ਮੋਹਾਲੀ :ਨੌਜਵਾਨ ਅਕਾਲੀ ਆਗੂ ਵਿਕਰਮਜੀਤ ਸਿੰਘ ਉਰਫ਼ ਵਿੱਕੀ ਮਿੱਡੂਖੇੜਾ ਦੇ ਕਤਲ ਮਾਮਲੇ ਵਿੱਚ ਅੱਜ ਮੋਹਾਲੀ ਦੀ ਜ਼ਿਲ੍ਹਾ ਅਦਾਲਤ ਨੇ ਤਿੰਨਾਂ ਕਾਤਲਾਂ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਹੈ। ਮੋਹਾਲੀ ਕੋਰਟ ਨੇ 33 ਸਾਲਾ ਵਿੱਕੀ ਮਿੱਡੂਖੇੜਾ ਦੀ 4 ਸਾਲ ਪਹਿਲਾਂ ਕੀਤੇ ਕਤਲ ਦੇ ਮਾਮਲੇ ਵਿੱਚ ਅਜੈ ਉਰਫ਼ ਸੰਨੀ ਉਰਫ ਲੈਫ਼ਟੀ, ਸੱਜਣ ਉਰਫ਼ ਭੋਲੂ ਅਤੇ ਅਨਿਲ ਲਾਠ ਨੂੰ ਧਾਰਾ 302 ਤਹਿਤ ਉਮਰ ਕੈਦ ਸਜ਼ਾ ਅਤੇ 2-2 ਲੱਖ ਰੁਪਏ ਜੁਰਮਾਨੇ ਦੀ ਸਜ਼ਾ ਸੁਣਾਈ ਹੈ। ਇਸ ਤੋਂ ਇਲਾਵਾ ਆਰਮਜ਼ ਐਕਟ ਤਹਿਤ ਸੱਤ-ਸੱਤ ਸਾਲ ਅਤੇ ਧਾਰਾ 482 ਤਹਿਤ ਇੱਕ ਸਾਲ ਦੀ ਸਜ਼ਾ ਸੁਣਾਈ ਗਈ ਹੈ। ਵਿੱਕੀ ਮਿੱਡੂਖੇੜਾ ਦੇ ਵਕੀਲ ਐਚਐਸ ਧਨੋਆ ਨੇ ਮੋਹਾਲੀ ਜ਼ਿਲ੍ਹਾ ਕੋਰਟ ਵੱਲੋਂ ਸੁਣਾਈ ਸਜ਼ਾ ਉੱਤੇ ਸੰਤੁਸ਼ਟੀ ਜਤਾਈ ਹੈ।
ਆਖਰੀ ਦਮ ਤੱਕ ਲੜਾਂਗੇ- ਅਜੇ ਮਿੱਡੂਖੇੜਾ
ਕੋਰਟ ਦੇ ਫ਼ੈਸਲੇ ਮਗਰੋਂ ਵਿੱਕੀ ਮਿੱਡੂਖੇੜਾ ਦੇ ਭਰਾ ਅਜੇ ਮਿੱਡੂਖੇੜਾ ਨੇ ਕਿਹਾ ਕਿ ਉਸ ਨੇ ਵੱਡੇ ਭਰਾ ਦਾ ਫ਼ਰਜ਼ ਨਿਭਾਇਆ ਹੈ। ਉਨ੍ਹਾਂ ਕਿਹਾ ਕਿ ਇਹ ਨਿਆਂ ਦਾ ਪਹਿਲਾ ਕਦਮ ਹੈ ਅਤੇ ਅਸਲੀ ਨਿਆਂ ਹੋਣਾ ਅਜੇ ਬਾਕੀ ਹੈ। ਉਨ੍ਹਾਂ ਕਿਹਾ ਕਿ ਇਸ ਮਾਮਲੇ ਵਿੱਚ ਜਿਹੜੇ ਅਸਲ ਦੋਸ਼ੀ ਹਨ ਉਨ੍ਹਾਂ ਨੂੰ ਸਜ਼ਾ ਦਿਵਾਉਣ ਲਈ ਉਹ ਆਪਣੇ ਆਖਰੀ ਸਾਹ ਤੱਕ ਲੜਾਈ ਲੜਨਗੇ।
