ਗਣਪਤੀ ਬੱਪਾ ਦੀਆਂ 25 ਮਨਮੋਹਕ ਮੂਰਤੀਆਂ ਵਿਸਰਜਨ ਕਰਨ ਪਹੁੰਚੇ ਫੌਜੀ ਜਵਾਨ (ETV Bharat (ਪੱਤਰਕਾਰ, ਅੰਮ੍ਰਿਤਸਰ)) ਅੰਮ੍ਰਿਤਸਰ:ਗਣਪਤੀ ਵਿਸਰਜਨ ਦੇ ਮੌਕੇ 'ਤੇ ਦੇਸ਼-ਦੁਨੀਆ 'ਚ ਸ਼ਰਧਾਲੂਆਂ 'ਚ ਭਾਰੀ ਉਤਸ਼ਾਹ ਦੇਖਣ ਨੂੰ ਮਿਲ ਰਿਹਾ ਹੈ ਅਤੇ ਇਸ ਦੌਰਾਨ ਅਸੀਂ ਆਪਣੇ ਦਰਸ਼ਕਾਂ ਨੂੰ ਇਕ ਹੋਰ ਤਸਵੀਰ ਦਿਖਾਉਣ ਜਾ ਰਹੇ ਹਾਂ। ਜਿਸ 'ਚ ਸ਼੍ਰੀ ਗਣੇਸ਼ ਜੀ ਦੀ ਵੱਡੀ ਮੂਰਤੀ ਦੇ ਨਾਲ-ਨਾਲ ਹੋਰ ਵੀ ਮਨਮੋਹਕ ਮੂਰਤੀਆਂ ਦੇਖਣ ਨੂੰ ਮਿਲ ਰਹੀਆਂ ਹਨ।
ਸ਼੍ਰੀ ਗਣੇਸ਼ ਜੀ ਦੀਆਂ ਲਗਭਗ 25 ਮੂਰਤੀਆਂ
ਤੁਹਾਨੂੰ ਦੱਸ ਦੇਈਏ ਕਿ ਇਹ ਤਸਵੀਰਾਂ, ਇਹ ਸ਼ਰਧਾ ਅਤੇ ਇਹ ਉਤਸ਼ਾਹ ਭਾਰਤੀ ਫੌਜ ਦੇ ਉਨ੍ਹਾਂ ਜਵਾਨਾਂ ਦਾ ਹੈ। ਜੋ ਬੇਸ਼ੱਕ ਆਪਣੇ ਘਰਾਂ ਤੋਂ ਸੈਂਕੜੇ ਹਜਾਰਾਂ ਮੀਲ ਦੂਰ ਹਨ ਪਰ ਉਹ ਆਪਣਾ ਤਿਉਹਾਰ ਬੇਹੱਦ ਖੁਸ਼ੀ, ਉਤਸ਼ਾਹ ਅਤੇ ਜਸ਼ਨ ਨਾਲ ਮਨਾ ਰਹੇ ਹਨ। ਤੁਹਾਨੂੰ ਦੱਸ ਦੇਈਏ ਕਿ ਇਹ ਤਸਵੀਰ ਬਿਆਸ ਨਦੀ ਦੇ ਕਿਨਾਰੇ ਦੀ ਹੈ ਜਿੱਥੇ ਕਿ ਭਾਰਤੀ ਫੌਜ ਦੇ ਜਵਾਨ ਇੱਕ ਟਰੱਕ ਵਿੱਚ ਸ਼੍ਰੀ ਗਣੇਸ਼ ਜੀ ਦੀਆਂ ਲਗਭਗ 25 ਮੂਰਤੀਆਂ ਨੂੰ ਲੈ ਕੇ ਵਿਸਰਜਨ ਕਰਨ ਲਈ ਪਹੁੰਚੇ ਹਨ।
ਤਿਉਹਾਰ ਰਲ-ਮਿਲ ਕੇ ਬਹੁਤ ਖੁਸ਼ੀ ਨਾਲ ਮਨਾਉਂਦੇ
