ਸਰਵਣ ਸਿੰਘ ਪੰਧੇਰ, ਕਿਸਾਨ ਆਗੂ ਅੰਮ੍ਰਿਤਸਰ: ਕੇਂਦਰ ਸਰਕਾਰ ਖਿਲਾਫ ਚੱਲ ਰਹੇ ਅੰਦੋਲਨ ਨੂੰ ਲੈ ਕੇ ਹੁਣ ਕਿਸਾਨ ਟਰੇਨਾਂ ਰਾਹੀਂ ਸ਼ੰਭੂ ਅਤੇ ਖਨੌਰੀ ਬਾਰਡਰ ਪਹੁੰਚਣ ਦੀ ਸ਼ੁਰੂਆਤ ਕਰਨ ਜਾ ਰਹੇ ਹਨ ਅਤੇ ਇਸ ਨੂੰ ਲੈ ਕੇ ਅੱਜ ਕਿਸਾਨ ਮਜ਼ਦੂਰ ਮੋਰਚਾ ਦੇ ਆਗੂ ਅਤੇ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੇ ਆਗੂ ਸਰਵਣ ਸਿੰਘ ਪੰਧੇਰ ਵੱਲੋਂ ਅੰਮ੍ਰਿਤਸਰ ਦੇ ਰੇਲਵੇ ਸਟੇਸ਼ਨ ਉੱਤੇ ਪਹੁੰਚ ਕੇ ਸਟੇਸ਼ਨ ਸੁਪਰਡੈਂਟ ਦੇ ਨਾਲ ਗੱਲਬਾਤ ਕੀਤੀ ਗਈ ਅਤੇ ਉਹਨਾਂ ਕੋਲੋਂ ਟਰੇਨਾਂ ਦਾ ਵੇਰਵਾ ਵੀ ਲਿਆ ਗਿਆ।
ਸਰਵਨ ਸਿੰਘ ਪੰਧੇਰ ਵੱਲੋਂ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਕੇਂਦਰ ਸਰਕਾਰ ਉੱਤੇ ਨਿਸ਼ਾਨੇ ਸਾਧੇ ਗਏ। ਉਹਨਾਂ ਕਿਹਾ ਕਿ ਕੇਂਦਰ ਸਰਕਾਰ ਇਸ ਵੇਲੇ ਬੈਕ ਫੁੱਟ ਉੱਤੇ ਨਜ਼ਰ ਆ ਰਹੀ ਹੈ ਅਤੇ ਇਸੇ ਕਰਕੇ ਹੀ ਉਹਨਾਂ ਵੱਲੋਂ ਲੋਕ ਸਭਾ ਚੋਣਾਂ 2024 ਨੂੰ ਲੈ ਕੇ ਚੋਣ ਜਾਬਤਾ ਹੁਣ ਅੱਗੇ ਵੱਲ ਨੂੰ ਵਧਾਇਆ ਜਾ ਰਿਹਾ ਹੈ। ਉੱਥੇ ਹੀ ਉਹਨਾਂ ਨੇ ਕੇਂਦਰ ਸਰਕਾਰ ਦੇ ਨਾਲ ਨਾਲ ਪੰਜਾਬ ਸਰਕਾਰ ਨੂੰ ਵੀ ਕਠਹਿਰੇ ਵਿੱਚ ਖੜਾ ਕੀਤਾ ਅਤੇ ਕਿਹਾ ਕਿ ਹੁਣ ਕੁਝ ਸਮੇਂ ਬਾਅਦ ਸਾਫ ਹੋਵੇਗਾ ਕਿ ਪੰਜਾਬ ਸਰਕਾਰ ਕਿਸਾਨਾਂ ਦੇ ਨਾਲ ਹੈ ਜਾਂ ਨਹੀਂ ਕਿਉਂਕਿ ਗਰਮੀਆਂ ਦਾ ਮੌਸਮ ਸ਼ੁਰੂ ਹੋਣ ਜਾ ਰਿਹਾ ਹੈ ਅਤੇ ਸਾਨੂੰ ਬਿਜਲੀ ਦੀ ਕਾਫੀ ਮੁਸ਼ਕਿਲ ਦਾ ਸਾਹਮਣਾ ਕਰਨਾ ਪੈ ਰਿਹਾ ਹੈ।
