ਮਹਿੰਦਰ ਸਿੰਘ ਕੇਪੀ ਸ੍ਰੀ ਹਰਿਮੰਦਰ ਸਾਹਿਬ ਹੋਏ ਨਤਮਸਤਕ ਅੰਮ੍ਰਿਤਸਰ :ਲੋਕ ਸਭਾ ਚੋਣਾਂ ਤੋਂ ਪਹਿਲਾਂ ਪੰਜਾਬ ਕਾਂਗਰਸ ਨੂੰ ਇੱਕ ਵਾਰ ਫਿਰ ਵੱਡੇ ਝਟਕਾ ਲੱਗਾ ਹੈ। ਦੱਸ ਦਈਏ ਕਿ ਸੀਨੀਅਰ ਕਾਂਗਰਸੀ ਆਗੂ ਅਤੇ ਪੰਜਾਬ ਦੇ ਜਲੰਧਰ ਤੋਂ ਸੰਸਦ ਮੈਂਬਰ ਰਹੇ ਮਹਿੰਦਰ ਸਿੰਘ ਕੇਪੀ ਕਾਂਗਰਸ ਛੱਡ ਸ਼੍ਰੋਮਣੀ ਅਕਾਲੀ ਦਲ ਵਿੱਚ ਸ਼ਾਮਲ ਹੋ ਗਏ ਹਨ। ਜਾਣਕਾਰੀ ਅਨੁਸਾਰ ਦੇਰ ਰਾਤ ਸਾਬਕਾ ਮੁੱਖ ਮੰਤਰੀ ਅਤੇ ਜਲੰਧਰ ਲੋਕ ਸਭਾ ਸੀਟ ਤੋਂ ਉਮੀਦਵਾਰ ਚਰਨਜੀਤ ਸਿੰਘ ਚੰਨੀ ਕੇਪੀ ਨੂੰ ਮਨਾਉਣ ਲਈ ਉਨ੍ਹਾਂ ਦੇ ਘਰ ਪਹੁੰਚੇ ਸੀ। ਪਰ ਇਹ ਕੋਸ਼ਿਸ਼ ਨਾਕਾਮ ਰਹੀ।
ਪ੍ਰਧਾਨ ਸੁਖਬੀਰ ਸਿੰਘ ਬਾਦਲ ਦਾ ਕੀਤਾ ਧੰਨਵਾਦ: ਸ਼੍ਰੋਮਣੀ ਅਕਾਲੀ ਦਲ (ਬਾਦਲ) ਤੋਂ ਟਿਕਟ ਮਿਲਣ ਤੋਂ ਬਾਅਦ ਮਹਿੰਦਰ ਸਿੰਘ ਕੇਪੀ ਅੱਜ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿੱਚ ਨਤਮਸਤਕ ਹੋਣ ਲਈ ਪੁਹੰਚੇ ਹਨ। ਇਸ ਮੌਕੇ ਉਨ੍ਹਾਂ ਨਾਲ ਪਾਰਟੀ ਦੇ ਹੋਰ ਆਗੂ ਅਤੇ ਵਰਕਰ ਵੀ ਮੌਜੂਦ ਸਨ। ਇਸ ਮੌਕੇ ਮਹਿੰਦਰ ਸਿੰਘ ਕੇਪੀ ਨੇ ਗੁਰੂ ਘਰ ਵਿੱਚ ਮੱਥਾ ਟੇਕਿਆ ਤੇ ਸਰਬਤ ਦੇ ਭਲੇ ਦੀ ਅਰਦਾਸ ਕੀਤੀ ਅਤੇ ਟਿਕਟ ਮਿਲਣ ਲਈ ਵਾਹਿਗੁਰੂ ਦਾ ਸ਼ੁਕਰਾਨਾ ਅਦਾ ਕੀਤਾ। ਉਨ੍ਹਾਂ ਕਿਹਾ ਕਿ ਮੈਂ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦਾ ਧੰਨਵਾਦ ਕਰਦਾ ਹਾਂ, ਜਿਨ੍ਹਾ ਨੇ ਮੈਨੂੰ ਜਲੰਧਰ ਲੋਕ ਸਭਾ ਹਲਕੇ ਤੋਂ ਅਕਾਲੀ ਦਲ ਦਾ ਉਮੀਦਵਾਰ ਐਲਾਨਿਆ ਹੈ।
