ਲੁਧਿਆਣਾ:ਨਗਰ ਨਿਗਮ ਲੁਧਿਆਣਾ ਦੇ ਚੋਣ ਨਤੀਜੇ ਆਏ ਨੂੰ ਭਾਵੇਂ ਹੀ ਕਈ ਦਿਨ ਬੀਤ ਚੁੱਕੇ ਹਨ ਪਰ ਹਾਲੇ ਤੱਕ ਵੀ ਨਗਰ ਨਿਗਮ ਚੋਣਾਂ ਦੇ ਨਤੀਜਿਆਂ ਦਾ ਅਸਰ ਅਤੇ ਜ਼ੋੜ-ਤੋੜ ਦੀ ਰਾਜਨੀਤੀ ਲੁਧਿਆਣਾ ਦੇ ਵਿੱਚ ਭਾਰੂ ਨਜ਼ਰ ਆ ਰਹੀ ਹੈ। ਦੱਸ ਦਈਏ ਕਿ ਲੁਧਿਆਣਾ ਦੇ ਨਗਰ ਨਿਗਮ ਚੋਣਾਂ ਦੇ ਨਤੀਜਿਆਂ ਵਿੱਚ ਆਮ ਆਦਮੀ ਪਾਰਟੀ ਦੇ 41 ਕੌਂਸਲਰ ਚੋਣ ਜਿੱਤੇ ਸਨ, ਜਦਕਿ ਮੇਅਰ ਬਣਾਉਣ ਲਈ ਹਾਲੇ ਵੀ ਉਨ੍ਹਾਂ ਨੂੰ ਕੁਝ ਕੌਂਸਲਰਾਂ ਦੇ ਸਾਥ ਦੀ ਜ਼ਰੂਰਤ ਹੈ। ਇਸ ਦੇ ਚੱਲਦੇ ਆਮ ਆਦਮੀ ਪਾਰਟੀ ਵਲੋਂ ਯਤਨ ਤਾਂ ਕੀਤੇ ਜਾ ਰਹੇ ਹਨ ਪਰ ਉਨ੍ਹਾਂ ਨੂੰ ਹਰ ਵਾਰ ਨਾਮੋਸ਼ੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ।
ਅਕਾਲੀ ਕੌਂਸਲਰ ਨੂੰ ਆਪ 'ਚ ਸ਼ਾਮਲ ਕਰਵਾਉਣ ਸਮੇਂ ਦੀ ਤਸਵੀਰ (Etv Bharat ਪੱਤਰਕਾਰ ਲੁਧਿਆਣਾ) ਅਕਾਲੀ ਦਲ ਦੇ ਕੌਂਸਲਰ ਨੂੰ AAP 'ਚ ਕਰਵਾਇਆ ਸੀ ਸ਼ਾਮਲ
ਇਸ ਸਬੰਧੀ ਜਾਣਕਾਰੀ ਅਨੁਸਾਰ ਲੁਧਿਆਣਾ ਦੇ ਵਾਰਡ ਨੰਬਰ 20 ਤੋਂ ਸ਼੍ਰੋਮਣੀ ਅਕਾਲੀ ਦਲ ਦੇ ਜੇਤੂ ਕੌਂਸਲਰ ਚਤਰਵੀਰ ਸਿੰਘ ਪਹਿਲਾਂ ਆਮ ਆਦਮੀ ਪਾਰਟੀ ਦੇ ਵਿੱਚ ਸ਼ਾਮਿਲ ਹੋ ਗਏ, ਜਿੰਨ੍ਹਾਂ ਨੂੰ ਕੈਬਨਿਟ ਮੰਤਰੀ ਲਾਲਜੀਤ ਸਿੰਘ ਭੁੱਲਰ ਵਲੋਂ ਪਾਰਟੀ 'ਚ ਸ਼ਾਮਲ ਕਰਵਾਇਆ ਗਿਆ ਸੀ। ਉਥੇ ਹੀ ਕੁਝ ਸਮੇਂ ਬਾਅਦ ਹੀ ਉਨ੍ਹਾਂ ਦੀ ਸ਼੍ਰੋਮਣੀ ਅਕਾਲੀ ਦਲ 'ਚ ਘਰ ਵਾਪਸੀ ਹੋ ਗਈ ਤੇ ਉਨ੍ਹਾਂ ਨੂੰ ਅਕਾਲੀ ਦਲ ਦੇ ਸੀਨੀਅਰ ਲੀਡਰ ਰਣਜੀਤ ਸਿੰਘ ਢਿੱਲੋਂ ਦੀ ਅਗਵਾਈ ਵਿੱਚ ਮੁੜ ਪਾਰਟੀ 'ਚ ਸ਼ਾਮਲ ਕਰਵਾਇਆ ਗਿਆ ਹੈ।
ਕੁਝ ਘੰਟਿਆਂ 'ਚ ਅਕਾਲੀ ਕੌਂਸਲਰ ਨੇ ਕੀਤੀ ਘਰ ਵਾਪਸੀ
