀ ਹਸਪਤਾਲ ਦੇ ਵਿੱਚ ਉਸ ਦਾ ਇਲਾਜ ਕਰਵਾਇਆ ਜਾ ਰਿਹਾ ਹੈ ਅਤੇ ਪੁਲਿਸ ਪ੍ਰਸ਼ਾਸਨ ਉਹਨਾਂ ਲੋਕਾਂ ਦੇ ਖਿਲਾਫ ਕਾਰਵਾਈ ਨਹੀਂ ਕਰ ਰਿਹਾ ਜਿਨ੍ਹਾਂ ਵੱਲੋਂ ਉਸ ਉੱਤੇ ਹਮਲਾ ਕੀਤਾ ਗਿਆ ਹੈ।
ਨਸ਼ਾ ਵੇਚਣ ਤੋਂ ਰੋਕਿਆ, ਤਾਂ ਕੀਤਾ ਗਿਆ ਹਮਲਾ
ਦੂਸਰੇ ਪਾਸੇ ਸਿੱਖ ਜਥੇਬੰਦੀਆਂ ਦੇ ਆਗੂ ਅਤੇ ਸੰਤ ਸਿਪਾਹੀ ਗਰੁੱਪ ਲੁਧਿਆਣਾ ਦੇ ਪ੍ਰਧਾਨ ਦਵਿੰਦਰ ਸਿੰਘ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਪੁਲਿਸ ਵੱਲੋਂ ਜਾਣਬੁੱਝ ਕੇ ਹਮਲਾਵਰਾਂ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਉਹਨਾਂ ਨੇ ਕਿਹਾ ਕਿ ਅਸੀਂ ਚਾਹੁੰਦੇ ਹਾਂ ਕਿ ਦੋਸ਼ੀਆਂ ਖਿਲਾਫ ਕਾਰਵਾਈ ਹੋਵੇ, ਜੇਕਰ ਸੁਣਵਾਈ ਨਾ ਹੋਈ ਤਾਂ ਅਸੀਂ ਬਟਾਲਾ ਦੇ ਐਸਐਸਪੀ ਦੇ ਦਫਤਰ ਬਾਹਰ ਧਰਨਾ ਦੇਵਾਂਗੇ ਅਤੇ ਆਪਣੀਆਂ ਮੰਗ ਮਨਵਾ ਕੇ ਰਹਾਂਗੇ। ਸੰਤ ਸਿਪਾਹੀ ਗਰੁੱਪ ਦੇ ਪ੍ਰਧਾਨ ਦਵਿੰਦਰ ਸਿੰਘ ਨੇ ਦੱਸਿਆ ਕਿ ਇਸ ਨੌਜਵਾਨ ਵੱਲੋਂ ਨਿਹੰਗ ਸਿੰਘ ਦੇ ਬਾਣੇ ਵਿੱਚ ਘੁੰਮ ਰਹੇ ਨੌਜਵਾਨਾਂ ਨੂੰ ਨਸ਼ਾ ਵੇਚਣ ਤੋਂ ਰੋਕਿਆ ਜਾ ਰਿਹਾ ਸੀ, ਇਸੇ ਕਰਕੇ ਹੀ ਨੌਜਵਾਨ ਉੱਤੇ ਉਨ੍ਹਾਂ ਵੱਲੋਂ ਜਾਨਲੇਵਾ ਹਮਲਾ ਕੀਤਾ ਗਿਆ ਹੈ।
ਪੁਲਿਸ ਕਰ ਰਹੀ ਜਾਂਚ
ਸਬ ਇੰਸਪੈਕਟਰ ਮੌਕੇ ਉੱਤੇ ਪਹੁੰਚੇ ਤਾਂ ਉਹਨਾਂ ਨੇ ਕਿਹਾ ਕਿ ਅਸੀਂ ਪੁੱਛਗਿੱਛ ਕਰ ਰਹੇ ਹਾਂ ਅਤੇ ਨਾਲ ਹੀ ਨੌਜਵਾਨ ਜੋ ਕਿ ਹਸਪਤਾਲ ਵਿੱਚ ਜਖਮੀ ਹੈ ਉਸ ਦੇ ਬਿਆਨ ਦਰਜ ਕਰ ਲਏ ਗਏ ਹਨ। ਪੰਜ ਮੁਲਜ਼ਮਾਂ ਦੇ ਖਿਲਾਫ ਬਾਈ ਨੇਮ ਪਰਚਾ ਦਰਜ ਕਰਵਾ ਦਿੱਤਾ ਗਿਆ ਹੈ ਅਤੇ ਜੋ ਵੀ ਬਣਦੀ ਕਾਰਵਾਈ ਹੈ ਕੀਤੀ ਜਾਵੇਗੀ।