Raod Accident in Amritsar (ETV BHARAT AMRITSAR) ਅੰਮ੍ਰਿਤਸਰ: ਪਿਛਲੇ ਦਿਨੀ ਫਤਿਹਗੜ੍ਹ ਚੂੜੀਆਂ ਰੋਡ 'ਤੇ ਪਿੰਡ ਰਾਮਪੁਰਾ ਵਿਖੇ ਸਕੂਟਰੀ ਸਵਾਰ ਇੱਕ ਪਰਿਵਾਰ ਦੇ ਤਿੰਨ ਮੈਬਰਾਂ ਦਾ ਇੱਕ ਟਰੈਕਟਰ ਟਰਾਲੀ ਦੇ ਨਾਲ ਸੜਕ ਹਾਦਸਾ ਹੋਣ ਦਾ ਮਾਮਲਾ ਸਾਹਮਣੇ ਆਇਆ ਸੀ। ਜਿਸ ਵਿੱਚ ਸਕੂਟਰੀ 'ਤੇ ਸਵਾਰ ਮਾਂ ਅਤੇ ਧੀ ਦੀ ਮੌਤ ਹੋ ਗਈ, ਜਿਨਾਂ ਦਾ ਪੋਸਟਮਾਰਟਮ ਕਰਵਾਇਆ ਗਿਆ ਹੈ। ਉਧਰ ਪੁਲਿਸ ਵਲੋਂ ਸੜਕ ਹਾਦਸੇ ਦਾ ਮਾਮਲਾ ਨਾ ਦਰਜ ਕਰਨ ਦਾ ਪਰਿਵਾਰ ਨੇ ਇਲਜ਼ਾਮ ਲਾਇਆ ਹੈ ਤੇ ਕਿਹਾ ਕਿ ਉਨ੍ਹਾਂ ਉਤੇ ਰਾਜ਼ੀਨਾਮਾ ਕਰਨ ਦਾ ਦਬਾਅ ਪਾਇਆ ਜਾ ਰਿਹਾ ਹੈ।
ਸੜਕ ਹਾਦਸੇ ਪਤਨੀ ਤੇ ਧੀ ਦੀ ਮੌਤ:ਇਸ ਮੌਕੇ ਮ੍ਰਿਤਕ ਦੇ ਪਤੀ ਨੇ ਮੀਡੀਆ ਨੂੰ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਉਹ ਮੁਰਾਦਪੁਰਾ ਪਿੰਡ ਦੇ ਰਹਿਣ ਵਾਲੇ ਹਨ। ਉਨ੍ਹਾਂ ਦੱਸਿਆ ਕਿ ਜਦੋਂ 19 ਅਪ੍ਰੈਲ ਨੂੰ ਉਹ ਕਿਸੇ ਪ੍ਰੋਗਰਾਮ 'ਚ ਸ਼ਾਮਲ ਹੋਣ ਲਈ ਘਰ ਤੋਂ ਜਾ ਰਹੇ ਸੀ ਤਾਂ ਰਸਤੇ 'ਚ ਪਿੰਡ ਰਾਮਪੁਰਾ ਨੇੜੇ ਅੱਗੇ ਜਾ ਰਹੇ ਟਰੈਕਟਰ ਟਰਾਲੀ ਵਲੋਂ ਪਾਸ ਦੇਣ ਤੋਂ ਬਾਅਦ ਇਕਦਮ ਸਾਈਡ ਮਾਰ ਦਿੱਤੀ। ਜਿਸ ਕਾਰਨ ਉਨ੍ਹਾਂ ਦੀ ਧੀ ਅਤੇ ਪਤਨੀ ਟਰਾਲੀ ਦੇ ਟਾਇਰਾਂ ਹੇਠ ਆ ਗਏ। ਜਿਸ ਕਾਰਨ ਉਨ੍ਹਾਂ ਦੀ ਮੌਤ ਹੋ ਗਈ।
ਪਰਿਵਾਰ ਦੇ ਪੁਲਿਸ 'ਤੇ ਇਲਜ਼ਾਮ: ਇਸ ਦੌਰਾਨ ਮ੍ਰਿਤਕਾ ਦੇ ਭਰਾ ਦਾ ਕਹਿਣਾ ਕਿ ਪੁਲਿਸ ਵਲੋਂ ਸਾਡੇ 'ਤੇ ਰਾਜ਼ੀਨਾਮਾ ਕਰਨ ਦਾ ਦਬਾਅ ਪਾਇਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਟਰੈਕਟਰ ਟਰਾਲੀ ਦੇ ਮਾਲਕਾਂ ਵਲੋਂ ਸਾਡੀ ਮਦਦ ਕਰਨ ਦੀ ਬਜਾਏ ਸਾਨੂੰ ਧਮਕੀਆਂ ਦਿੱਤੀਆਂ ਜਾ ਰਹੀਆਂ ਹਨ। ਉਨ੍ਹਾਂ ਕਿਹਾ ਕਿ ਪਰਿਵਾਰ ਪੁਲਿਸ ਨੂੰ ਟਰੈਕਟਰ ਟਰਾਲੀ ਚਾਲਕ ਖਿਲਾਫ਼ ਮਾਮਲਾ ਦਰਜ ਕਰਨ ਲਈ ਕਹਿ ਰਿਹਾ ਹੈ ਪਰ ਪੁਲਿਸ ਵਲੋਂ ਮਾਮਲਾ ਦਰਜ ਨਹੀਂ ਕੀਤਾ ਜਾ ਰਿਹਾ। ਉਨ੍ਹਾਂ ਪੁਲਿਸ ਤੋਂ ਇਨਸਾਫ਼ ਦੀ ਮੰਗ ਕਰਦਿਆਂ ਮੁਲਜ਼ਮਾਂ ਖਿਲਾਫ਼ ਸਖ਼ਤ ਤੋਂ ਸਖ਼ਤ ਕਾਰਵਾਈ ਦੀ ਮੰਗ ਕੀਤੀ ਹੈ।
ਪੁਲਿਸ ਨੇ ਕਾਰਵਾਈ ਦੀ ਆਖੀ ਗੱਲ: ਜਦੋਂ ਇਸ ਮੌਕੇ ਮ੍ਰਿਤਕ ਦੇਹ ਦੇ ਨਾਲ ਆਏ ਪੁਲਿਸ ਅਧਿਕਾਰੀ ਨਾਲ ਗੱਲਬਾਤ ਕੀਤੀ ਗਈ ਤਾਂ ਪਹਿਲਾਂ ਉਨ੍ਹਾਂ ਵਲੋਂ ਕੁਝ ਵੀ ਬੋਲਣ ਤੋਂ ਇਨਕਾਰ ਕਰਦਿਆਂ ਆਪਣੇ ਸੀਨੀਅਰ ਅਧਿਕਾਰੀਆਂ 'ਤੇ ਗੱਲ ਸੁੱਟਣ ਦੀ ਕੋਸ਼ਿਸ਼ ਕੀਤੀ ਗਈ। ਜਿਸ ਤੋਂ ਬਾਅਦ ਉਨ੍ਹਾਂ ਕਿਹਾ ਕਿ ਸਾਨੂੰ ਪੀੜਿਤ ਪਰਿਵਾਰ ਨੇ ਸ਼ਿਕਾਇਤ ਦਿੱਤੀ ਸੀ ਕਿ ਉਹ ਆਪਣੀ ਸਕੂਟਰੀ 'ਤੇ ਜਾ ਰਹੇ ਸਨ ਤਾਂ ਸੰਤੁਲਨ ਵਿਗੜ ਜਾਣ ਕਾਰਨ ਸਕੂਟੀ ਹੇਠਾਂ ਡਿੱਗ ਗਈ, ਜਿਸ ਕਾਰਨ ਪਤਨੀ ਤੇ ਧੀ ਟਰਾਲੀ ਦੇ ਟਾਇਰਾਂ ਹੇਠ ਆ ਗਏ। ਇਸ ਦੌਰਾਨ ਜਦੋਂ ਪੁਲਿਸ ਅਧਿਕਾਰੀ ਨੂੰ ਪਰਿਵਾਰ ਦੇ ਰਾਜ਼ੀਨਾਮਾ ਕਰਵਾਉਣ ਦੇ ਇਲਜ਼ਾਮਾਂ ਬਾਰੇ ਪੁੱਛਿਆ ਗਿਆ ਤਾਂ ਉਨ੍ਹਾਂ ਕਿਹਾ ਕਿ ਉਹ ਰਾਜ਼ੀਨਾਮਾ ਕਿਉਂ ਕਰਵਾਉਣਗੇ, ਸਗੋਂ ਪਰਿਵਾਰ ਜੋ ਵੀ ਬਿਆਨ ਦਰਜ ਕਰਵਾਏਗਾ, ਉਸ ਅਨੁਸਾਰ ਕਾਰਵਾਈ ਕੀਤੀ ਜਾਵੇਗੀ।