ਲੁਧਿਆਣਾ:ਲੁਧਿਆਣਾ ਦੀ ਨਗਰ ਨਿਗਮ ਚੋਣਾਂ ਦੇ ਨਤੀਜੇ ਆਏ ਭਾਵੇਂ ਕਈ ਦਿਨ ਬੀਤ ਗਏ ਨੇ ਪਰ ਹਾਲੇ ਵੀ ਨਗਰ ਨਿਗਮ ਚੋਣਾਂ ਦੇ ਨਤੀਜਿਆਂ ਦਾ ਅਸਰ ਅਤੇ ਜ਼ੋਰ ਤੋੜ ਦੀ ਰਾਜਨੀਤੀ ਲੁਧਿਆਣਾ ਦੇ ਵਿੱਚ ਭਾਰੂ ਨਜ਼ਰ ਆ ਰਹੀ ਹੈ। ਲੁਧਿਆਣਾ ਦੇ ਵਾਰਡ ਨੰਬਰ 6 ਤੋਂ ਕਾਂਗਰਸ ਦੇ ਜੇਤੂ ਕੌਂਸਲਰ ਜਗਦੀਸ਼ ਲਾਲ ਪਹਿਲਾਂ ਆਮ ਆਦਮੀ ਪਾਰਟੀ ਦੇ ਵਿੱਚ ਸ਼ਾਮਿਲ ਹੋ ਗਏ। ਪਰ ਅੱਜ ਸ਼ਾਮ ਹੁੰਦੇ ਤੱਕ ਉਹਨਾਂ ਦੀ ਮੁੜ ਘਰ ਵਾਪਸੀ ਹੋ ਗਈ। ਇਸ ਸਬੰਧੀ ਬਕਾਇਦਾ ਆਮ ਆਦਮੀ ਪਾਰਟੀ ਵੱਲੋਂ ਪ੍ਰੈਸ ਨੋਟ ਵੀ ਜਾਰੀ ਕੀਤਾ ਗਿਆ ਪਰ ਸ਼ਾਮ ਨੂੰ ਕਾਂਗਰਸ ਦੇ ਜ਼ਿਲ੍ਹਾ ਪ੍ਰਧਾਨ ਸੰਜੇ ਤਲਵਾਰ ਦੀ ਅਗਵਾਈ ਦੇ ਵਿੱਚ ਜਗਦੀਸ਼ ਲਾਲ ਮੁੜ ਕਾਂਗਰਸ ਦੇ ਵਿੱਚ ਹੀ ਸ਼ਾਮਲ ਹੋ ਗਏ।
ਇੱਕ ਦਿਨ 'ਚ ਬਦਲੀਆਂ ਦੋ ਪਾਰਟੀਆਂ (Etv Bharat ਪੱਤਰਕਾਰ ਲੁਧਿਆਣਾ) ਦਿਨ ਸਮੇਂ 'ਆਪ' 'ਚ ਹੋਏ ਸ਼ਾਮਲ
ਦਰਅਸਲ ਪੰਜਾਬ ਦੇ ਕੈਬਨਟ ਮੰਤਰੀ ਲਾਲਜੀਤ ਭੁੱਲਰ ਵਿਸ਼ੇਸ਼ ਤੌਰ 'ਤੇ ਜਗਦੀਸ਼ ਲਾਲ ਨੂੰ ਆਮ ਆਦਮੀ ਪਾਰਟੀ ਦੇ ਵਿੱਚ ਸ਼ਾਮਲ ਕਰਵਾਉਣ ਲਈ ਪਹੁੰਚੇ ਹੋਏ ਸਨ। ਇਸ ਦੌਰਾਨ ਉਹਨਾਂ ਜਗਦੀਸ਼ ਲਾਲ ਨੂੰ ਆਮ ਆਦਮੀ ਪਾਰਟੀ ਦੇ ਵਿੱਚ ਸ਼ਾਮਲ ਕਰਵਾਇਆ ਅਤੇ ਫਿਰ ਉਨਾਂ ਦੀ ਸ਼ਲਾਘਾ ਵੀ ਕੀਤੀ। ਆਮ ਆਦਮੀ ਪਾਰਟੀ ਦੇ ਮਾਰਕਫੈਡ ਦੇ ਚੇਅਰਮੈਨ ਵੱਲੋਂ ਇਸ ਸਬੰਧੀ ਬਕਾਇਦਾ ਪ੍ਰੈਸ ਨੋਟ ਵੀ ਜਾਰੀ ਕਰਦੇ ਹੋਏ ਕਿਹਾ ਗਿਆ ਕਿ ਕਾਂਗਰਸ ਦੇ ਕੌਂਸਲਰ ਨੂੰ ਅੱਜ ਆਮ ਆਦਮੀ ਪਾਰਟੀ ਦੇ ਵਿੱਚ ਸ਼ਾਮਲ ਕਰਵਾਇਆ ਗਿਆ ਹੈ।
