ਮੋਹਾਲੀ: ਪੰਜਾਬ ਦੇ ਮੋਹਾਲੀ 'ਚ ਸ਼ਨੀਵਾਰ ਸ਼ਾਮ ਨੂੰ ਇਕ ਬਹੁ-ਮੰਜ਼ਿਲਾ ਇਮਾਰਤ ਡਿੱਗਣ ਤੋਂ ਬਾਅਦ ਬਚਾਅ ਕਾਰਜ ਸਾਰੀ ਰਾਤ ਜਾਰੀ ਰਿਹਾ। NDRF ਅਧਿਕਾਰੀਆਂ ਮੁਤਾਬਕ 5 ਲੋਕ ਮਲਬੇ ਹੇਠਾਂ ਦੱਬੇ ਗਏ ਦੱਸੇ ਗਏ ਹਨ। ਇਨ੍ਹਾਂ ਵਿੱਚ 3 ਲੜਕੇ ਅਤੇ 2 ਲੜਕੀਆਂ ਸਨ। ਇਕ ਲੜਕੀ ਨੂੰ ਬੀਤੀ ਦੇਰ ਰਾਤ ਬਾਹਰ ਕੱਢਿਆ ਗਿਆ, ਪਰ ਉਸ ਦੀ ਹਾਲਤ ਨਾਜ਼ੁਕ ਸੀ, ਇਸ ਲਈ ਹਸਪਤਾਲ ਵਿਚ ਉਸ ਦੀ ਮੌਤ ਹੋ ਗਈ। ਉਥੇ ਹੀ ਹੁਣ ਇੱਕ ਹੋਰ ਲਾਸ਼ ਮਲਬੇ ਦੇ ਹੇਠਾਂ ਤੋਂ ਬਰਾਮਦ ਹੋਈ ਹੈ। ਮ੍ਰਿਤਕ ਦੀ ਪਛਾਣ ਅੰਬਾਲਾ ਦੇ ਰਹਿਣ ਵਾਲੇ ਅਭਿਸ਼ੇਕ ਵਜੋਂ ਹੋਈ ਹੈ। ਇਸ ਦੀ ਐਸਡੀਐਮ ਮੁਹਾਲੀ ਦਮਨਦੀਪ ਕੌਰ ਨੇ ਪੁਸ਼ਟੀ ਕੀਤੀ ਹੈ।
NDRF ਅਤੇ ਫੌਜ ਦੀਆਂ ਟੀਮਾਂ ਕੱਲ੍ਹ ਸ਼ਾਮ ਤੋਂ ਸ਼ੁਰੂ ਹੋਏ ਬਚਾਅ ਕਾਰਜ 'ਚ ਜੁਟੀਆਂ ਹੋਈਆਂ ਹਨ। ਅੱਜ ਸਵੇਰੇ ਡਾਕਟਰਾਂ ਦੀ ਟੀਮ ਨੂੰ ਵੀ ਮੌਕੇ 'ਤੇ ਬੁਲਾਇਆ ਗਿਆ ਹੈ। ਜਿਸ ਥਾਂ ’ਤੇ ਇਮਾਰਤ ਡਿੱਗੀ ਸੀ, ਉਹ ਥਾਂ ਸੀਵਰੇਜ ਦੇ ਪਾਣੀ ਨਾਲ ਭਰ ਗਈ ਹੈ, ਜਿਸ ਕਾਰਨ ਮਲਬੇ ਹੇਠ ਦੱਬੇ ਲੋਕਾਂ ਦੇ ਬਚਣ ਦੀ ਉਮੀਦ ਘੱਟ ਹੈ। ਫਿਲਹਾਲ ਲੈਂਟਰ ਨੂੰ ਕੱਟ ਕੇ ਮਲਬਾ ਹਟਾਉਣ ਦਾ ਕੰਮ ਚੱਲ ਰਿਹਾ ਹੈ। ਇਸ ਸਬੰਧੀ ਮੋਹਾਲੀ ਦੇ ਡੀਸੀ ਵਿਰਾਜ ਐਸ ਤਿੜਕੇ ਨੇ ਦੱਸਿਆ ਕਿ ਬੀਤੇ ਦਿਨ ਬਹੁ ਮੰਜ਼ਿਲਾ ਇਮਾਰਤ ਡਿੱਗਣ ਦਾ ਹਾਦਸਾ ਵਾਪਰਿਆ ਸੀ, ਜਿਸ 'ਚ ਕੁਝ ਲੋਕਾਂ ਦੇ ਹੇਠਾਂ ਦੱਬੇ ਹੋਣ ਦੀ ਖ਼ਬਰ ਹੈ। ਉਨ੍ਹਾਂ ਦੱਸਿਆ ਕਿ ਮਲਵੇ ਹੇਠਾਂ ਤੋਂ ਦੋ ਮ੍ਰਿਤਕਾਂ ਦੀਆਂ ਲਾਸ਼ਾਂ ਨੂੰ ਕੱਢ ਕੇ ਪਰਿਵਾਰਾਂ ਨੂੰ ਸੌਂਪ ਦਿੱਤਾ ਹੈ। ਇਸ ਦੇ ਨਾਲ ਹੀ ਉਨ੍ਹਾਂ ਦੱਸਿਆ ਕਿ ਪੁਲਿਸ ਵਲੋਂ ਕਾਰਵਾਈ ਵੀ ਕੀਤੀ ਜਾ ਰਹੀ ਹੈ।
ਹਾਦਸੇ 'ਚ ਦੋ ਲੋਕਾਂ ਦੀ ਮੌਤ
ਇਸ ਹਾਦਸੇ 'ਚ ਬੀਤੀ ਦੇ ਰਾਤ ਲੜਕੀ ਨੂੰ ਮਲਬੇ ਹੇਠਾਂ ਤੋਂ ਕੱਢਿਆ ਗਿਆ ਸੀ। ਲੜਕੀ ਦੀ ਪਛਾਣ ਦ੍ਰਿਸ਼ਟੀ ਵਰਮਾ (20) ਵਜੋਂ ਹੋਈਸੀ। ਉਹ ਹਿਮਾਚਲ ਪ੍ਰਦੇਸ਼ ਦੇ ਥੀਓਗ ਦੇ ਰਹਿਣ ਵਾਲੇ ਮਰਹੂਮ ਭਗਤ ਵਰਮਾ ਦੀ ਬੇਟੀ ਸੀ। ਨੈਸ਼ਨਲ ਡਿਜ਼ਾਸਟਰ ਮੈਨੇਜਮੈਂਟ ਫੋਰਸ ਨੇ ਉਸ ਨੂੰ ਗੰਭੀਰ ਹਾਲਤ 'ਚ ਮਲਬੇ 'ਚੋਂ ਕੱਢ ਕੇ ਸੋਹਾਣਾ ਹਸਪਤਾਲ 'ਚ ਭਰਤੀ ਕਰਵਾਇਆ ਸੀ, ਜਿਸ ਦੀ ਉਸ ਦੀ ਮੌਤ ਹੋ ਗਈ ਸੀ। ਇਸ ਤੋਂ ਇਲਾਵਾ ਬੀਤੇ ਕੱਲ੍ਹ ਤੋਂ ਚੱਲ ਰਹੇ ਬਚਾਅ ਕਾਰਜ਼ 'ਚ ਪੁਲਿਸ ਨੂੰ ਹੁਣ ਇੱਕ ਹੋਰ ਨੌਜਵਾਨ ਦੀ ਲਾਸ਼ ਬਰਾਮਦ ਹੋਈ ਹੈ। ਮੋਹਾਲੀ ਦੇ ਐਸਐਸਪੀ ਨੇ ਜਾਣਕਾਰੀ ਦਿੱਤੀ ਕਿ ਮ੍ਰਿਤਕ ਦੀ ਪਛਾਣ ਅੰਬਾਲਾ ਦੇ ਰਹਿਣ ਵਾਲੇ ਅਭਿਸ਼ੇਕ ਵਜੋਂ ਹੋਈ ਹੈ। ਅਭਿਸ਼ੇਕ ਦਾ ਪਰਿਵਾਰ ਅੰਬਾਲਾ ਦਾ ਰਹਿਣ ਵਾਲਾ ਹੈ। ਉਸ ਦਾ ਪਰਿਵਾਰ ਕੱਲ੍ਹ ਸ਼ਾਮ ਹੀ ਇਥੇ ਆ ਗਿਆ ਸੀ ਤੇ ਉਨ੍ਹਾਂ ਨੇ ਮ੍ਰਿਤਕ ਦੀ ਪਛਾਣ ਕਰ ਲਈ ਹੈ। ਅੱਜ ਅਭਿਸ਼ੇਕ ਦੀ ਲਾਸ਼ ਮਿਲਣ ਤੋਂ ਬਾਅਦ ਪਰਿਵਾਰਕ ਮੈਂਬਰਾਂ ਵਿੱਚ ਮਾਤਮ ਛਾ ਗਿਆ। ਬਚਾਅ ਕਾਰਜ 'ਚ ਅੜਚਨ ਨਾ ਆਵੇ, ਇਸ ਲਈ ਪੁਲਸ ਨੇ ਪਰਿਵਾਰਕ ਮੈਂਬਰਾਂ ਨੂੰ ਸੰਭਾਲਿਆ ਤੇ ਲਾਸ਼ ਨੂੰ ਪਰਿਵਾਰ ਸਮੇਤ ਹਸਪਤਾਲ ਪਹੁੰਚਾਇਆ।
