ਫਰੀਦਕੋਟ: ਪਿਛਲੇ ਕੁੱਝ ਦਿਨਾਂ ਤੋਂ ਨਗਰ ਕੌਂਸਲ ਫਰੀਦਕੋਟ ਵੱਲੋਂ ਸ਼ਹਿਰ 'ਚ ਵੱਧ ਰਹੇ ਨਾਜਾਇਜ਼ ਕਬਜ਼ਿਆਂ ਨੂੰ ਖਾਲੀ ਕਰਵਾਉਣ ਲਈ ਕਾਰਵਾਈ ਆਰੰਭੀ ਹੋਈ ਹੈ। ਇਸ ਦੇ ਤਹਿਤ ਅੱਜ ਫਰੀਦਕੋਟ ਨਗਰ ਕੌਂਸਲ ਵਲੋਂ ਕਾਰਵਾਈ ਕਰਦਿਆਂ ਇੰਨ੍ਹਾਂ ਨਾਜਾਇਜ਼ ਕਬਜ਼ਿਆਂ 'ਤੇ ਪੀਲਾ ਪੰਜਾ ਫੇਰ ਕੇ ਸਫ਼ਾਈ ਕੀਤੀ ਗਈ ਹੈ। ਜਿਸ 'ਚ ਪੁਲਿਸ ਵਲੋਂ ਵੀ ਕਾਰਵਾਈ ਦੌਰਾਨ ਨਗਰ ਕੌਂਸਲ ਦਾ ਸਾਥ ਦਿੱਤਾ ਗਿਆ।
ਨਜ਼ਾਇਜ਼ ਕਬਜ਼ਿਆਂ 'ਤੇ ਕਾਰਵਾਈ: ਇਸ ਸਬੰਧੀ ਜਾਣਕਾਰੀ ਅਨੁਸਾਰ ਗੁਰੂ ਗੋਬਿੰਦ ਸਿੰਘ ਮੈਡੀਕਲ ਹਸਪਤਾਲ ਦੀ ਬਾਹਰੀ ਦੀਵਾਰ ਦੇ ਨਾਲ-ਨਾਲ ਵੱਡੀ ਗਿਣਤੀ 'ਚ ਲੋਕਾਂ ਵੱਲੋਂ ਕਬਜ਼ਾ ਕਰਕੇ ਆਪਣੀਆਂ ਕੱਚੀਆਂ ਦੁਕਾਨਾਂ ਬਣਾ ਕੇ ਸੜਕ ਦਾ ਵੱਡਾ ਹਿੱਸਾ ਰੋਕਿਆ ਹੋਇਆ ਸੀ। ਜਿਸ ਨਾਲ ਆਵਾਜਾਈ 'ਚ ਵੱਡਾ ਵਿਘਨ ਪੈਂਦਾ ਸੀ ਤੇ ਇਸ ਨਾਲ ਟਰੈਫਿਕ ਜਾਮ ਰਹਿੰਦਾ ਸੀ। ਇਥੋਂ ਤੱਕ ਕੇ ਕਈ ਵਾਰ ਐਮਰਜੈਂਸੀ 'ਚ ਹਸਪਤਾਲ ਆਉਣ ਵਾਲੀਆਂ ਐਮਬੂਲੈਂਸ ਗੱਡੀਆਂ ਨੂੰ ਵੀ ਰਾਹ ਨਹੀਂ ਮਿਲਦਾ ਸੀ। ਇਸ ਨੂੰ ਧਿਆਨ 'ਚ ਰੱਖਦੇ ਹੋਏ ਅੱਜ ਨਗਰ ਕੌਂਸਲ ਵੱਲੋਂ ਪੁਲਿਸ ਦੀ ਮਦਦ ਨਾਲ ਅਤੇ ਟਰੈਫਿਕ ਪੁਲਿਸ ਨੂੰ ਨਾਲ ਲੈਕੇ ਇਨ੍ਹਾਂ ਨਜ਼ਾਇਜ਼ ਕਬਜ਼ਿਆਂ 'ਤੇ ਕਾਰਵਾਈ ਕੀਤੀ ਗਈ ਹੈ। ਇਸ 'ਚ ਨਗਰ ਕੌਂਸਲ ਨੇ ਜੇਸੀਬੀ ਦੀ ਮਦਦ ਨਾਲ ਇੰਨ੍ਹਾਂ ਕੱਚੇ ਅੱਡਿਆਂ, ਜਿਸ 'ਚ ਫਲ ਫਰੂਟ, ਢਾਬੇ ਆਦਿ ਬਣਾਏ ਗਏ ਸਨ ਉਨ੍ਹਾਂ ਨੂੰ ਖਾਲੀ ਕਰਵਾਇਆ ਗਿਆ ਹੈ।