ਪ੍ਰਧਾਨ ਸੁਖਬੀਰ ਸਿੰਘ ਬਾਦਲ ਦਾ ਕੀਤਾ ਧੰਨਵਾਦ: ਉਨ੍ਹਾਂ ਕਿਹਾ ਕਿ ਮੈਂ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦਾ ਧੰਨਵਾਦੀ ਹਾਂ, ਜਿਨ੍ਹਾਂ ਨੇ ਮੈਨੂੰ ਜਲੰਧਰ ਲੋਕ ਸਭਾ ਹਲਕੇ ਤੋਂ ਅਕਾਲੀ ਦਲ ਦਾ ਉਮੀਦਵਾਰ ਐਲਾਨਿਆ ਹੈ। ਮੈਂ ਗੁਰੂ ਘਰ ਵਿੱਚ ਸਿਰ ਝੁਕਾ ਕੇ ਆਪਣੀ ਚੋਣ ਮੁਹਿੰਮ ਦੀ ਸ਼ੁਰੂਆਤ ਉਨ੍ਹਾਂ ਵੱਲੋਂ ਦਿੱਤੇ ਭਰੋਸੇ 'ਤੇ ਕਰਾਂਗਾ। ਉਨ੍ਹਾਂ ਕਿਹਾ ਕਿ ਉਹ ਗੁਰੂ ਰਾਮਦਾਸ ਮਹਾਰਾਜ ਜੀ ਦਾ ਆਸ਼ੀਰਵਾਦ ਲੈਣ ਆਏ ਹਨ। ਉਹਨਾਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਦਾ ਪੁਰਾਣਾ ਇਤਿਹਾਸ ਹੈ। ਮੈਂ ਕਾਂਗਰਸ ਪਾਰਟੀ ਵਿੱਚ ਲੰਮਾ ਸਮਾਂ ਸੇਵਾ ਕੀਤੀ ਹੈ।
ਮੈਨੂੰ ਸ਼੍ਰੋਮਣੀ ਅਕਾਲੀ ਦਲ ਦੇ ਸਿਧਾਂਤ ਪਸੰਦ ਸਨ: ਉਹਨਾਂ ਕਿਹਾ ਕਿ ਮੈਨੂੰ ਸ਼ੁਰੂ ਤੋਂ ਹੀ ਸ਼੍ਰੋਮਣੀ ਅਕਾਲੀ ਦਲ ਦੇ ਸਿਧਾਂਤ ਪਸੰਦ ਸਨ, ਇਸ ਲਈ ਮੈਂ ਆਪਣੇ ਆਪ ਨੂੰ ਉਨ੍ਹਾਂ ਨੂੰ ਸਮਰਪਿਤ ਕਰ ਦਿੱਤਾ ਹੈ। ਉਨ੍ਹਾਂ ਕਿਹਾ ਕਿ ਗੁਰੂ ਘਰ ਵਿੱਚ ਸਿਆਸਤ ਨਹੀਂ ਕਰਨੀ ਚਾਹੀਦੀ, ਗੁਰੂ ਘਰ ਵਿੱਚ ਆ ਕੇ ਸੱਚ ਬੋਲਣਾ ਚਾਹੀਦਾ ਹੈ। ਪੰਜਾਬ ਵਿੱਚ ਇਸ ਸਮੇਂ ਰਿਸ਼ਵਤਖੋਰੀ ਦਾ ਪੱਧਰ ਪਿਛਲੇ ਸਾਰੇ ਰਿਕਾਰਡ ਤੋੜ ਚੁੱਕਾ ਹੈ। ਉਹਨਾਂ ਕਿਹਾ ਕਿ ਕੋਈ ਸਾਡੇ 'ਤੇ ਉਂਗਲ ਚੁੱਕ ਕੇ ਇਹ ਨਹੀਂ ਕਹਿ ਸਕਦਾ ਕਿ ਕੇਪੀ ਜਾਂ ਕੇਪੀ ਦੇ ਪਰਿਵਾਰ ਨੇ ਕਿਸੇ ਤੋਂ ਰਿਸ਼ਵਤ ਲਈ ਹੈ। ਉਨ੍ਹਾਂ ਕਿਹਾ ਕਿ ਚੋਣਾਂ ਵਿੱਚ ਉਮੀਦਵਾਰ ਖੜ੍ਹੇ ਹੁੰਦੇ ਹਨ ਅਤੇ ਲੜਾਈ ਵੀ ਹੁੰਦੀ ਹੈ। ਲੋਕ ਸਭਾ ਚੋਣਾਂ ਪੂਰੇ ਦੇਸ਼ ਦੇ ਲੋਕਾਂ ਦੀਆਂ ਸਮੱਸਿਆਵਾਂ ਨੂੰ ਉਜਾਗਰ ਕਰਨਗੀਆਂ।