ਘਟਨਾ ਸਥਾਨ 'ਤੇ ਪਹੁੰਚੇ ਪ੍ਰਤਾਪ ਬਾਜਵਾ
ਇਸ ਦੇ ਨਾਲ ਹੀ ਪੰਜਾਬ ਕਾਂਗਰਸ ਦੇ ਲੀਡਰ ਤੇ ਵਿਰੋਧੀ ਧਿਰ ਦੇ ਆਗੂ ਪ੍ਰਤਾਪ ਸਿੰਘ ਬਾਜਵਾ ਵਲੋਂ ਵੀ ਹਾਦਸੇ ਵਾਲੀ ਥਾਂ ਦਾ ਦੌਰਾ ਕੀਤਾ ਗਿਆ। ਇਸ ਦੌਰਾਨ ਉਨ੍ਹਾਂ ਦੇ ਨਾਲ ਸਾਬਕਾ ਮੰਤਰੀ ਬਲਬੀਰ ਸਿੱਧੂ ਵੀ ਮੌਜੂਦ ਸਨ। ਪ੍ਰਤਾਪ ਬਾਜਵਾ ਨੇ ਐਕਸ 'ਤੇ ਲਿਖਿਆ ਕਿ, ਮੋਹਾਲੀ ਦੇ ਸੋਹਾਣਾ ਸੈਣੀ ਬਾਗ ਨੇੜੇ ਉਸ ਥਾਂ ਦਾ ਦੌਰਾ ਕੀਤਾ, ਜਿੱਥੇ ਛੇ ਮੰਜ਼ਿਲਾ ਇਮਾਰਤ ਡਿੱਗ ਗਈ ਸੀ। ਘਟਨਾ ਤੋਂ ਬਾਅਦ ਅਣਥੱਕ ਚੱਲ ਰਹੇ ਬਚਾਅ ਕਾਰਜਾਂ ਦਾ ਜਾਇਜ਼ਾ ਲਿਆ। ਮੈਂ ਪ੍ਰਸ਼ਾਸਨ ਅਤੇ ਅਧਿਕਾਰੀਆਂ ਨੂੰ ਬੇਨਤੀ ਕਰਾਂਗਾ ਕਿ ਭਵਿੱਖ ਵਿੱਚ ਅਜਿਹੀਆਂ ਘਟਨਾਵਾਂ ਨਾ ਵਾਪਰਨ ਨੂੰ ਯਕੀਨੀ ਬਣਾਉਣ ਲਈ ਲੋੜੀਂਦੇ ਕਦਮ ਚੁੱਕੇ ਜਾਣ।
ਬਿਲਡਿੰਗ ਮਾਲਕਾਂ ਖਿਲਾਫ਼ ਮਾਮਲਾ ਦਰਜ
ਇਸ ਤੋਂ ਇਲਾਵਾ ਐਸਐਸਪੀ ਦੀਪਕ ਪਾਰੀਕ ਨੇ ਦੱਸਿਆ ਕਿ ਸਾਹਿਬਜ਼ਾਦਾ ਅਜੀਤ ਸਿੰਘ ਨਗਰ ਪੁਲਿਸ ਨੇ ਸ਼ਨੀਵਾਰ ਰਾਤ ਥਾਣਾ ਸੋਹਾਣਾ ਵਿਖੇ ਬਿਲਡਿੰਗ ਮਾਲਕਾਂ ਪਰਵਿੰਦਰ ਸਿੰਘ ਅਤੇ ਗਗਨਦੀਪ ਸਿੰਘ ਵਾਸੀ ਚਾਓ ਮਾਜਰਾ ਦੇ ਖਿਲਾਫ ਬੀ.ਐਨ.ਐਸ ਦੀ ਧਾਰਾ 105 ਤਹਿਤ ਮਾਮਲਾ ਦਰਜ ਕਰ ਲਿਆ ਹੈ।