ਮੋਹਾਲੀ ਪੁਲਿਸ ਨੇ ਵਿੱਕੀ ਮਿੱਡੂਖੇੜਾ ਦੇ ਕਤਲ ਦੇ 11 ਮਹੀਨੇ ਬਾਅਦ ਚਾਰਜਸ਼ੀਟ ਦਾਖਲ ਕੀਤੀ ਸੀ। ਸੱਜਣ ਉਰਫ਼ ਭੋਲੂ, ਅਨਿਲ ਲੱਠ, ਅਜੈ ਉਰਫ਼ ਸੰਨੀ ਉਰਫ ਲੈਫਟੀ, ਗੈਂਗਸਟਰ ਅਮਿਤ ਡਾਗਰ ਅਤੇ ਕੌਸ਼ਲ ਚੌਧਰੀ ਖਿਲਾਫ਼ ਚਾਰਜਸ਼ੀਟ ਦਾਇਰ ਕੀਤੀ ਗਈ ਸੀ। ਇਸ ਤੋਂ ਬਾਅਦ ਇਹ ਮਾਮਲਾ ਲਗਾਤਾਰ ਮੋਹਾਲੀ ਅਦਾਲਤ ਵਿੱਚ ਚੱਲ ਰਿਹਾ ਸੀ। ਫ਼ੈਸਲੇ ਤੋਂ ਬਾਅਦ ਵਿੱਕੀ ਦੇ ਵਕੀਲ ਐਚ ਐਸ ਧਨੋਆ ਨੇ ਕਿਹਾ ਕਿ ਉਹ ਬਰੀ ਕੀਤੇ ਗਏ ਮੁਲਜ਼ਮਾਂ ਖਿਲਾਫ਼ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵਿੱਚ ਪਟੀਸ਼ਨ ਦਾਖਲ ਕਰਨ ਜਾਂ ਨਾ ਕਰਨ ਬਾਰੇ ਸੋਚ ਵਿਚਾਰ ਕੇ ਫ਼ੈਸਲਾ ਲੈਣਗੇ।
ਕਿਸ ਦਲੀਲ ਉੱਤੇ ਹੋਈ ਉਮਰ ਕੈਦ
ਵਿੱਕੀ ਮਿੱਡੂਖੇੜਾ ਦੇ ਵਕੀਲ ਧਨੋਆ ਨੇ ਦੱਸਿਆ ਕਿ ਉਨ੍ਹਾਂ ਨੇ ਮੋਹਾਲੀ ਦੀ ਜ਼ਿਲ੍ਹਾ ਕੋਰਟ ਨੂੰ ਦੱਸਿਆ ਕਿ ਵਿੱਕੀ ਦਾ ਕਤਲ ਗਿਣੀ-ਮਿੱਥੀ ਸਾਜ਼ਿਸ਼ ਤਹਿਤ ਕੀਤਾ ਗਿਆ ਸੀ। ਇਹ ਆਮ ਕਤਲ ਨਹੀਂ ਸੀ ਕਿਉਂਕਿ ਵਿੱਕੀ ਨੂੰ ਕੁੱਲ 15 ਗੋਲੀਆਂ ਮਾਰੀਆਂ ਗਈਆਂ ਸਨ, ਜਿਨ੍ਹਾਂ ਵਿੱਚੋਂ 13 ਉਸ ਦੇ ਸਰੀਰ ਤੋਂ ਆਰ-ਪਾਰ ਹੋ ਗਈਆਂ ਸਨ। ਅਜਿਹੇ ਵਿੱਚ ਅਸੀਂ ਵਿੱਕੀ ਦੇ ਕਾਤਲਾਂ ਨੂੰ ਸਖ਼ਤ ਸਜ਼ਾ ਦੇਣ ਦੀ ਮੰਗ ਕੀਤੀ ਸੀ।
4 ਸਾਲ ਪਹਿਲਾਂ ਫਿਲਮੀ ਸਟਾਈਲ ਵਿੱਚ ਕਤਲ
ਵਿੱਕੀ ਮਿੱਡੂਖੇੜਾ ਦੀ 4 ਸਾਲ ਪਹਿਲਾਂ 7 ਅਗਸਤ, 2021 ਨੂੰ ਉਸ ਵੇਲੇ ਕਤਲ ਕੀਤਾ ਗਿਆ ਸੀ ਜਦੋਂ ਉਹ ਸੈਕਟਰ-70 ਵਿੱਚ ਆਪਣੇ ਪ੍ਰਾਪਰਟੀ ਡੀਲਰ ਦੋਸਤ ਦੇ ਕੋਲ ਗਿਆ ਸੀ। ਜਿਵੇਂ ਹੀ ਉਹ ਡੀਲਰ ਦੋਸਤ ਦੇ ਦਫ਼ਤਰ ਵਿੱਚੋਂ ਬਾਹਰ ਨਿਕਲਿਆ ਅਤੇ ਆਪਣੀ ਗੱਡੀ ਵੱਲ ਵਧਿਆ ਤਾਂ 2 ਨਕਾਬਪੋਸ਼ ਉੱਥੇ ਪਹੁੰਚੇ ਅਤੇ ਉਨ੍ਹਾਂ ਨੇ ਵਿੱਕੀ ਉੱਤੇ ਫਾਇਰਿੰਗ ਕਰਨੀ ਸ਼ੁਰੂ ਕਰ ਦਿੱਤੀ। ਵਿੱਕੀ ਕਾਰ ਵਿੱਚੋਂ ਉਤਰਿਆ ਅਤੇ ਉਸ ਨੇ ਭੱਜਣ ਦੀ ਬਹੁਤ ਕੋਸ਼ਿਸ਼ ਕੀਤੀ ਪਰ ਹਮਲਾਵਰ ਉਸ ਦਾ ਪਿੱਛਾ ਕਰਦੇ ਰਹੇ। ਵਿੱਕੀ ਉੱਤੇ ਕੁੱਲ 20 ਰਾਊਂਡ ਫਾਇਰ ਹੋਏ ਜਿਸ ਵਿੱਚ 9 ਗੋਲੀਆਂ ਉਸ ਨੂੰ ਲੱਗੀਆਂ। ਜਿਸ ਕਾਰਨ ਮੌਕੇ ਉੱਤੇ ਹੀ ਉਸ ਦੀ ਮੌਤ ਹੋ ਗਈ ਸੀ। ਵਿੱਕੀ ਦੇ ਕਤਲ ਦੀ ਜ਼ਿੰਮੇਵਾਰੀ ਬੰਬੀਹਾ ਗੈਂਗ ਨੇ ਲਈ ਸੀ। ਸ਼ੁਰੂਆਤੀ ਜਾਂਚ ਵਿੱਚ ਬੰਬੀਹਾ ਗੈਂਗ ਚਲਾਉਣ ਵਾਲੇ ਲੱਕੀ ਪਟਿਆਲਾ ਦਾ ਨਾਮ ਸਾਹਮਣੇ ਆਇਆ ਸੀ।
ਮਾਮਲੇ ਵਿੱਚ ਤਿੰਨ ਵੱਡੇ ਗੈਂਗਸਟਰ ਬਰੀ ਹੋਏ
ਲੈਫ਼ਟੀ, ਭੋਲੂ ਅਤੇ ਅਨਿਲ ਵੱਡੇ ਗੈਂਗਸਟਰਾਂ ਦੇ ਗੁਰਗੇ ਹਨ। ਹਲਾਂਕਿ ਇਸ ਮਾਮਲੇ ਵਿੱਚ ਨਾਮਜ਼ਦ ਜੇਲ੍ਹਾਂ ਵਿੱਚ ਬੰਦ ਗੈਂਗਸਟਰਾਂ ਖਿਲਾਫ਼ ਮੋਹਾਲੀ ਪੁਲਿਸ ਨੇ ਜਿਹੜੀ ਕਹਾਣੀ ਤਿਆਰ ਕੀਤੀ ਸੀ, ਉਹ ਅਦਾਲਤ ਵਿੱਚ ਟਿਕ ਨਹੀਂ ਸਕੀ ਅਤੇ ਮੋਹਾਲੀ ਕੋਰਟ ਨੇ ਗੈਂਗਸਟਰ ਭੂਪੀ ਰਾਣਾ, ਅਮਿਤ ਡਾਗਰ ਅਤੇ ਕੌਸ਼ਲ ਚੌਧਰੀ ਨੂੰ ਕਤਲ ਕੇਸ ਵਿੱਚ ਬਰੀ ਕਰ ਦਿੱਤਾ ਸੀ। ਮੋਹਾਲੀ ਪੁਲਿਸ ਨੇ ਇਸ ਕੇਸ ਨੂੰ ਹੱਲ ਕਰਨ ਲਈ ਤਿਹਾੜ ਜੇਲ੍ਹ ਤੋਂ ਕਰੀਬ 26 ਗੈਂਗਸਟਰਾਂ ਨੂੰ ਪੁੱਛਗਿੱਛ ਲਈ ਮੋਹਾਲੀ ਲੈ ਕੇ ਆਈ ਸੀ। ਗੈਂਗਸਟਰਾਂ ਕੋਲੋਂ ਆਹਮੋ-ਸਾਹਮਣੇ ਪੁੱਛਗਿੱਛ ਕੀਤੀ ਗਈ ਸੀ ਪਰ ਫਿਰ ਵੀ ਕੋਈ ਸੁਰਾਗ ਹੱਥ ਨਹੀਂ ਲੱਗਿਆ ਸੀ।