ਮੇਰਾ ਕੰਮ ਲੋਕਾਂ ਦੀ ਸੇਵਾ ਕਰਨਾ ਹੈ: ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਕਹਿ ਰਹੇ ਹਨ ਕਿ ਮੁਸਲਮਾਨਾਂ ਨੇ ਜ਼ਿਆਦਾ ਬੱਚੇ ਪੈਦਾ ਕੀਤੇ ਹਨ, ਪੁਰਾਣੀਆਂ ਸਰਕਾਰਾਂ ਨੇ ਮੁਸਲਮਾਨਾਂ ਨੂੰ ਬਹੁਤ ਕੁਝ ਦਿੱਤਾ ਹੈ। ਇਹ ਬਹੁਤ ਗਲਤ ਹੈ, ਇਹ ਸਰਕਾਰਾਂ ਹਨ ਜੋ ਗਰੀਬਾਂ ਅਤੇ ਲੋੜਵੰਦਾਂ ਦਾ ਹੱਥ ਫੜ ਕੇ ਉਨ੍ਹਾਂ ਦੀ ਮਦਦ ਕਰਦੀਆਂ ਹਨ। ਮੋਦੀ ਨੂੰ ਅਜਿਹੇ ਅਹੁਦੇ 'ਤੇ ਰਹਿੰਦਿਆਂ ਇਸ ਤਰ੍ਹਾਂ ਦੀ ਬਿਆਨਬਾਜ਼ੀ ਨਹੀਂ ਕਰਨੀ ਚਾਹੀਦੀ। ਉਨ੍ਹਾਂ ਕਿਹਾ ਕਿ ਪੈਰੋਲ 'ਤੇ ਬਾਹਰ ਆਏ ਲੋਕਾਂ ਨੂੰ ਆਪਣੇ ਦੇਸ਼ 'ਚ ਖੁੱਲ੍ਹ ਕੇ ਰਹਿਣ ਦਾ ਅਧਿਕਾਰ ਹੈ, ਮੈਂ ਸਾਰੀਆਂ ਪਾਰਟੀਆਂ ਨਾਲ ਜੁੜਿਆ ਹੋਇਆ ਹਾਂ। ਮੇਰਾ ਕੰਮ ਲੋਕਾਂ ਦੀ ਸੇਵਾ ਕਰਨਾ ਹੈ ਅਤੇ ਮੈਂ ਹਮੇਸ਼ਾਂ ਕਰਦਾ ਰਹਾਂਗਾ।
ਮਹਿੰਦਰ ਸਿੰਘ ਕੇਪੀ ਦਾ ਪਿਛੋਕੜ ? :ਦੱਸ ਦਈਏ ਕਿ ਮਹਿੰਦਰ ਸਿੰਘ ਕੇਪੀ ਜਲੰਧਰ ’ਚ ਕਾਂਗਰਸ ਦਾ ਸਭ ਤੋਂ ਵੱਡਾ ਚਿਹਰਾ ਰਹੇ ਹਨ। ਉਹ ਦੋ ਵਾਰ ਕੈਬਨਿਟ ਮੰਤਰੀ ਤੇ ਤਿੰਨ ਵਾਰ ਵਿਧਾਇਕ ਰਹਿ ਚੁੱਕੇ ਹਨ। ਸਾਲ 2009 ਤੇ 2014 ’ਚ ਕਾਂਗਰਸ ਦੀ ਟਿਕਟ ਤੋਂ ਲੋਕ ਸਭਾ ਚੋਣ ਜਿੱਤੀ ਸੀ। ਇਸ ਤੋਂ ਇਲਾਵਾ ਮਹਿੰਦਰ ਸਿੰਘ ਕੇਪੀ ਪੰਜਾਬ ਕਾਂਗਰਸ ਦੇ ਪ੍ਰਧਾਨ ਵੀ ਰਹਿ ਚੁੱਕੇ ਹਨ। ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੇ ਰਿਸ਼ਤੇਦਾਰ ਵੀ ਹਨ।
ਕਾਬਿਲੇਗੌਰ ਹੈ ਕਿ ਜਲੰਧਰ ਲੋਕ ਸਭਾ ਹਲਕੇ ਤੋਂ ਕਾਂਗਰਸ ਚਰਨਜੀਤ ਸਿੰਘ ਚੰਨੀ, ਭਾਜਪਾ ਸੁਸ਼ੀਲ ਰਿੰਕੂ ਤੇ ਆਮ ਆਦਮੀ ਪਾਰਟੀ ਪਵਨ ਕੁਮਾਰ ਟੀਨੂੰ ਨੂੰ ਆਪਣਾ ਉਮੀਦਵਾਰ ਐਲਾਨ ਚੁੱਕੀ ਹੈ, ਬਸ ਸ਼੍ਰੋਮਣੀ ਅਕਾਲੀ ਦਲ ਵੱਲੋਂ ਉਮੀਦਵਾਰ ਐਲਾਨਿਆ ਜਾਣਾ ਬਾਕੀ ਹੈ।