ਅੰਮ੍ਰਿਤਸਰ: ਇੱਕ ਪਾਸੇ ਜਿੱਥੇ ਕਿਸਾਨੀ ਅੰਦੋਲਨ ਸੁਰਖੀਆਂ 'ਚ ਹੈ ਤਾਂ ਦੂਜੇ ਪਾਸੇ ਹੁਣ ਦਿਲਜੀਤ ਦੋਸਾਂਝ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਮੁਲਾਕਾਤ ਨੇ ਨਵੀਂ ਚਰਚਾ ਛੇੜ ਦਿੱਤੀ ਹੈ। ਇਸੇ ਚਰਚਾ ਕਾਰਨ ਕਿਸਾਨਾਂ ਅਤੇ ਸਿਆਸਤਦਾਨਾਂ ਵੱਲੋਂ ਅਲੱਗ-ਅਲੱਗ ਤਰ੍ਹਾਂ ਦੇ ਸਵਾਲ ਖੜ੍ਹੇ ਕੀਤੇ ਜਾ ਰਹੇ ਹਨ। ਇਸੇ ਦੌਰਾਨ ਜਿੱਥੇ ਦਿਲਜੀਤ ਦੇ ਹੱਥਾਂ ਦੇ ਪੋਜ਼ 'ਤੇ ਵੱਖ-ਵੱਖ ਰਾਏ ਦਿੱਤੀ ਜਾ ਰਹੀ ਹੈ। ਉਧਰ ਹੁਣ ਦਿਲਜੀਤ ਦੇ ਕਾਲੇ ਕੱਪੜਿਆਂ ਨੂੰ ਲੈ ਕੇ ਵੀ ਸਵਾਲ ਜਵਾਬ ਸ਼ੁਰੂ ਹੋ ਗਏ ਹਨ।
ਦਿਲਜੀਤ ਨੇ ਕਿਉਂ ਪਾਏ ਕਾਲੇ ਕੱਪੜੇ
ਤੁਹਾਨੂੰ ਦੱਸ ਦਈਏ ਕਿ ਇਸ ਮੁਲਾਕਾਤ ਸਮੇਂ ਦਿਲਜੀਤ ਨੇ ਕਾਲੇ ਰੰਗ ਦੇ ਕੱਪੜੇ ਪਾਏ ਹੋਏ ਸਨ। ਇਸ ਨੂੰ ਲੈ ਕੇ ਹੁਣ ਕਿਸਾਨ ਆਗੂ ਸਰਵਣ ਸਿੰਘ ਪੰਧੇਰ ਨੇ ਬਿਆਨ ਦਿੱਤਾ ਹੈ। ਉਨ੍ਹਾਂ ਆਖਿਆ ਕਿ ਇਹ ਕਾਲੇ ਕੱਪੜੇ ਕਿਸਾਨਾਂ ਦੇ ਰੋਸ ਕਾਰਨ ਪਏ ਗਏ ਹਨ। ਉਨ੍ਹਾਂ ਕਿਹਾ ਕਿ ਫਿਲਹਾਲ ਇਹ ਨਹੀਂ ਕਿਹਾ ਜਾ ਸਕਦਾ ਕਿ ਦਿਲਜੀਤ ਨੇ ਇਹ ਕੱਪੜੇ ਕਿਉਂ ਪਾਏ ਪਰ ਇਹ ਆਸ ਰੱਖਦੇ ਹਾਂ ਦਿਲਜੀਤ ਨੂੰ ਪੰਜਾਬੀਆਂ ਨੇ ਇੰਨ੍ਹਾਂ ਬੁਲੰਦੀਆਂ 'ਤੇ ਪਹੁੰਚਾਇਆ ਤੇ ਵਿਸ਼ਵ ਪੱਧਰ ਤੱਕ ਪ੍ਰਸਿੱਧ ਮਿਲੀ ਹੈ। ਇਸੇ ਕਾਰਨ ਉਨ੍ਹਾਂ ਨੂੰ ਕਿਸਾਨਾਂ ਦੀ ਗੱਲ ਕਰਨੀ ਚਾਹੀਦੀ ਹੈ।
ਲੋਕਾਂ ਨੂੰ ਅਪੀਲ
ਇਸ ਦੇ ਨਾਲ ਹੀ ਕਿਸਾਨ ਆਗੂ ਨੇ ਲੋਕਾਂ ਨੂੰ ਅਪੀਲ ਕਰਦੇ ਕਿਹਾ ਕਿ ਚਾਰ ਤਾਰੀਕ ਨੂੰ ਮਹਾਂਪੰਚਾਇਤ ਰੱਖੀ ਗਈ ਹੈ । ਜਦਕਿ 6 ਜਨਵਰੀ ਨੂੰ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਦਿਹਾੜਾ ਮਨਾਉਣ ਲਈ ਵੱਧ ਤੋਂ ਵੱਧ ਲੋਕਾਂ ਨੂੰ ਸ਼ੰਭੂ ਬਾਰਡਰ 'ਤੇ ਪਹੁੰਚਣ ਦੀ ਅਪੀਲ ਕੀਤੀ ਗਈ ਹੈ।ਕਾਬਲੇਜ਼ਿਕਰ ਹੈ ਕਿ 13 ਫਰਵਰੀ 2024 ਤੋਂ ਕਿਸਾਨਾਂ ਵੱਲੋਂ ਆਪਣੀਆਂ ਮੰਗਾਂ ਲਈ ਮੋਰਚੇ ਦੀ ਸ਼ੁਰੂਆਤ ਕੀਤੀ ਸੀ ਜੋ ਹੁਣ ਤੱਕ ਜਾਰੀ ਹੈ। ਉਧਰ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਦਾ ਮਰਨ ਵਰਤ ਵੀ ਲਗਾਤਾਰ 39 ਦਿਨਾਂ ਤੋਂ ਚੱਲ ਰਿਹਾ ਹੈ।
ਚਰਚਾ 'ਚ ਰਹੇ ਦਿਲਜੀਤ
ਜੇਕਰ ਦਿਲਜੀਤ ਦੇ ਟੂਰ ਦੀ ਗੱਲ ਕਰੀਏ ਤਾਂ ਕਾਫੀ ਹਿੱਟ ਰਿਹਾ। ਉੱਥੇ ਹੀ ਵੱਖ-ਵੱਖ ਵਿਵਾਦਾਂ 'ਚ ਰਿਹਾ। ਕਈ ਵਾਰ ਅਦਾਲਤ ਵੱਲੋਂ ਨੋਟਿਸ ਵੀ ਜਾਰੀ ਕੀਤੇ ਗਏ ਪਰ ਜੇਕਰ ਪ੍ਰਧਾਨ ਮੰਤਰੀ ਅਤੇ ਦੋਸਾਂਝਾ ਵਾਲੇ ਦੀ ਮਿਲਣੀ 'ਤੇ ਹੋਏ ਵਿਵਾਦ ਦੀ ਗੱਲ ਕਰੀਏ ਤਾਂ ਇਸ ਬਾਰੇ ਹਾਲੇ ਦਿਲਜੀਤ ਵੱਲੋਂ ਕੋਈ ਪ੍ਰਤੀਕਰਮ ਸਾਹਮਣੇ ਨਹੀਂ ਆਇਆ।