ਲੁਧਿਆਣਾ: ਬੀਤੇ ਦਿਨੀ ਰਵਨੀਤ ਬਿੱਟੂ ਦੇ ਕਰੀਬੀ ਰਾਜੀਵ ਰਾਜਾ ਨੂੰ ਲੋਹਾ ਵਪਾਰੀ ਦੀ ਸ਼ਿਕਾਇਤ 'ਤੇ ਫਿਰੌਤੀ ਮੰਗਣ ਦੇ ਮਾਮਲੇ 'ਚ ਗ੍ਰਿਫ਼ਤਾਰ ਕਰਨ ਨੂੰ ਲੈ ਕੇ ਕੇਂਦਰੀ ਰਾਜ ਮੰਤਰੀ ਰਵਨੀਤ ਬਿੱਟੂ ਨੇ ਮੁੱਖ ਮੰਤਰੀ ਪੰਜਾਬ ਅਤੇ ਪੰਜਾਬ ਪੁਲਿਸ ਉੱਤੇ ਸਵਾਲ ਖੜੇ ਕੀਤੇ ਹਨ। ਰਵਨੀਤ ਬਿੱਟੂ ਨੇ ਕਿਹਾ ਦਿੱਲੀ ਹਾਰ ਤੋਂ ਬਾਅਦ ਪੰਜਾਬ ਦੇ ਮੁੱਖ ਮੰਤਰੀ ਬੁਖਲਾ ਗਏ ਹਨ ਕਿ ਅਜਿਹੀਆਂ ਕਾਰਵਾਈਆਂ ਨੂੰ ਅੰਜਾਮ ਦੇ ਰਹੇ ਹਨ। ਉਨ੍ਹਾਂ ਨੇ ਕਿਹਾ ਕਿ ਮੇਰੇ ਕਰੀਬੀਆਂ ਨੂੰ ਜਾਣ ਬੁਝ ਕੇ ਨਿਸ਼ਾਨਾ ਬਣਾਇਆ ਜਾ ਰਿਹਾ ਹੈ। ਦੱਸ ਦਈਏ ਕਿ ਰਾਜੀਵ ਰਾਜਾ ਨੂੰ ਲੁਧਿਆਣਾ ਪੁਲਿਸ ਨੇ ਗ੍ਰਿਫਤਾਰ ਕੀਤਾ ਹੈ। ਉਸ ਉੱਤੇ ਇਲਜ਼ਾਮ ਹੈ ਕਿ ਉਸ ਨੇ ਇੱਕ ਵਪਾਰੀ ਤੋਂ ਫਿਰੋਤੀ ਮੰਗੀ ਹੈ।
ਦਿੱਲੀ ਵਿੱਚ ਆਮ ਆਦਮੀ ਪਾਰਟੀ ਹਾਰੀ ਹੈ। ਮਹਾਰਾਜਾ ਸਤੌਜ ਸਾਬ੍ਹ (ਸੀਐਮ ਭਗਵੰਤ ਮਾਨ) ਬੜੀ ਤੇਜੀ ਨਾਲ ਇੱਥੋਂ ਗਏ ਸੀ ਕੁਰਸੀ ਬਚਾਉਣ ਲਈ, ਪਰ ਭਾਜਪਾ ਨੇ ਬਹੁਤ ਮਿਹਨਤ ਕੀਤੀ ਸੀ ਅਤੇ ਆਮ ਆਦਮੀ ਪਾਰਟੀ ਹਾਰ ਗਈ। ਹੁਣ ਤੁਸੀਂ ਮੇਰੇ ਕਰੀਬੀਆਂ ਉੱਤੇ ਕਾਰਵਾਈਆਂ ਕਰ ਰਹੇ ਹੋ। ਮੇਰੇ 10 ਹੋਰ ਕਰੀਬੀਆਂ ਦੇ ਘਰਾਂ ਵਿੱਚ ਪੁਲਿਸ ਵੱਲੋਂ ਰੇਡ ਕੀਤੀ ਜਾ ਰਹੀ ਹੈ। ਮੈਂ ਪਾਰਲੀਮੈਂਟ ਸੈਸ਼ਨ ਖ਼ਤਮ ਹੋਣ ਤੋਂ ਬਾਅਦ, ਤੁਹਾਡੇ (ਭਗਵੰਤ ਮਾਨ) ਸੀਐਮ ਰਿਹਾਇਸ਼ ਬਾਹਰ ਆਵਾਂਗਾ, ਜਿੱਥੇ ਤੁਸੀਂ ਕਿਲ੍ਹਾਬੰਦੀ ਕੀਤੀ ਹੈ, ਲੁੱਕ ਕੇ ਬੈਠੇ ਹੋ, ਉੱਥੇ ਆ ਕੇ ਮੀਡੀਆ ਸਾਹਮਣੇ ਗੱਲ ਕਰਾਂਗਾ। ਹਿੰਮਤ ਹੋਈ ਤਾਂ ਮੈਨੂੰ ਗ੍ਰਿਫ਼ਤਾਰ ਕਰ ਲਿਓ, ਪਰ ਨਾਜਾਇਜ਼ ਕਿਸੇ ਦੇ ਬੱਚਿਆਂ ਦੀ ਜ਼ਿੰਦਗੀ ਖ਼ਰਾਬ ਕਰਨ ਦੀ ਤੁਹਾਡੇ ਕੋਲੋਂ ਆਸ ਨਹੀਂ ਸੀ। - ਰਵਨੀਤ ਸਿੰਘ ਬਿੱਟੂ, ਕੇਂਦਰੀ ਰਾਜ ਮੰਤਰੀ
![Bittu Target To Punjab CM](https://etvbharatimages.akamaized.net/etvbharat/prod-images/10-02-2025/pb-ldh-01-ravneet-bittu-byte-7205443_10022025075606_1002f_1739154366_76.jpeg)
‘ਹਾਰ ਹੋਣ ਕਾਰਨ ਬਦਲਾਖੋਰੀ ਕਰ ਰਹੀ ਆਪ ਪਾਰਟੀ’
ਰਵਨੀਤ ਬਿੱਟੂ ਨੇ ਕਿਹਾ ਕਿ ਦਿੱਲੀ ਵਿੱਚ ਭਾਜਪਾ ਦੀ ਹੋਈ ਵੱਡੀ ਜਿੱਤ ਦੇ ਕਾਰਨ ਹੁਣ ਆਮ ਆਦਮੀ ਪਾਰਟੀ ਦੇ ਮੁਖੀ ਬਦਲਾਖੋਰੀ ਦੀ ਸਿਆਸਤ ਕਰ ਰਹੇ ਹਨ। ਉਨ੍ਹਾਂ ਨੇ ਕਿਹਾ ਕਿ ਰਾਜੀਵ ਰਾਜਾ ਮੇਰੇ ਬਹੁਤ ਕਰੀਬੀ ਹਨ। ਜਾਣ ਬੁਝਕੇ ਮੇਰੇ ਕਰੀਬੀਆਂ ਉੱਤੇ ਕਾਰਵਾਈਆਂ ਕੀਤੀਆਂ ਜਾ ਰਹੀਆਂ ਹਨ।
ਬਿੱਟੂ ਨੇ ਅਫਸਰਾਂ ਨੂੰ ਵੀ ਦਿੱਤੀ ਸਲਾਹ
ਰਵਨੀਤ ਬਿੱਟੂ ਨੇ ਕਿਹਾ ਕਿ ਜਿਹੜੇ ਅਫ਼ਸਰ ਤਰੱਕੀ ਲਈ ਅਜਿਹੀਆਂ ਕਾਰਵਾਈਆਂ ਕਰ ਰਹੇ ਹਨ, ਉਨ੍ਹਾਂ ਨੂੰ ਵੀ ਇਸ ਤੋਂ ਗੁਰੇਜ਼ ਕਰਨਾ ਚਾਹੀਦਾ ਹੈ।