ਬਠਿੰਡਾ: ਪੰਜਾਬ 'ਚ ਅਪਰਾਧਿਕ ਮਾਮਲੇ ਵੱਧਦੇ ਜਾ ਰਹੇ ਹਨ। ਤਾਜ਼ਾ ਮਾਮਲਾ ਬਠਿੰਡਾ ਤੋਂ ਸਾਹਮਣੇ ਆਇਆ ਹੈ, ਜਿਥੇ ਕਿ ਜ਼ਿਲ੍ਹੇ ਦੇ ਨਜ਼ਦੀਕੀ ਪਿੰਡ 'ਚ ਤਲਾਕਸ਼ੁਦਾ ਗੁਆਂਢੀ ਵੱਲੋਂ ਨਾਬਾਲਿਗ ਲੜਕੀ ਨਾਲ ਬਲਾਤਕਾਰ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਦੱਸਿਆ ਜਾ ਰਿਹਾ ਕਿ ਪਿੰਡ ਦਾ ਹੀ ਵਿਅਕਤੀ ਨਾਬਾਲਿਗ ਲੜਕੀ ਨੂੰ ਵਰਗਲਾ ਕੇ ਹੋਟਲ 'ਚ ਲੈ ਗਿਆ, ਜਿਥੇ ਉਸ ਨਾਲ ਬਲਾਤਕਾਰ ਕੀਤਾ ਦੱਸਿਆ ਜਾ ਰਿਹਾ ਹੈ। ਉਥੇ ਹੀ ਪੀੜਤ ਲੜਕੀ ਦੇ ਪਰਿਵਾਰਕ ਮੈਂਬਰਾਂ ਵੱਲੋਂ ਲੜਕੀ ਦਾ ਮੈਡੀਕਲ ਬਠਿੰਡਾ ਦੇ ਸਰਕਾਰੀ ਜੱਚਾ ਬੱਚਾ ਵਾਰਡ ਵਿੱਚ ਕਰਵਾਇਆ ਗਿਆ।
ਤਲਾਕਸ਼ੁਦਾ ਗੁਆਂਢੀ ਵਲੋਂ ਨਾਬਾਲਿਗ ਨਾਲ ਬਲਾਤਕਾਰ
ਇਸ ਸਬੰਧੀ ਪੀੜਤ ਲੜਕੀ ਦੇ ਜਾਣਕਾਰ ਨੇ ਇਲਜ਼ਾਮ ਲਗਾਉਂਦੇ ਹੋਏ ਦੱਸਿਆ ਕਿ ਉਹਨਾਂ ਪਾਸ ਕੰਮ ਕਰਦੇ ਮਜ਼ਦੂਰ ਦੀ ਬੇਟੀ ਜੋ ਕਿ ਨਾਬਾਲਿਗ ਹੈ, ਜਿਸ ਨਾਲ ਉਨਾਂ ਦੇ ਗੁਆਂਢੀ ਵਲੋਂ ਬਲਾਤਕਾਰ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਮੁਲਜ਼ਮ ਗੁਆਂਢੀ ਤਲਾਕਸ਼ੁਦਾ ਹੈ ਤੇ ਉਹ ਲੜਕੀ ਨੂੰ ਵਰਗਲਾ ਕੇ ਹੋਟਲ 'ਚ ਲੈ ਗਿਆ, ਜਿਥੇ ਉਸ ਨਾਲ ਬਲਾਤਕਾਰ ਕੀਤਾ ਗਿਆ। ਉਨ੍ਹਾਂ ਦੱਸਿਆ ਕਿ ਮੁਲਜ਼ਮ ਗੁਆਂਢੀ ਵਲੋਂ ਹੋਟਲ 'ਚ ਫਰਜ਼ੀ ਆਧਾਰ ਕਾਰਡ ਦੀ ਵਰਤੋਂ ਕੀਤੀ ਗਈ ਅਤੇ ਘਟਨਾ ਤੋਂ ਬਾਅਦ ਉਹ ਮੌਕੇ ਤੋਂ ਫ਼ਰਾਰ ਹੋ ਗਿਆ।
