ਜਥੇਦਾਰ ਧਿਆਨ ਸਿੰਘ ਮੰਡ (ETV BHARAT AMRITSAR) ਅੰਮ੍ਰਿਤਸਰ :ਪੰਜਾਬ ਵਿੱਚ ਹੋਣ ਵਾਲੀਆਂ ਲੋਕ ਸਭਾ ਚੋਣਾਂ 2024 ਨੂੰ ਲੈ ਕੇ ਜਿੱਥੇ ਹਰੇਕ ਰਾਜਨੀਤਿਕ ਪਾਰਟੀ ਵੱਲੋਂ ਆਪਣਾ ਚੋਣ ਪ੍ਰਚਾਰ ਸ਼ੁਰੂ ਕਰ ਦਿੱਤਾ ਗਿਆ ਹੈ। ਉੱਥੇ ਹੀ ਸਰਬੱਤ ਖਾਲਸਾ ਵੱਲੋਂ ਥਾਪੇ ਜਥੇਦਾਰ ਭਾਈ ਧਿਆਨ ਸਿੰਘ ਮੰਡ ਵੱਲੋਂ ਵੀ ਬੀਤੇ ਦਿਨ ਪੰਥਕ ਆਜ਼ਾਦ ਉਮੀਦਵਾਰਾਂ ਦੇ ਹੱਕ ਦੇ ਵਿੱਚ ਚੋਣ ਪ੍ਰਚਾਰ ਦੀ ਸ਼ੁਰੂ ਕਰ ਦਿੱਤਾ ਗਿਆ ਹੈ। ਇਸ ਤੋਂ ਪਹਿਲਾਂ ਉਹਨਾਂ ਨੇ ਸ੍ਰੀ ਅਕਾਲ ਤਖਤ ਸਾਹਿਬ ਵਿਖੇ ਜਾ ਕੇ ਅਰਦਾਸ ਕੀਤੀ। ਉਥੇ ਹੀ ਅਰਦਾਸ ਉਪਰੰਤ ਉਹਨਾਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆ ਕਿਹਾ ਕਿ ਜੋ ਪੰਥ ਦੀ ਖਾਤਰ ਚੋਣ ਲੜ ਰਹੇ ਹਨ ਉਹਨਾਂ ਆਜ਼ਾਦ ਉਮੀਦਵਾਰਾਂ ਨੂੰ ਵੋਟ ਜਰੂਰ ਪਾਓ।
ਪੰਥ ਦੇ ਹਿਮਾਇਤੀਆਂ ਨੂੰ ਵੋਟ ਕਰਨ ਦੀ ਅਪੀਲ : ਇਸ ਮੌਕੇ ਉਹਨਾਂ ਕਿਹਾ ਕਿ ਹੁਣ ਤੱਕ ਸਿਆਸੀ ਪਾਰਟੀਆਂ ਨੇ ਆਪਣੇ ਲਾਹੇ ਲਈ ਬਹੁਤ ਕੁਝ ਕੀਤਾ ਹੈ ਪਰ ਪੰਥ ਲਈ ਆਪਣੀ ਕੌਮ ਲਈ ਕੋਈ ਡਟ ਕੇ ਨਹੀਂ ਖੜ੍ਹਾ ਹੋਇਆ। ਉਹਨਾਂ ਕਿਹਾ ਕਿ ਇਸ ਵਾਰ ਵੋਟ ਉਹਨਾਂ ਨੂੰ ਦਿਓ ਜਿੰਨਾ ਦੀ ਪੰਥ ਨੂੰ ਦੇਣ ਹੈ। ਉਦਾਹਰਨ ਦਿੰਦੇ ਹੋਏ ਉਹਨਾਂ ਕਿਹਾ ਕਿ ਭਾਈ ਅੰਮ੍ਰਿਤ ਪਾਲ ਸਿੰਘ ਦੇ ਹੱਕ ਦੇ ਵਿੱਚ ਉਹ ਚੋਣ ਪ੍ਰਚਾਰ ਕਰਨਗੇ ਅਤੇ ਸੰਗਤ ਨੂੰ ਅਪੀਲ ਹੈ ਕਿ ਉਹਨਾਂ ਨੂੰ ਵੋਟ ਜਰੂਰ ਕਰਨ। ਓਹਨਾ ਨੇ ਕਿਹਾ ਕਿ ਅੱਜ ਦੇ ਸਮੇਂ ਜੋੜ ਤੋੜ ਦੀ ਰਾਜਨੀਤੀ ਚੱਲ ਰਹੀ ਹੈ। ਅੱਜ ਹਰ ਕੋਈ ਆਗੂ ਇੱਕ ਪਾਰਟੀ ਨੂੰ ਛੱਡ ਕੇ ਕੋਈ ਦੂਸਰੀ ਪਾਰਟੀ ਦੇ ਵਿੱਚ ਜਾ ਰਿਹਾ ਹੈ ਅਜਿਹੇ ਉਮੀਦਵਾਰਾਂ 'ਤੇ ਕਦੇ ਵੀ ਭਰੋਸਾ ਨਾ ਕਰੋ।
ਗੁਰੂਆਂ ਦੇ ਦੋਸ਼ੀਆਂ ਨੂੰ ਮਿਲ ਰਹੀ ਸਜ਼ਾ :ਇਸ ਮੌਕੇ ਜਥੇਦਾਰ ਮੰਡ ਨੇ ਸ਼੍ਰੋਮਣੀ ਅਕਾਲੀ ਦਲ ਦੀ ਪਾਰਟੀ ਉੱਤੇ ਵੀ ਰੋਸ ਪ੍ਰਗਟਾਇਆ। ਉਹਨਾਂ ਕਿਹਾ ਕਿ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਅਕਾਲੀ ਸਰਕਾਰ ਵੇਲੇ ਹੋਈ। ਉਸ ਤੋਂ ਬਾਅਦ ਬੀਬਾ ਹਰਸਿਮਰਤ ਕੌਰ ਬਾਦਲ ਨੇ ਅਕਾਲ ਤਖਤ ਸਾਹਿਬ ਚ ਆਕੇ ਸੋਂਹ ਖਾਦੀ ਕਿ ਜਿਸ ਨੇ ਇਹ ਪਾਪ ਕਮਾਇਆ ਹੈ ਉਸ ਦਾ ਰਹੇ ਕੱਖ ਨਾ, ਤੇ ਓਹੀ ਹੋਇਆ, ਅੱਜ ਸ਼੍ਰੋਮਣੀ ਅਕਾਲੀ ਦਲ ਦਾ ਕੱਖ ਨਹੀਂ ਰਿਹਾ ਅਤੇ ਜਿਨਾਂ ਜਿੰਨਾ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ, ਸਿੱਖ ਕੌਮ ਦੀ ਬੇਅਦਬੀ ਕੀਤੀ ਹੈ ਉਹਨਾਂ ਦਾ ਰਹਿਣਾ ਕੱਖ ਨਹੀਂ।
ਜਰੂਰ ਹੋਣ ਡੋਪ ਟੈਸਟ :ਇਸ ਮੌਕੇ ਜਥੇਦਾਰ ਨੇ ਅਕਾਲੀ ਦਲ ਛੱਡ ਕੇ ਆਪ 'ਚ ਗਏ ਤਲਬੀਰ ਸਿੰਘ ਗਿੱਲ ਵੱਲੋਂ ਲਾਏ ਇਲਜ਼ਾਮਾਂ 'ਤੇ ਬੋਲਦੇ ਹੋਏ ਕਿਹਾ ਕਿ ਜੋ ਪਿਛਲੇ ਦਿਨੀ ਤਲਬੀਰ ਸਿੰਘ ਗਿੱਲ ਵੱਲੋਂ ਸ਼੍ਰੋਮਣੀ ਕਮੇਟੀ ‘ਤੇ ਤੰਜ ਕੱਸਿਆ ਗਿਆ ਤੇ ਕਿਹਾ ਗਿਆ ਕਿ ਸ਼੍ਰੋਮਣੀ ਕਮੇਟੀ ਦੇ ਮੁਲਾਜ਼ਮ ਨਸ਼ਾ ਕਰਦੇ ਹਨ ਅਤੇ ਅਫੀਮ ਖਾਂਦੇ ਹਨ। ਤਾਂ ਫਿਰ ਸ਼੍ਰੋਮਣੀ ਕਮੇਟੀ ਨੂੰ ਆਪਣਾ ਸੱਚਾਈ ਦਾ ਸਬੂਤ ਦੇਣ ਲਈ ਆਪਣੇ ਡੋਪ ਟੈਸਟ ਜਰੂਰ ਕਰਵਾਉਣੇ ਚਾਹੀਦੇ ਹਨ।
ਅੰਮ੍ਰਿਤਪਾਲ ਸਿੰਘ ਦੀ ਹਿਮਾਇਤ :ਇੱਥੇ ਦੱਸਣ ਯੋਗ ਹੈ ਕੀ ਅੰਮ੍ਰਿਤਪਾਲ ਸਿੰਘ ਵੱਲੋਂ ਖਡੂਰ ਸਾਹਿਬ ਦੀ ਚੋਣ ਲੜੇ ਜਾਣ ਤੋਂ ਬਾਅਦ ਹੁਣ ਸਾਰੀ ਸਿੱਖ ਜਥੇਬੰਦੀਆਂ ਦੇ ਆਗੂਆਂ ਵੱਲੋਂ ਅੰਮ੍ਰਿਤਪਾਲ ਸਿੰਘ ਦਾ ਸਹਿਯੋਗ ਕੀਤਾ ਜਾ ਰਿਹਾ ਹੈ ਅਤੇ ਉਹਨਾਂ ਦੇ ਨਾਲ ਨਾਲ ਪੰਜਾਬ ਵਿੱਚ ਜਿਸ ਜਿਸ ਜਗ੍ਹਾ 'ਤੇ ਪੰਥਕ ਆਗੂ ਖੜੇ ਹਨ, ਉਸ ਜਗ੍ਹਾ ਤੇ ਇਹ ਵੀ ਉਹਨਾਂ ਦਾ ਸਹਿਯੋਗ ਕਰਨ ਲਈ ਸਰਬੱਤ ਖਾਲਸਾ ਵਿੱਚ ਥਾਪੇ ਗਏ ਕਾਰਜਕਾਰੀ ਜਥੇਦਾਰ ਧਿਆਨ ਸਿੰਘ ਮੰਡ ਵੱਲੋਂ ਪੰਜਾਬ ਦੀ ਸੰਗਤਾਂ ਨੂੰ ਅਪੀਲ ਕੀਤੀ ਗਈ ਹੈ। ਧਿਆਨ ਸਿੰਘ ਮੰਡ ਵੱਲੋਂ ਸ੍ਰੀ ਅਕਾਲ ਤਖਤ ਸਾਹਿਬ ਤੇ ਅਰਦਾਸ ਕਰ ਅੰਮ੍ਰਿਤਪਾਲ ਸਿੰਘ ਅਤੇ ਪੰਥਕ ਉਮੀਦਵਾਰਾਂ ਨੂੰ ਵੋਟ ਪਾਉਣ ਨੂੰ ਲੈ ਕੇ ਅਪੀਲ ਕੀਤੀ ਗਈ ਹੈ ਅਤੇ ਹੁਣ ਵੇਖਣਾ ਹੋਵੇਗਾ ਕਿ ਇਸ ਅਪੀਲ ਤੋਂ ਬਾਅਦ ਕੀ ਕੀ ਅਸਰ ਹਰ ਇੱਕ ਸੀਟ ਤੇ ਕੀ ਫਰਕ ਪੈਂਦਾ ਹੈ ਇਹ ਤਾਂ ਚਾਰ ਜੂਨ ਵਾਲੇ ਦਿਨ ਹੀ ਪਤਾ ਲੱਗ ਪਵੇਗਾ ਲੇਕਿਨ ਇੱਕ ਵਾਰ ਫਿਰ ਤੋਂ ਪੰਜਾਬ ਵਿੱਚ ਸਿਆਸਤ ਪੂਰੀ ਤਰਹਾਂ ਨਾਲ ਗਰਮਾਉਂਦੀ ਹੋਈ ਨਜ਼ਰ ਆ ਰਹੀ ਹੈ।