ਸਰਵਣ ਸਿੰਘ ਪੰਧੇਰ ਨੇ ਕਿਹਾ ਕਿ ਹਰ ਮਹੀਨੇ ਦੀ 10-20 ਅਤੇ 30 ਤਰੀਕ ਨੂੰ ਜਾਣ ਵਾਲੀਆਂ ਰੇਲ ਗੱਡੀਆਂ ਦੀ ਸੂਚੀ ਵੀ ਲਈ ਗਈ ਹੈ। ਹੁਣ ਰੇਲਵੇ ਦੀ ਮਦਦ ਦੇ ਨਾਲ ਖਨੌਰੀ ਅਤੇ ਸ਼ੰਭੂ ਬਾਰਡਰਾਂ ਉੱਤੇ ਕਿਸਾਨ ਪਹੁੰਚਣ ਗਏ ਅਤੇ ਆਪਣਾ ਪ੍ਰਦਰਸ਼ਨ ਨਿਰੰਤਰ ਜਾਰੀ ਰੱਖਣਗੇ। ਉਹਨਾਂ ਅੱਗੇ ਬੋਲਦੇ ਹੋਏ ਕਿਹਾ ਕਿ ਸਾਨੂੰ ਲੱਗਦਾ ਹੈ ਕਿ ਇਹ ਅੰਦੋਲਨ ਹੁਣ ਅੰਦੋਲਨ ਲੰਮਾ ਚੱਲੇਗਾ ਅਤੇ ਇਸ ਅੰਦੋਲਨ ਨੂੰ ਲੰਮਾ ਖਿੱਚਣ ਵਾਸਤੇ ਇਹੀ ਵਿਉਤਬੰਦੀ ਤਿਆਰ ਕੀਤੀ ਜਾ ਰਹੀ ਹੈ। ਅੱਗੇ ਬੋਲਦੇ ਹੋਏ ਕਿਸਾਨ ਆਗੂ ਨੇ ਕਿਹਾ ਕਿ ਅਸੀਂ ਜਿੱਥੇ ਇੱਕ ਪਾਸੇ ਰੇਲਵੇ ਦਾ ਸਹਾਰਾ ਲੈ ਰਹੇ ਹਾਂ ਉੱਥੇ ਹੀ ਦੂਸਰੇ ਪਾਸੇ ਪੰਜਾਬ ਰੋਡਵੇਜ ਦੇ ਡਰਾਈਵਰਾਂ ਨੂੰ ਅਤੇ ਉਹਨਾਂ ਦੇ ਕੰਡੈਕਟਰਾਂ ਨੂੰ ਵੀ ਅਪੀਲ ਕਰਾਂਗੇ ਕਿ ਉਹ ਕਿਸਾਨਾਂ ਕੋਲੋਂ ਟਿਕਟ ਨਾ ਲੈਣ।
ਰੇਲਵੇ ਦੇ ਅਧਿਕਾਰੀਆਂ ਨੇ ਦੱਸਿਆ ਕਿ ਸਰਵਣ ਸਿੰਘ ਪੰਧੇਰ ਵੱਲੋਂ ਸਾਡੇ ਨਾਲ ਇੱਕ ਮੀਟਿੰਗ ਰੱਖੀ ਗਈ ਸੀ ਅਤੇ ਉਸ ਮੀਟਿੰਗ ਦੇ ਦੌਰਾਨ ਉਹਨਾਂ ਵੱਲੋਂ ਹਰ ਮਹੀਨੇ 10, 20 ਅਤੇ 30 ਤਰੀਕ ਨੂੰ ਜਾਣ ਵਾਲੀਆਂ ਰੇਲ ਗੱਡੀਆਂ ਦੀ ਸੂਚੀ ਪ੍ਰਾਪਤ ਕੀਤੀ ਗਈ ਹੈ। ਉਹਨਾਂ ਕਿਹਾ ਕਿ ਇਹ ਮੀਟਿੰਗ ਵਧੀਆ ਢੰਗ ਨਾਲ ਹੋਈ ਹੈ ਅਤੇ ਅਸੀਂ ਸਾਰੀ ਜਾਣਕਾਰੀ ਉਹਨਾਂ ਨੂੰ ਦਿੱਤੀ ਹੈ। ਉਹਨਾਂ ਕਿਹਾ ਕਿ ਜਿਸ ਤਰ੍ਹਾਂ ਦਾ ਵੀ ਸਹਿਯੋਗ ਕਿਸਾਨ ਮੰਗਣਗੇ ਅਸੀਂ ਉਹਨਾਂ ਨੂੰ ਦੇਣ ਲਈ ਤਿਆਰ ਹਾਂ ਅਤੇ ਅਸੀਂ ਚਾਹੁੰਦੇ ਹਾਂ ਕਿ ਕਿਸਾਨ ਵੱਲੋਂ ਜੋ ਅੰਦੋਲਨ ਚੱਲ ਰਿਹਾ ਹੈ, ਉਹ ਉਸ ਵਿੱਚ ਕਾਮਯਾਬ ਹੋਣ।