ਪ੍ਰਸ਼ਾਸਨ ਵਲੋਂ ਰਾਹਤ ਕਾਰਜ ਜਾਰੀ
NDRF ਦੇ ਨਾਲ ਫੌਜ ਦੀਆਂ ਟੀਮਾਂ ਨੇ ਮੌਕੇ 'ਤੇ ਰਾਤ ਭਰ ਬਚਾਅ ਕਾਰਜ ਚਲਾਇਆ। ਜੇਸੀਬੀ ਮਸ਼ੀਨਾਂ ਦੀ ਮਦਦ ਨਾਲ ਮੌਕੇ ਤੋਂ ਮਲਬਾ ਹਟਾਇਆ ਜਾ ਰਿਹਾ ਹੈ। ਡਾਗ ਸਕੁਐਡ ਟੀਮਾਂ ਵੀ ਪਹੁੰਚ ਗਈਆਂ ਹਨ। ਹਾਦਸੇ 'ਚ ਵਾਲ-ਵਾਲ ਬਚੇ ਜਿਮ ਟ੍ਰੇਨਰ ਮੁਤਾਬਕ ਇਮਾਰਤ ਦੀਆਂ 3 ਮੰਜ਼ਿਲਾਂ 'ਤੇ ਜਿੰਮ ਸਨ ਅਤੇ ਬਾਕੀ 2 ਮੰਜ਼ਿਲਾਂ 'ਤੇ ਲੋਕ ਕਿਰਾਏ 'ਤੇ ਰਹਿੰਦੇ ਸਨ। ਇਸ ਦੌਰਾਨ ਇਕ ਔਰਤ ਆਪਣੇ ਪਤੀ ਨੂੰ ਲੱਭਣ ਲਈ ਮੌਕੇ 'ਤੇ ਪਹੁੰਚ ਗਈ। ਉਸ ਦਾ ਪਤੀ ਇੱਥੇ ਜਿੰਮ ਕਰਨ ਆਇਆ ਸੀ। ਹਾਦਸੇ ਦੇ ਬਾਅਦ ਤੋਂ ਉਸ ਦਾ ਫੋਨ ਬੰਦ ਹੈ।
ਔਰਤ ਆਪਣੇ ਪਤੀ ਨੂੰ ਲੱਭਣ ਆਈ
ਹਾਦਸੇ ਤੋਂ ਬਾਅਦ ਇਕ ਔਰਤ ਆਪਣੇ ਪਤੀ ਨੂੰ ਲੱਭਣ ਲਈ ਮੌਕੇ 'ਤੇ ਪਹੁੰਚ ਗਈ। ਮਹਿਲਾ ਦੇ ਪਤੀ ਦਾ ਨਾਂ ਅਭਿਸ਼ੇਕ ਹੈ, ਜੋ ਜਿੰਮ ਆਇਆ ਸੀ। ਮੌਕੇ 'ਤੇ ਪਹੁੰਚੇ ਇੱਕ ਨਿੱਜੀ ਕੰਪਨੀ ਦੇ ਮੈਨੇਜਰ ਨੇ ਦੱਸਿਆ ਕਿ ਸਾਡੇ ਦਫ਼ਤਰ ਵਿੱਚ ਇੱਕ ਔਰਤ ਕੰਮ ਕਰਦੀ ਹੈ। ਉਸ ਦਾ ਪਤੀ ਇਸ ਇਮਾਰਤ ਵਿੱਚ ਜਿੰਮ ਕਰਨ ਆਉਂਦਾ ਸੀ। ਉਹ ਹਰ ਰੋਜ਼ ਆਪਣੀ ਪਤਨੀ ਨੂੰ ਲੈਣ ਦਫ਼ਤਰ ਆਉਂਦਾ ਸੀ। ਸ਼ਨੀਵਾਰ ਨੂੰ ਜਦੋਂ ਉਹ ਉਸ ਨੂੰ ਲੈਣ ਨਹੀਂ ਪਹੁੰਚਿਆ ਤਾਂ ਔਰਤ ਕੈਬ ਲੈ ਕੇ ਇੱਥੇ ਪਹੁੰਚ ਗਈ (ਜਿੱਥੇ ਇਮਾਰਤ ਡਿੱਗ ਗਈ)। ਇੱਥੇ ਇਹ ਗੱਲ ਸਾਹਮਣੇ ਆਈ ਕਿ ਇਮਾਰਤ ਢਹਿ ਗਈ ਹੈ।