ਮੋਗਾ :ਬੀਤੇ ਦਿਨੀਂ ਨਸ਼ਾ ਤਸਕਰਾਂ ਤੋਂ ਰਿਸ਼ਵਤ ਲੈਕੇ ਮੁਲਜ਼ਮਾਂ ਨੂੰ ਰਿਹਾਅ ਕਰਨ ਦੇ ਮਾਮਲੇ 'ਚ ਸਸਪੈਂਡ ਕੀਤੀ ਗਈ ਮੋਗਾ ਦੀ ਐਸਐਚਓ, ਅਰਸ਼ਪ੍ਰੀਤ ਕੌਰ ਗਰੇਵਾਲ ਮੋਗਾ ਦੇ ਡੀਐਸਪੀ ਉਤੇ ਗੰਭੀਰ ਇਲਜ਼ਾਮ ਲਾਉਂਦਿਆਂ ਇੱਕ ਸੋਸ਼ਲ ਮੀਡੀਆ ਪੋਸਟ ਸਾਂਝੀ ਕੀਤੀ ਹੈ। ਜਿਸ ਨੇ ਪੂਰੇ ਪੁਲਿਸ ਮਹਿਕਮੇ 'ਚ ਹਲਚਲ ਮਚਾ ਦਿੱਤੀ ਹੈ। ਦਰਅਸਲ ਸਸਪੈਂਡ ਐਸਐਚਓ ਅਰਸ਼ਪ੍ਰੀਤ ਕੌਰ ਗਰੇਵਾਲ ਨੇ ਬੀਤੀ ਰਾਤ ਇਕ ਪੋਸਟ ਸਾਂਝੀ ਕੀਤੀ ਜਿਸ ਵਿਚ ਉਹਨਾਂ ਕਿਹਾ ਕਿ ਡੀਐਸਪੀ ਮੈਨੂੰ ਬੇਵਕਤੀ ਦਫਤਰ ਵਿੱਚ ਬੁਲਾਉਂਦੇ ਹਨ ਅਤੇ ਮੇਰਾ ਜਿਨਸੀ ਸੋਸ਼ਣ ਕਰਦੇ ਹਨ।
ਡੀਐਸਪੀ 'ਤੇ ਜਿਨਸੀ ਸੋਸ਼ਨ ਦੇ ਇਲਜ਼ਾਮ
ਜ਼ਿਕਰਯੋਗ ਹੈ ਕਿ ਬੀਤੇ ਦਿਨ ਮੋਗਾ ਪੁਲਿਸ ਨੇ SHO ਅਰਸ਼ਪ੍ਰੀਤ ਕੌਰ ਉਤੇ ਨਸ਼ਾ ਤਸਕਰਾਂ ਤੋਂ ਪੰਜ ਲੱਖ ਰੁਪਏ ਰਿਸ਼ਵਤ ਲੈ ਕੇ ਉਸ ਨੂੰ ਛੱਡਣ ਦੇ ਦੋਸ਼ ਤਹਿਤ ਕਾਰਵਾਈ ਕਰਦਿਆਂ ਸਸਪੈਂਡ ਕੀਤਾ ਸੀ । ਜਿਸ ਵਿੱਚ ’ਚ ਥਾਣੇ ਦੀ ਐੱਸਐੱਚਓ ਸਮੇਤ ਪੰਜ ਲੋਕਾਂ ਖ਼ਿਲਾਫ਼ ਕੇਸ ਦਰਜ ਕੀਤਾ ਸੀ। ਉਥੇ ਹੀ ਕਾਰਵਾਈ ਤੋਂ ਬਾਅਦ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੇ ਲੇਡੀ SHO ਦੇ ਪੋਸਟ ਵਿੱਚ ਉਕਤ ਐਸਐਚਓ ਨੇ DSP 'ਤੇ ਜਿਨਸੀ ਸ਼ੋਸ਼ਣ ਦੇ ਦੋਸ਼ ਲਾਏ ਹਨ। ਜਿਸ ਤੋਂ ਬਾਅਦ ਹੁਣ ਅਗਲੀ ਕਾਰਵਾਈ ਕੀਤੀ ਜਾ ਰਹੀ ਹੈ। ਉਥੇ ਹੀ ਸਵਾਲ ਵੀ ਖੜ੍ਹੇ ਹੋ ਰਹੇ ਹਨ ਕਿ ਸਸਪੈਂਡੇਡ ਅਫਸਰ ਵੱਲੋਂ ਇਹ ਇਲਜ਼ਾਮ ਕਿਉਂ ਲਾਏ ਜਾ ਰਹੇ ਹਨ।
ਡੀਐਸਪੀ 'ਤੇ ਇਲਜ਼ਾਮਾਂ ਸਬੰਧੀ ਨਹੀਂ ਆਈ ਕੋਈ ਸ਼ਿਕਾਇਤ
ਹਾਲਾਂਕਿ ਮੁਅੱਤਲ ਇੰਸਪੈਕਟਰ ਅਰਸ਼ਪ੍ਰੀਤ ਕੌਰ ਗਰੇਵਾਲ ਦੀ ਵਾਇਰਲ ਪੋਸਟ ਤੋਂ ਬਾਅਦ ਮੋਗਾ ਦੇ ਐਸਪੀ ਹੈਡ ਕੁਆਰਟਰ, ਗੁਰਸ਼ਰਨ ਸਿੰਘ ਸੰਧੂ ਦਾ ਬਿਆਨ ਆਇਆ ਸਾਹਮਣੇ ਆਇਆ ਹੈ। ਉਹਨਾਂ ਕਿਹਾ ਹਰ ਜ਼ਿਲ੍ਹੇ ਦੀ ਸੈਕਸ਼ੁਅਲ ਹਰਾਸਮੈਂਟ ਕਮੇਟੀ ਹੁੰਦੀ ਹੈ ਜਿਸ ਵਿੱਚ ਮਹਿਲਾ ਪੁਲਿਸ ਕਰਮਚਾਰੀ ਵੀ ਕਮੇਟੀ ਦੀ ਮੈਂਬਰ ਹੁੰਦੀ ਹੈ। ਉਹਨਾਂ ਕਿਹਾ ਕਿ ਅਰਸ਼ਪ੍ਰੀਤ ਕੌਰ ਗਰੇਵਾਲ ਵੱਲੋਂ ਕਿਸੇ ਵੀ ਤਰ੍ਹਾਂ ਦੀ ਸ਼ਿਕਾਇਤ ਸਾਡੇ ਕੋਲ ਨਹੀਂ ਆਈ । ਨਾਲ ਹੀ ਉਹਨਾਂ ਕਿਹਾ ਕਿ ਡੀਐਸਪੀ ਰਮਨਦੀਪ ਸਿੰਘ ਇੱਕ ਚੰਗੇ ਇਨਸਾਨ ਹਨ। ਉਹ ਆਪਣੀ ਡਿਊਟੀ ਬਹੁਤ ਇਮਾਨਦਾਰੀ ਅਤੇ ਤਨਦੇਹੀ ਨਾਲ ਨਿਭਾਅ ਰਹੇ ਹਨ। ਇੱਥੋਂ ਤੱਕ ਕਿ ਉਹ ਹਾਕੀ ਓਲੰਪੀਅਨ ਵੀ ਹਨ। ਉਹਨਾਂ ਕਿਹਾ ਕਿ ਜੇਕਰ ਇਸ ਤਰ੍ਹਾਂ ਦੀ ਕੋਈ ਵੀ ਗੱਲ ਹੁੰਦੀ ਤਾਂ ਮੈਡਮ ਅਰਸ਼ਪ੍ਰੀਤ ਆਪਣੀ ਸ਼ਿਕਾਇਤ ਮਾਨਯੋਗ ਐਸਐਸਪੀ ਸਾਹਿਬ ਜਾਂ ਮੈਨੂੰ ਵੀ ਦੇ ਸਕਦੇ ਸਨ ਪਰ ਅਜਿਹਾ ਕੁਝ ਨਹੀਂ ਹੋਇਆ।