ਇਸ ਨੂੰ ਲੈਕੇ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਰਣਜੀਤ ਸਿੰਘ ਢਿੱਲੋਂ ਨੇ ਆਮ ਆਦਮੀ ਪਾਰਟੀ 'ਤੇ ਸਵਾਲ ਚੁੱਕੇ ਹਨ। ਉਨ੍ਹਾਂ ਕਿਹਾ ਕਿ 'ਆਪ' ਵਲੋਂ ਆਗੂਆਂ ਤੇ ਵਰਕਰਾਂ ਦੇ ਉਤੇ ਦਬਾਅ ਪਾਇਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਨੇ ਪੰਜਾਬ 'ਚ ਝੂਠ ਦੀ ਦੁਕਾਨ ਖੋਲ੍ਹੀ ਸੀ ਤੇ ਵੱਡੇ-ਵੱਡੇ ਵਾਅਦੇ ਕਰਕੇ ਤੇ ਲਾਰੇ ਲਗਾ ਕੇ ਲੋਕਾਂ ਨਾਲ ਧੋਖਾ ਕੀਤਾ ਸੀ। ਉਨ੍ਹਾਂ ਕਿਹਾ ਕਿ ਇੰਨ੍ਹਾਂ ਨੂੰ ਪਹਿਲਾਂ ਸੰਗਰੂਰ ਦੀ ਚੋਣ ਹਰਾਇਆ ਤੇ ਫਿਰ ਲੋਕ ਸਭਾ 'ਚ ਉਮੀਦਵਾਰ ਨੀ ਮਿਲੇ। ਇਸ ਤੋਂ ਬਾਅਦ ਪੰਚਾਇਤੀ ਚੋਣਾਂ 'ਚ ਵੀ ਮੂੰਹ ਦੀ ਖਾਣੀ ਪਈ ਤੇ ਹੁਣ ਨਿਗਮ ਚੋਣਾਂ 'ਚ ਵੀ ਹਾਰ ਦਾ ਸਾਹਮਣਾ ਕਰਨਾ ਪਿਆ। ਰਣਜੀਤ ਸਿੰਘ ਢਿੱਲੋਂ ਨੇ ਕਿਹਾ ਕਿ ਇਤਿਹਾਸ 'ਚ ਇਹ ਪਹਿਲੀ ਵਾਰ ਹੋਇਆ ਕਿ ਜਿਸ ਦੀ ਸਰਕਾਰ ਹੋਵੇ ਤੇ ਉਸ ਦਾ ਕਿਸੇ ਵੀ ਕਾਰਪੋਰੇਸ਼ਨ 'ਚ ਆਪਣਾ ਮੇਅਰ ਨਹੀਂ ਬਣਿਆ।
'ਆਪ' ਉਮੀਦਵਾਰ ਨੂੰ ਦਿੱਤੀ ਸੀ ਮਾਤ
ਕਾਬਿਲੇ ਗੌਰ ਹੈ ਕਿ ਲੁਧਿਆਣਾ ਦੇ ਵਾਰਡ ਨੰਬਰ 20 ਤੋਂ ਸ਼੍ਰੋਮਣੀ ਅਕਾਲੀ ਦਲ ਦੇ ਚਤਰਵੀਰ ਸਿੰਘ ਨੇ ਆਮ ਆਦਮੀ ਪਾਰਟੀ ਦੇ ਅੰਕੁਰ ਗੁਲਾਟੀ ਨੂੰ 415 ਵੋਟਾਂ ਦੇ ਨਾਲ ਮਾਤ ਦਿੱਤੀ ਸੀ। ਚਤਰਵੀਰ ਸਿੰਘ ਨੂੰ ਕੁੱਲ 2636 ਵੋਟਾਂ ਪਈਆਂ ਸੀ ਜਦੋਂ ਕਿ ਅੰਕੁਰ ਗੁਲਾਟੀ ਨੂੰ 2221 ਵੋਟਾਂ ਪਈਆਂ ਸਨ।
ਕਾਂਗਰਸ ਕੌਂਸਲਰ ਦੀ ਤਸਵੀਰ (Etv Bharat ਪੱਤਰਕਾਰ ਲੁਧਿਆਣਾ) ਪਹਿਲਾਂ ਕਾਂਗਰਸ ਦੇ ਕੌਂਸਲਰ ਨੇ ਵੀ ਕੀਤੀ ਸੀ ਘਰ ਵਾਪਸੀ
ਦੱਸ ਦਈਏ ਕਿ ਇਸ ਤੋਂ ਪਹਿਲਾਂ ਲਾਲਜੀਤ ਭੁੱਲਰ ਵਲੋਂ ਹੀ ਕਾਂਗਰਸ ਦੇ ਕੌਂਸਲਰ ਜਗਦੀਸ਼ ਲਾਲ ਨੂੰ ਵੀ ਆਮ ਆਦਮੀ ਪਾਰਟੀ 'ਚ ਸ਼ਾਮਲ ਕਰਵਾਇਆ ਗਿਆ ਸੀ, ਜਿਸ ਨੇ ਕਿ ਕੁਝ ਘੰਟਿਆਂ 'ਚ ਹੀ ਕਾਂਗਰਸ 'ਚ ਮੁੜ ਵਾਪਸੀ ਕਰ ਲਈ ਸੀ। ਹਾਲਾਂਕਿ 'ਆਪ' ਵਲੋਂ ਕਾਂਗਰਸ ਕੌਂਸਲਰ ਨੂੰ ਪਾਰਟੀ 'ਚ ਸ਼ਾਮਲ ਕਰਵਾਉਣ ਲਈ ਬਕਾਇਦਾ ਸਰਕਾਰੀ ਪ੍ਰੈਸ ਨੋਟ ਵੀ ਜਾਰੀ ਕੀਤਾ ਸੀ।