ਸੂਬੇ ਚ ਟੋਲ ਪਲਾਜ਼ਿਆਂ ਦੀ ਲੁੱਟ (ETV BHARAT) ਲੁਧਿਆਣਾ: ਪੰਜਾਬ ਦੇ ਵਿੱਚ ਨੈਸ਼ਨਲ ਹਾਈਵੇ ਅਥਾਰਟੀ ਅਤੇ ਸਟੇਟ ਦੇ ਲੱਗਭਗ 42 ਤੋਂ ਵੱਧ ਟੋਲ ਪਲਾਜ਼ਾ ਹਨ, ਜੋ ਪੂਰੇ ਪੰਜਾਬ ਭਰ ਦੇ ਵਿੱਚ ਫੈਲੇ ਹੋਏ ਹਨ। ਪੰਜਾਬੀਆਂ ਨੂੰ ਇਹਨਾਂ ਟੋਲ ਟੈਕਸਾਂ ਤੋਂ ਲੰਘਣ ਲਈ ਆਪਣੀ ਜੇਬ੍ਹ ਢਿੱਲੀ ਕਰਨੀ ਪੈਂਦੀ ਹੈ। ਲੁਧਿਆਣਾ ਦਾ ਸਭ ਤੋਂ ਮਹਿੰਗਾ ਲਾਡੋਵਾਲ ਟੋਲ ਪਲਾਜ਼ਾ ਹੈ, ਜਿਸ ਦੀ ਇੱਕ ਪਾਸੇ ਦੀ ਫੀਸ 220 ਰੁਪਏ ਹੈ ਅਤੇ ਜੇਕਰ ਤੁਹਾਡੇ ਕੋਲ ਫਾਸਟੈਗ ਨਹੀਂ ਹੈ ਤਾਂ 400 ਤੋਂ ਵੱਧ ਦੀ ਕੀਮਤ ਵਸੂਲੀ ਜਾਂਦੀ ਹੈ। ਇਸੇ ਕਰਕੇ ਇਸ ਟੋਲ ਪਲਾਜ਼ਾ ਨੂੰ ਪਿਛਲੇ ਪੰਜ ਦਿਨਾਂ ਤੋਂ ਕਿਸਾਨ ਜਥੇਬੰਦੀਆਂ ਵੱਲੋਂ ਮੁਫਤ ਕਰ ਦਿੱਤਾ ਗਿਆ ਹੈ। ਕਿਸਾਨ ਜਥੇਬੰਦੀਆਂ ਨੇ ਕਿਹਾ ਕਿ ਟੋਲ ਪਲਾਜ਼ਾ ਜਾਂ ਤਾਂ ਬੰਦ ਕੀਤਾ ਜਾਵੇ ਜਾਂ ਫਿਰ ਇਸ ਦੀਆਂ ਕੀਮਤਾਂ ਘਟਾਈਆਂ ਜਾਣ ਕਿਉਂਕਿ ਸੁਵਿਧਾਵਾਂ ਦੇ ਨਾਂ 'ਤੇ ਇੱਥੇ ਕੁਝ ਨਹੀਂ ਹੈ।
NHAI ਦੇ ਕਿੰਨੇ ਟੋਲ:ਪੰਜਾਬ ਦੇ ਵਿੱਚ ਜੇਕਰ ਨੈਸ਼ਨਲ ਹਾਈਵੇ ਅਥਾਰਟੀ ਆਫ ਇੰਡੀਆ ਦੇ ਟੋਲ ਟੈਕਸਾਂ ਦੀ ਗੱਲ ਕੀਤੀ ਜਾਵੇ ਤਾਂ ਕਾਲਾਝਾੜ ਟੋਲ ਪਲਾਜ਼ਾ, ਕੋਟ ਕਰੋੜਾਂ ਕਲਾਂ ਪਲਾਜ਼ਾ, ਜਿੱਦਾਂ ਟੋਲ ਪਲਾਜ਼ਾ ਅੰਮ੍ਰਿਤਸਰ ਵਾਹਗਾ ਬਾਰਡਰ, ਚਲੋਂਗ ਟੋਲ ਪਲਾਜ਼ਾ ਜਲੰਧਰ ਤੋਂ ਪਠਾਨਕੋਟ, ਦੱਪਰ ਅੰਬਾਲਾ ਜ਼ੀਰਕਪੁਰ, ਦਾਰਾਪੁਰ ਲੁਧਿਆਣਾ ਤਲਵੰਡੀ, ਢਿੱਲਵਾਂ ਜਲੰਧਰ ਅੰਮ੍ਰਿਤਸਰ, ਫਿਰੋਜ ਸ਼ਾਹ ਤਲਵੰਡੀ ਭਾਈ ਫਿਰੋਜ਼ਪੁਰ, ਘੁਲਾਲ ਖਰੜ ਲੁਧਿਆਣਾ, ਚੌਂਕੀਮਾਨ ਦਾਖਾ ਜਗਰਾਉਂ, ਬਹਿਰਾਮਪੁਰ ਕੁਰਾਲੀ ਕੀਰਤਪੁਰ, ਮਿਲਕ ਮਾਜਰਾ ਯਮੁਨਾ ਨਗਰ ਪੰਚਕੁਲਾ, ਵਰਿਆਮ ਨੰਗਲ ਪਠਾਨਕੋਟ ਅੰਮ੍ਰਿਤਸਰ ਆਦਿ ਵਰਗੇ ਤਿੰਨ ਦਰਜਨ ਤੋਂ ਵੱਧ ਟੋਲ ਪਲਾਜ਼ਾ ਪੰਜਾਬ ਭਰ ਦੇ ਵਿੱਚ ਸਥਿਤ ਹਨ। ਜਿਨਾਂ ਤੋਂ ਲੰਘਣ ਲਈ ਪੰਜਾਬੀਆਂ ਨੂੰ ਰੋਜ਼ਾਨਾ ਕਰੋੜਾਂ ਰੁਪਏ ਦੀ ਜੇਬ੍ਹ ਢਿੱਲੀ ਕਰਨੀ ਪੈਂਦੀ ਹੈ।
ਲਾਡੋਵਾਲ ਟੋਲ ਪਲਾਜ਼ਾ: ਪੰਜਾਬ ਦਾ ਸਭ ਤੋਂ ਮਹਿੰਗਾ ਲਾਡੋਵਾਲ ਟੋਲ ਪਲਾਜ਼ਾ ਹੈ, ਜੋ ਸਤਲੁਜ ਦਰਿਆ 'ਤੇ ਸਥਿਤ ਹੈ। ਇਸ ਟੋਲ ਟੈਕਸ 'ਤੇ ਲਾਈਟ ਵਹੀਕਲ ਦੀ ਇੱਕ ਸਾਈਡ ਦੀ ਫੀਸ 220 ਰੁਪਏ ਹੈ। ਜਦੋਂ ਕਿ ਰਾਊਂਡ ਟਰਿੱਪ 330 ਰੁਪਏ ਹੈ। ਉਥੇ ਹੀ ਮਹੀਨਾਵਾਰ ਪਾਸ 7360 ਰੁਪਏ ਦਾ ਬਣਦਾ ਹੈ। ਇਸ ਤੋਂ ਇਲਾਵਾ ਐਲਸੀਵੀ, ਐਲਜੀਵੀ, ਮਿੰਨੀ ਬੱਸ ਦਾ ਕਿਰਾਇਆ 355 ਇੱਕ ਪਾਸੇ ਦਾ ਅਤੇ ਰਾਊਂਡ ਟਰਿੱਪ 535 ਰੁਪਏ ਹੈ। ਉਥੇ ਹੀ ਮਹੀਨਾਵਾਰ ਪਾਸ 11 ਹਜ਼ਾਰ 885 ਰੁਪਏ ਹੈ। ਇਸੇ ਤਰ੍ਹਾਂ ਬੱਸ ਜਾਂ ਫਿਰ ਟਰੱਕ ਡਬਲ ਐਕਸਐਲ ਦਾ ਕਿਰਾਇਆ 745 ਰੁਪਏ ਇੱਕ ਪਾਸੇ ਦਾ ਰਾਊਂਡ ਟਰਿੱਪ 1120 ਅਤੇ ਮਹੀਨਾਵਰ ਪਾਸ 24,905 ਰੁਪਏ ਦਾ ਬਣਦਾ ਹੈ।
ਕਿਸਾਨ ਜਥੇਬੰਦੀਆਂ ਨੇ ਲਾਇਆ ਮੋਰਚਾ:ਇਸ ਨੂੰ ਲੈ ਕੇ ਪੰਜਾਬ ਕਿਸਾਨ ਮਜ਼ਦੂਰ ਯੂਨੀਅਨ ਅਤੇ ਭਾਰਤੀ ਕਿਸਾਨ ਯੂਨੀਅਨ ਦੁਆਬਾ ਵੱਲੋਂ ਪੱਕੇ ਤੌਰ 'ਤੇ ਪਿਛਲੇ ਸ਼ਨੀਵਾਰ ਤੋਂ ਇਸ ਟੋਲ ਪਲਾਜ਼ਾ 'ਤੇ ਧਰਨਾ ਲਗਾਇਆ ਹੋਇਆ ਹੈ। ਉਨ੍ਹਾਂ ਵਲੋਂ ਟੋਲ ਦੀਆਂ ਕੀਮਤਾਂ ਘੱਟ ਕਰਨ ਦੀ ਮੰਗ ਕੀਤੀ ਜਾ ਰਹੀ ਹੈ। ਦਿਲਬਾਗ ਸਿੰਘ ਗਿੱਲ ਪ੍ਰਧਾਨ ਭਾਰਤੀ ਕਿਸਾਨੀ ਯੂਨੀਅਨ ਦੁਆਬਾ ਨੇ ਕਿਹਾ ਕਿ ਇਹ ਲੋਕਾਂ ਨਾਲ ਧੱਕਾ ਹੈ। ਉਹਨਾਂ ਕਿਹਾ ਕਿ ਜਿੱਥੇ ਜਾਣ ਲਈ 500 ਦਾ ਤੇਲ ਲੱਗਦਾ ਹੈ ਤਾਂ ਉੱਥੇ ਹੀ ਹਜ਼ਾਰ ਰੁਪਏ ਦਾ ਟੋਲ ਟੈਕਸ ਦੇਣਾ ਪੈਂਦਾ ਹੈ। ਉਹਨਾਂ ਨੇ ਕਿਹਾ ਕਿ ਟੋਲ ਦੀ ਪਰਚੀ ਪਹਿਲੀ ਵਾਲੀ ਕੀਮਤ ਦੀ ਹੋਣੀ ਚਾਹੀਦੀ ਹੈ ਅਤੇ ਸੁਵਿਧਾਵਾਂ ਵੀ ਹੋਣੀ ਚਾਹੀਦੀਆਂ ਹਨ। ਉਹਨਾਂ ਕਿਹਾ ਕਿ 24 ਘੰਟੇ ਤੱਕ ਪਰਚੀ ਵੈਲਿਡ ਹੋਣੀ ਚਾਹੀਦੀ ਹੈ।
ਸੂਬੇ ਚ ਟੋਲ ਪਲਾਜ਼ਿਆਂ ਦੀ ਲੁੱਟ (ETV BHARAT) ਟੋਲ ਟੈਕਸ ਦਾ ਆਮ ਲੋਕਾਂ 'ਤੇ ਬੋਝ ਹੈ। ਅੱਜ ਚਾਰ ਤੋਂ ਪੰਜ ਦਿਨ ਹੋ ਚੁੱਕੇ ਤੇ ਪ੍ਰਸ਼ਾਸਨ ਨੇ ਸਿਰਫ਼ ਮੰਗ ਪੱਤਰ ਲਿਆ ਹੈ ਪਰ ਅੱਗੇ ਕਾਰਵਾਈ ਕੋਈ ਨਹੀਂ ਕੀਤੀ। ਟੋਲ ਟੈਕਸ ਬੰਦ ਹੋਣ ਕਾਰਨ ਲੋਕ ਰਾਹਤ ਮਹਿਸੂਸ ਕਰ ਰਹੇ ਹਨ। ਵੱਡੀ ਗਿਣਤੀ 'ਚ ਜੋ ਲੋਕਾਂ ਦੀ ਟੋਲ ਟੈਕਸ ਰਾਹੀ ਲੁੱਟ ਹੁੰਦੀ ਸੀ, ਉਹ ਰੁਕੀ ਹੋਈ ਹੈ। ਆਮ ਲੋਕਾਂ ਨੂੰ ਸੜਕ 'ਤੇ ਚੱਲਦਿਆਂ ਸਹੂਲਤ ਤਾਂ ਮਿਲਦੀ ਨਹੀਂ ਸਗੋਂ ਟੋਲ ਟੈਕਸ ਰਾਹੀ ਜੇਬ੍ਹ 'ਤੇ ਬੋਝ ਹੋਰ ਵਧਾ ਦਿੱਤਾ ਜਾਂਦਾ ਹੈ। ਜਦੋਂ ਤੱਕ ਸਾਡੀਆਂ ਮੰਗਾਂ ਪੂਰੀਆਂ ਨਹੀਂ ਹੁੰਦੀਆਂ, ਇਹ ਧਰਨਾ ਇਸ ਤਰ੍ਹਾਂ ਹੀ ਚੱਲਦਾ ਰਹੇਗਾ।- ਦਿਲਬਾਗ ਸਿੰਘ ਗਿੱਲ, ਕਿਸਾਨ ਆਗੂ