ਪੀੜਤ ਲੜਕੀ ਦਾ ਪਰਿਵਾਰ ਨੇ ਕਰਵਾਇਆ ਮੈਡੀਕਲ
ਪੀੜਤ ਲੜਕੀ ਦੇ ਜਾਣਕਾਰ ਨੇ ਦੱਸਿਆ ਕਿ ਜਦੋਂ ਪਰਿਵਾਰਕ ਮੈਂਬਰਾਂ ਵੱਲੋਂ ਗੁੰਮਸੁੰਮ ਰਹਿ ਰਹੀ ਨਬਾਲਿਗ ਲੜਕੀ ਨਾਲ ਗੱਲਬਾਤ ਕੀਤੀ ਗਈ ਤਾਂ ਉਸ ਵੱਲੋਂ ਸਾਰੀ ਗੱਲ ਦੱਸੀ ਗਈ, ਜਿਸ ਤੋਂ ਬਾਅਦ ਲੜਕੀ ਦਾ ਬਠਿੰਡਾ ਦੇ ਸਰਕਾਰੀ ਜਚਾ ਬੱਚਾ ਹਸਪਤਾਲ ਵਿੱਚ ਮੈਡੀਕਲ ਕਰਵਾਇਆ ਗਿਆ ਹੈ। ਉਧਰ ਪੁਲਿਸ ਵੱਲੋਂ ਮੁਲਜ਼ਮ ਖਿਲਾਫ਼ ਪੋਸਕੋ ਐਕਟ ਤਹਿਤ ਮਾਮਲਾ ਦਰਜ ਕਰ ਲਿਆ ਹੈ ਅਤੇ ਉਸ ਦੀ ਤਲਾਸ਼ ਸ਼ੁਰੂ ਕਰ ਦਿੱਤੀ ਗਈ ਹੈ।
ਪੁਲਿਸ ਵਲੋਂ ਮੁਲਜ਼ਮ ਖਿਲਾਫ਼ ਮਾਮਲਾ ਦਰਜ
ਉਥੇ ਹੀ ਡੀਐਸਪੀ ਦਿਹਾਤੀ ਹਿਨਾ ਗੁਪਤਾ ਨੇ ਇਸ ਸਬੰਧੀ ਜਾਣਕਾਰੀ ਦਿੰਦਿਆਂ ਕਿਹਾ ਕਿ ਸ਼ਿਕਾਇਤ ਮਿਲਣ 'ਤੇ ਤੁਰੰਤ ਕਾਰਵਾਈ ਕਰਦੇ ਹੋਏ ਮੁਲਜ਼ਮ ਖਿਲਾਫ ਪੋਸਕੋ ਐਕਟ ਤਹਿਤ ਮਾਮਲਾ ਦਰਜ ਕਰ ਲਿਆ ਗਿਆ। ਉਨ੍ਹਾਂ ਕਿਹਾ ਕਿ ਮੁਲਜ਼ਮ ਦੀ ਤਲਾਸ਼ ਸ਼ੁਰੂ ਕਰ ਦਿੱਤੀ ਗਈ ਹੈ। ਉਹਨਾਂ ਕਿਹਾ ਕਿ ਇਸ ਮਾਮਲੇ ਦੀ ਵੀ ਜਾਂਚ ਕੀਤੀ ਜਾ ਰਹੀ ਹੈ ਕਿ ਫਰਜ਼ੀ ਆਧਾਰ ਕਾਰਡ ਦੇ ਉੱਪਰ ਹੋਟਲ ਮਾਲਕ ਵੱਲੋਂ ਕਮਰਾ ਕਿਵੇਂ ਦਿੱਤਾ ਗਿਆ।