ਕਵੇਟਾ: ਪਾਕਿਸਤਾਨ ਦੇ ਕਵੇਟਾ 'ਚ ਭਿਆਨਕ ਹੱਤਿਆ ਦਾ ਮਾਮਲਾ ਸਾਹਮਣੇ ਆਇਆ ਹੈ। ਇੱਕ 15 ਸਾਲ ਦੀ ਕੁੜੀ ਨੂੰ ਉਸ ਦੇ ਪਿਤਾ ਅਤੇ ਮਾਮੇ ਨੇ ਇੱਕ TikTok ਵੀਡੀਓ ਬਣਾਉਣ ਨੂੰ ਲੈਕੇ ਗੋਲੀ ਮਾਰ ਦਿੱਤੀ। 15 ਸਾਲ ਦੀ ਹੀਰਾ ਦੇ ਪਿਤਾ ਨੂੰ ਉਦੋਂ ਗੁੱਸਾ ਆ ਗਿਆ ਜਦੋਂ ਉਸ ਦੀ ਧੀ ਨੇ ਮਨ੍ਹਾਂ ਕਰਨ ਦੇ ਬਾਵਜੂਦ ਸੋਸ਼ਲ ਮੀਡੀਆ 'ਤੇ TikTok ਵੀਡੀਓਜ਼ ਬਣਾਈਆਂ ਜਿਸ ਤੋਂ ਬਾਅਦ ਮੁਲਜ਼ਮ ਨੇ ਲੜਕੀ ਦੇ ਮਾਮੇ ਨਾਲ ਮਿਲ ਕੇ ਧੀ ਦਾ ਕਤਲ ਕਰਨ ਦੀ ਯੋਜਨਾ ਬਣਾਈ। ਮੁਲਜ਼ਮ ਪਿਤਾ ਨੂੰ ਲੜਕੀ ਦੇ ਛੋਟੇ ਕੱਪੜੇ ਪਹਿਨਣ ਅਤੇ ਪੱਛਮੀ ਜੀਵਨ ਸ਼ੈਲੀ ਨਾਲ ਸਮੱਸਿਆ ਸੀ।
ਪੁਲਿਸ ਨੇ ਪੁਸ਼ਟੀ ਕੀਤੀ
ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ ਮੁਲਜ਼ਮ ਪਿਤਾ ਅਨਵਾਰੁਲ ਹੱਕ ਕਈ ਸਾਲ ਪਹਿਲਾਂ ਆਪਣੀ ਪਤਨੀ ਅਤੇ ਬੱਚਿਆਂ ਨਾਲ ਅਮਰੀਕਾ ਗਿਆ ਸੀ। ਉਹ 15 ਜਨਵਰੀ ਨੂੰ ਆਪਣੀ ਧੀ ਹੀਰਾ ਨਾਲ ਪਾਕਿਸਤਾਨ ਆਇਆ ਸੀ, ਜਦੋਂ ਕਿ ਉਸ ਦੀ ਪਤਨੀ ਅਤੇ ਦੋ ਹੋਰ ਧੀਆਂ ਅਮਰੀਕਾ ਵਿੱਚ ਸਨ। ਪੁਲਿਸ ਨੇ ਪੁਸ਼ਟੀ ਕੀਤੀ ਹੈ ਕਿ ਕਤਲ ਦੀ ਪਹਿਲਾਂ ਤੋਂ ਯੋਜਨਾ ਬਣਾਈ ਗਈ ਸੀ ਕਿਉਂਕਿ ਅਨਵਾਰੁਲ-ਹੱਕ ਨੇ ਤਇਅਬ ਅਲੀ ਨਾਲ ਸਾਜ਼ਿਸ਼ ਰਚੀ ਸੀ।
ਮੁਲਜ਼ਮਾਂ ਨੂੰ ਕੀਤਾ ਗਿਆ ਗ੍ਰਿਫ਼ਤਾਰ
ਏਆਰਵਾਈ ਨਿਊਜ਼ ਦੀ ਰਿਪੋਰਟ ਮੁਤਾਬਿਕ ਪੁਲਿਸ ਨੇ ਦੋਵਾਂ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਉਨ੍ਹਾਂ ਨੇ ਕਤਲ ਦੀ ਗੱਲ ਕਬੂਲ ਕਰ ਲਈ ਹੈ। ਮਾਮਲੇ ਨੂੰ ਅਗਲੇਰੀ ਜਾਂਚ ਲਈ ਕ੍ਰਿਮੀਨਲ ਇਨਵੈਸਟੀਗੇਸ਼ਨ ਬ੍ਰਾਂਚ ਨੂੰ ਸੌਂਪ ਦਿੱਤਾ ਗਿਆ ਹੈ। ਦੱਸ ਦਈਏ ਪਾਕਿਸਤਾਨ ਵਿੱਚ TikTok ਵੀਡੀਓ ਬਣਾਉਣ ਲਈ ਪਰਿਵਾਰਕ ਮੈਂਬਰਾਂ ਨੂੰ ਮਾਰਨ ਦੀ ਇਹ ਕੋਈ ਪਹਿਲਾ ਮਾਮਲਾ ਨਹੀਂ ਹੈ। ਸਾਲ 2021 ਵਿੱਚ ਵੀ ਪਾਕਿਸਤਾਨ ਦੇ ਕਰਾਚੀ ਸ਼ਹਿਰ ਦੀ ਇੱਕ ਪੌਸ਼ ਕਲੋਨੀ ਵਿੱਚ ਇੱਕ ਲੜਕੀ ਸਮੇਤ ਪਰਿਵਾਰ ਦੇ ਚਾਰ ਮੈਂਬਰਾਂ ਨੂੰ ਟਿੱਕਟਾਕ ਵੀਡੀਓ ਬਣਾਉਣ ਲਈ ਗੋਲੀ ਮਾਰ ਦਿੱਤੀ ਗਈ ਸੀ।
- ਸਾਊਦੀ ਅਰਬ 'ਚ ਭਿਆਨਕ ਸੜਕ ਹਾਦਸਾ, 9 ਭਾਰਤੀਆਂ ਦੀ ਮੌਤ
- 176 ਯਾਤਰੀਆਂ ਨਾਲ ਭਰੇ ਜਹਾਜ਼ ਨੂੰ ਲੱਗੀ ਅੱਗ, ਜਾਣੋ ਕਿਵੇਂ ਬਚੀਆਂ ਜਾਨਾਂ
- 200 ਕੰਪਨੀਆਂ ਨੇ ਸ਼ੁਰੂ ਕੀਤਾ 4 ਦਿਨ ਦਾ ਕੰਮਕਾਜੀ ਹਫ਼ਤਾ, ਕਰਮਚਾਰੀਆਂ ਨੂੰ ਤਿੰਨ ਦਿਨ ਦੀ ਮਿਲੇਗੀ ਛੁੱਟੀ
ਦੱਸ ਦਈਏ TikTok ਅਮਰੀਕਾ 'ਚ ਐਪਲ ਅਤੇ ਗੂਗਲ ਐਪ ਸਟੋਰ 'ਤੇ ਉਪਲਬਧ ਨਹੀਂ ਹੈ ਕਿਉਂਕਿ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਇਸ ਸ਼ਰਤ 'ਤੇ ਐਪ ਨੂੰ ਮਨਜ਼ੂਰੀ ਦਿੱਤੀ ਹੈ ਕਿ ਅਮਰੀਕਾ ਇਸ ਦਾ 50 ਫੀਸਦੀ ਹਿੱਸਾ ਰੱਖੇਗਾ।