ਪੰਜਾਬੀਆਂ ਦੀ ਰਾਏ: ਪੰਜਾਬ ਦੇ ਵਿੱਚ ਟੋਲ ਟੈਕਸਾਂ ਨੂੰ ਲੈ ਕੇ ਜਦੋਂ ਰਾਹਗੀਰਾਂ ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਨੇ ਕਿਹਾ ਕਿ ਪੰਜਾਬ ਦੇ ਵਿੱਚ ਟੋਲ ਟੈਕਸ ਬੰਦ ਹੋਣੇ ਚਾਹੀਦੇ ਹਨ। ਉਹਨਾਂ ਕਿਹਾ ਕਿ ਸਰਕਾਰ ਰੋਡ ਟੈਕਸ ਦੇ ਨਾਂ 'ਤੇ ਲੱਖਾਂ ਰੁਪਏ ਗੱਡੀਆਂ ਤੋਂ ਲੈਂਦੀ ਹੈ। ਇਸ ਤੋਂ ਇਲਾਵਾ ਸੜਕ ਬੁਨਿਆਦੀ ਸਹੂਲਤ ਵਿੱਚ ਆਉਂਦੀ ਹੈ ਅਤੇ ਸੜਕਾਂ ਬਣਾਉਣ ਲਈ ਵੀ ਜੇਕਰ ਲੋਕਾਂ ਤੋਂ ਹੀ ਪੈਸੇ ਇਕੱਠੇ ਕਰਨੇ ਹਨ ਤਾਂ ਇਹ ਸਹੀ ਨਹੀਂ ਹੈ। ਕਿਸਾਨ ਯੂਨੀਅਨ ਦੇ ਆਗੂਆਂ ਨੇ ਕਿਹਾ ਕਿ ਹਰ ਮਹੀਨੇ ਕਰੋੜਾਂ ਰੁਪਏ ਪੈਚਵਰਕ ਦੇ ਨਾਂ 'ਤੇ ਇਕੱਠੇ ਹੁੰਦੇ ਹਨ ਅਤੇ ਉਹ ਪੈਸੇ ਕਿੱਥੇ ਸਰਕਾਰ ਲਾਉਂਦੀ ਹੈ ਇਸ ਦਾ ਹਿਸਾਬ ਦੇਣ ਦੀ ਲੋੜ ਹੈ। ਟਰੱਕ ਡਰਾਈਵਰਾਂ ਨੇ ਕਿਹਾ ਕਿ ਪੰਜਾਬ ਦੇ ਵਿੱਚ ਟੋਲ ਟੈਕਸ ਇੰਨੇ ਜਿਆਦਾ ਹਨ ਕਿ ਹਰ ਰੋਡ 'ਤੇ ਟੋਲ ਟੈਕਸ ਅਦਾ ਕਰਨਾ ਪੈਂਦਾ ਹੈ। ਉਹਨਾਂ ਨੇ ਕਿਹਾ ਕਿ ਮੁੱਦਾ ਟੋਲ ਟੈਕਸ ਦੇਣ ਦਾ ਨਹੀਂ ਹੈ ਪਰ ਸੜਕਾਂ ਟੁੱਟੀਆਂ ਹੋਈਆਂ ਹਨ। ਜੇਕਰ ਟੋਲ ਲੈਣਾ ਹੀ ਹੈ ਤਾਂ ਉਸ ਦੇ ਬਦਲੇ ਵਿੱਚ ਸੁਵਿਧਾਵਾਂ ਵੀ ਵਾਹਨਾਂ ਨੂੰ ਦੇਣੀਆਂ ਚਾਹੀਦੀਆਂ ਹਨ। ਉਹਨਾਂ ਨੇ ਕਿਹਾ ਕਿ ਕਿਸੇ ਵੀ ਟੋਲ ਪਲਾਜ਼ਾ ਦੇ ਪਖਾਨੇ ਤੱਕ ਨਹੀਂ ਬਣੇ ਹਨ। ਅਜਿਹੇ ਦੇ ਵਿੱਚ ਟੋਲ ਪਲਾਜ਼ਿਆਂ 'ਤੇ ਕੋਈ ਵੀ ਜਾਂਚ ਨਹੀਂ ਕਰਦਾ।