ਮੋਗਾ : ਪੰਜਾਬ ਦੇ ਸ਼ਹਿਰਮੋਗਾ ਦੇ ਪਿੰਡ ਦਾਤਾ ਵਿੱਚ ਨਸ਼ੇ ਸਣੇ ਕਈ ਅਹਿਮ ਮੁੱਦਿਆਂ ਦੇ ਖਿਲਾਫ ਪੰਚਾਇਤ ਵੱਲੋਂ ਮਤਾ ਪਾਸ ਕੀਤਾ ਗਿਆ ਹੈ। ਮਤੇ ਅਨੁਸਾਰ ਪਿੰਡ ਦੇ ਵਿੱਚ ਹੁਣ ਨਸ਼ਾ ਨਹੀਂ ਵਿਕਣ ਦਿੱਤਾ ਜਾਵੇਗਾ। ਜੇਕਰ ਕੋਈ ਨਸ਼ਾ ਵੇਚਦਾ ਹੈ ਜਾਂ ਫਿਰ ਵੇਚਣ ਵਾਲੇ ਦਾ ਸਾਥ ਦਿੰਦਾ ਹੈ ਤਾਂ ਉਸ ਨੂੰ ਪਿੰਡ ਦੇ ਵਿਰੋਧ ਦਾ ਸਾਹਮਣਾ ਕਰਨਾ ਪਵੇਗਾ। ਇਸ ਸਬੰਧੀ ਪਿੰਡ ਦੇ ਸਰਪੰਚ ਗੁਰਿੰਦਰ ਸਿੰਘ ਗੁੱਗੂ ਨੇ ਪੰਜਾਬ ਸਰਕਾਰ ਵੱਲੋਂ ਇਜਲਾਸ ਲਈ ਭੇਜੀ ਗਈ ਟੀਮ ਦੇ ਮੈਂਬਰਾਂ ਨਾਲ ਅਹਿਮ ਬੈਠਕ ਕੀਤੀ ਅਤੇ ਪੰਜਾਬ ਦੇ ਅਹਿਮ ਮੁੱਦਿਆਂ 'ਤੇ ਮਤਾ ਪਾਉਂਦੇ ਹੋਏ ਮੁਹਰ ਲਗਾਈ।
ਨਸ਼ਾ ਤਸਕਰਾਂ ਦਾ ਬਾਈਕਾਟ
ਪਿੰਡ ਦੇ ਸਰਪੰਚ ਗੁਰਿੰਦਰ ਸਿੰਘ ਗੁੱਗੂ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਪੰਚਾਇਤ ਵੱਲੋਂ ਨਸ਼ਾ ਤਸਕਰਾਂ ਦਾ ਸਮਾਜਿਕ ਬਾਈਕਾਟ ਕਰਨ ਦੇ ਫ਼ੈਸਲੇ 'ਤੇ ਮੁਹਰ ਲਾਈ ਗਈ ਹੈ। ਉਨ੍ਹਾਂ ਕਿਹਾ ਕਿ "ਪਿੰਡ ਵਿੱਚ ਗ੍ਰਾਮ ਸਭਾ ਦੇ ਆਮ ਇਜਲਾਸ ਦੌਰਾਨ ਵੱਡੇ ਸਾਰਥਿਕ ਫ਼ੈਸਲੇ ਲਏ ਹਨ, ਜਿਸ ਤਹਿਤ ਪਿੰਡ ਵਿੱਚ ਨਸ਼ਿਆਂ ਦਾ ਸੇਵਨ ਕਰਨ ਵਾਲੇ ਹੋਣ ਜਾਂ ਫਿਰ ਕਥਿਤ ਤੌਰ 'ਤੇ ਨਸ਼ੇ ਦੀ ਤਸਕਰੀ ਕਰਨ ਵਾਲੇ ਹੋਣ, ਪਿੰਡ ਦਾ ਕੋਈ ਵੀ ਜੀਅ ਉਸ ਨਾਲ ਸਬੰਧ ਨਹੀਂ ਰੱਖੇਗਾ। ਜੇਕਰ ਪੁਲਿਸ ਵੱਲੋਂ ਇਨ੍ਹਾਂ ਦੀ ਗ੍ਰਿਫਤਾਰੀ ਕੀਤੀ ਜਾਂਦੀ ਹੈ ਤਾਂ ਕੋਈ ਵੀ ਪਿੰਡ ਵਾਸੀ ਇਨ੍ਹਾਂ ਦੇ ਪਿੱਛੇ ਨਹੀਂ ਜਾਵੇਗਾ। ਇੰਨਾਂ ਹੀ ਨਹੀਂ, ਅਜਿਹੇ ਵਿਅਕਤੀ ਖਿਲਾਫ ਪਿੰਡ ਵਿੱਚ ਸਪੀਕਰਾਂ ਰਾਹੀਂ ਬੋਲਿਆ ਜਾਵੇਗਾ ਕਿ ਇਹ ਵਿਅਕਤੀ ਸਮਾਜ ਵਿਰੋਧੀ ਗਤੀਵਿਧੀ 'ਚ ਸ਼ਾਮਿਲ ਹੈ। ਜੇਕਰ ਕੋਈ ਇਸ ਮਤੇ ਦੇ ਖਿਲਾਫ ਪਾਇਆ ਗਿਆ ਤਾਂ ਉਸ ਦੇ ਵੀ ਘਰ ਅੱਗੇ ਧਰਨਾ ਦਿੱਤਾ ਜਾਵੇਗਾ ਅਤੇ ਪਿੰਡ ਵਿੱਚ ਉਸਦੇ ਪੋਸਟਰ ਲਗਾਏ ਜਾਣਗੇ ਅਤੇ ਉਸ ਦੇ ਖਿਲਾਫ ਬਣਦੀ ਕਾਰਵਾਈ ਕੀਤੀ ਜਾਵੇਗੀ ।"
ਚੋਰਾਂ ਦੇ ਹਮਾਇਤੀਆਂ 'ਤੇ ਕਾਰਵਾਈ
ਇਸੇ ਤਰ੍ਹਾਂ ਹੀ ਪਿੰਡ ਵਿੱਚ ਵੱਧ ਰਹੀਆਂ ਚੋਰੀਆਂ ਤੋਂ ਤੰਗ ਹੋ ਕੇ ਵੀ ਪਿੰਡ ਦੀ ਪੰਚਾਇਤ ਨੇ ਫੈਸਲਾ ਕੀਤਾ ਹੈ ਕਿ ਪਿੰਡ 'ਚ ਜੇਕਰ ਕੋਈ ਚੋਰੀ ਹੁੰਦੀ ਹੈ ਅਤੇ ਇਸ ਪਿੱਛੇ ਪਿੰਡ ਦੇ ਕਿਸੇ ਵਿਅਕਤੀ ਦਾ ਹੱਥ ਹੋਇਆ ਤਾਂ ਉਸ ਮੁਲਜ਼ਮ ਦੇ ਪਿੱਛੇ ਵੀ ਕੋਈ ਨਹੀਂ ਜਾਵੇਗਾ ਨਾ ਉਸ ਦੀ ਕੋਈ ਜ਼ਮਾਨਤ ਹੋਵੇਗੀ ਅਤੇ ਨਾ ਹੀ ਕੋਈ ਉਸ ਦੇ ਹੱਕ 'ਚ ਖੜ੍ਹੇਗਾ। ਜੇਕਰ ਕੋਈ ਅਜਿਹਾ ਕਰੇਗਾ ਤਾਂ ਉਸ ਸਬੰਧੀ ਪਿੰਡ ਦੇ ਮੋਹਤਵਰਾਂ ਨਾਲ ਮਿਲ ਕੇ ਕਾਰਵਾਈ ਕੀਤੀ ਜਾਵੇਗੀ।
ਐਨਰਜੀਡ੍ਰਿੰਕ 'ਤੇ ਬੈਨ