ਆਪ 'ਚ ਸ਼ਾਮਲ ਹੁੰਦੇ ਕੌਂਸਲਰ ਜਗਦੀਸ਼ ਲਾਲ (Etv Bharat ਪੱਤਰਕਾਰ ਲੁਧਿਆਣਾ) ਸ਼ਾਮ ਨੂੰ ਕਾਂਗਰਸ 'ਚ ਕੀਤੀ ਘਰ ਵਾਪਸੀ
ਜਿਸ ਤੋਂ ਬਾਅਦ ਅੱਜ ਸ਼ਾਮ ਨੂੰ ਹੀ ਲੁਧਿਆਣਾ ਤੋਂ ਕਾਂਗਰਸ ਦੇ ਜ਼ਿਲ੍ਹਾ ਪ੍ਰਧਾਨ ਸੰਜੇ ਤਲਵਾਰ ਵੱਲੋਂ ਆਪਣੇ ਫੇਸਬੁਕ ਪੇਜ 'ਤੇ ਲਾਈਵ ਹੋ ਕੇ ਜਾਣਕਾਰੀ ਸਾਂਝੀ ਕੀਤੀ ਗਈ ਅਤੇ ਨਾਲ ਹੀ ਮੁੜ ਤੋਂ ਕਾਂਗਰਸ ਦੇ ਵਿੱਚ ਜਗਦੀਸ਼ ਲਾਲ ਨੂੰ ਸ਼ਾਮਲ ਕਰਵਾ ਲਿਆ ਗਿਆ। ਲੁਧਿਆਣਾ ਦੇ ਨਗਰ ਨਿਗਮ ਚੋਣਾਂ ਦੇ ਨਤੀਜਿਆਂ ਦੇ ਵਿੱਚ ਆਮ ਆਦਮੀ ਪਾਰਟੀ ਦੇ 41 ਕੌਂਸਲਰ 95 ਵਾਰਡਾਂ ਦੇ ਵਿੱਚੋਂ ਜਿੱਤੇ ਸਨ ਜਦੋਂ ਕਿ ਕਾਂਗਰਸ ਦੇ ਕੋਲ 30 ਕੌਂਸਲਰ ਹਨ। ਲੁਧਿਆਣਾ ਦੇ ਵਿੱਚ ਜੋੜ ਤੋੜ ਦੀ ਰਾਜਨੀਤੀ ਸਿਖਰਾਂ 'ਤੇ ਚੱਲ ਰਹੀ ਹੈ। ਆਮ ਆਦਮੀ ਪਾਰਟੀ ਵੱਧ ਤੋਂ ਵੱਧ ਕੌਂਸਲਰ ਆਪਣੇ ਵੱਲ ਕਰਨਾ ਚਾਹੁੰਦੀ ਹੈ ਤਾਂ ਜੋ ਉਹਨਾਂ ਦਾ ਮੇਅਰ ਬਿਨਾਂ ਕਿਸੇ ਵਿਘਨ ਬਣ ਸਕੇ।
ਕਾਂਗਰਸ 'ਚ ਸ਼ਾਮਲ ਹੁੰਦੇ ਕੌਂਸਲਰ ਜਗਦੀਸ਼ ਲਾਲ (Etv Bharat ਪੱਤਰਕਾਰ ਲੁਧਿਆਣਾ) ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਨੂੰ ਦਿੱਤੀ ਸੀ ਮਾਤ
ਕਾਬਿਲੇਗੌਰ ਹੈ ਕਿ ਲੁਧਿਆਣਾ ਦੇ ਵਾਰਡ ਨੰਬਰ 6 ਤੋਂ ਕਾਂਗਰਸ ਵਲੋਂ ਚੋਣ ਲੜ ਰਹੇ ਜਗਦੀਸ਼ ਲਾਲ ਨੂੰ 3785 ਵੋਟਾਂ ਪਈਆਂ ਸਨ, ਜਦਕਿ ਉਨ੍ਹਾਂ ਨੇ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਨੂੰ 1381 ਵੋਟਾਂ ਨਾਲ ਹਰਾਇਆ ਸੀ ਤੇ ਅਕਾਲੀ ਉਮੀਦਵਾਰ ਨੂੰ ਕੁੱਲ 2404 ਵੋਟਾਂ ਮਿਲੀਆਂ ਸੀ।