ਇਸ ਦੌਰਾਨ ਵੱਖ-ਵੱਖ ਫੌਜੀ ਭਰਾਵਾਂ ਨੇ ਗੱਲਬਾਤ ਕਰਦਿਆਂ ਕਿਹਾ ਕਿ ਉਹ ਸਾਰਾ ਸਾਲ ਇਸ ਤਿਉਹਾਰ ਦਾ ਇੰਤਜ਼ਾਰ ਕਰਦੇ ਹਨ ਅਤੇ ਅੱਜ ਉਹ ਬੜੀ ਖੁਸ਼ੀ ਨਾਲ ਕਹਿਣਾ ਚਾਹੁੰਦੇ ਹਨ ਕਿ ਭਾਵੇਂ ਅਸੀਂ ਸਾਰੇ ਭਰਾ ਵੱਖ-ਵੱਖ ਰਾਜਾਂ ਤੋਂ ਆਉਂਦੇ ਹਾਂ, ਪਰ ਅਸੀਂ ਇੱਕ ਦੂਜੇ ਦੇ ਧਰਮ ਨਾਲ ਸਬੰਧਤ ਉਨ੍ਹਾਂ ਦੇ ਤਿਉਹਾਰ ਰਲ-ਮਿਲ ਕੇ ਬਹੁਤ ਖੁਸ਼ੀ ਨਾਲ ਮਨਾਉਂਦੇ ਹਾਂ। ਉਨ੍ਹਾਂ ਕਿਹਾ ਕਿ ਅਸੀਂ ਮਹਾਰਾਸ਼ਟਰੀ ਹੋਣ ਦੇ ਬਾਵਜੂਦ ਪੰਜਾਬ ਵਿੱਚ ਰਹਿੰਦੇ ਹੋਏ ਵੀ ਮਹਾਰਾਸ਼ਟਰ ਵਿੱਚ ਮਨਾਏ ਜਾਣ ਵਾਲੇ ਇਸ ਤਿਉਹਾਰ ਦਾ ਆਨੰਦ ਮਾਣ ਰਹੇ ਹਾਂ।
ਭਾਰਤ ਦਾ ਨਾਮ ਰੌਸ਼ਨ ਹੋਵੇ
ਫੌਜੀ ਭਰਾਵਾਂ ਨੇ ਦੱਸਿਆ ਕਿ ਅਸੀਂ ਆਪਣੇ ਘਰਾਂ ਵਿਚ ਸ਼੍ਰੀ ਗਣਪਤੀ ਮਹਾਰਾਜ ਦੀਆਂ ਛੋਟੀਆਂ ਮੂਰਤੀਆਂ ਲਗਾਉਂਦੇ ਹਾਂ ਅਤੇ ਇਸ ਤੋਂ ਇਲਾਵਾ ਵੱਡੀ ਮੂਰਤੀ ਵੀ ਸਥਾਪਿਤ ਕਰਦੇ ਹਾਂ। ਇਸ ਤੋਂ ਬਾਅਦ ਅੱਜ ਉਹ 22 ਤੋਂ 25 ਦੇ ਕਰੀਬ ਗਣਪਤੀ ਬੱਪਾ ਦੀਆਂ ਮੂਰਤੀਆਂ ਨੂੰ ਟਰੱਕ ਵਿੱਚ ਲੈ ਕੇ ਬਿਆਸ ਦਰਿਆ ਦੇ ਕੰਢੇ ਵਿਸਰਜਨ ਕਰਨ ਲਈ ਪੁੱਜੇ ਹਨ। ਉਨ੍ਹਾਂ ਕਿਹਾ ਕਿ ਅੱਜ ਉਹ ਇਸ ਤਿਉਹਾਰ ਨੂੰ ਲੈ ਕੇ ਬਹੁਤ ਉਤਸ਼ਾਹਿਤ ਹਨ, ਇਸ ਦੇ ਨਾਲ ਹੀ ਉਹ ਗਣਪਤੀ ਬੱਪਾ ਜੀ ਨੂੰ ਸ਼ੁਭਕਾਮਨਾਵਾਂ ਦਿੰਦੇ ਹਨ ਕਿ ਗਣਪਤੀ ਜੀ ਸਾਡੇ ਦੇਸ਼, ਸਾਡੇ ਪੰਜਾਬ, ਸਾਡੀ ਸੈਨਾ 'ਤੇ ਅਸੀਸ ਦੇਵੇ ਅਤੇ ਅਸੀਂ ਇਸ ਤਰ੍ਹਾਂ ਹੀ ਅੱਗੇ ਵਧਦੇ ਰਹੀਏ ਅਤੇ ਹਰ ਪਾਸੇ ਸਾਡੇ ਭਾਰਤ ਦਾ ਨਾਮ ਰੌਸ਼ਨ ਹੋਵੇ।
ਗਣਪਤੀ ਜੀ ਦੇ ਸ਼ਰਧਾਲੂ
ਇਸ ਦੇ ਨਾਲ ਹੀ ਗਣਪਤੀ ਜੀ ਦੇ ਸ਼ਰਧਾਲੂਆਂ ਨੇ 'ਗਣਪਤੀ ਬੱਪਾ ਮੋਰਿਆ, ਅਗਲੇ ਸਾਲ ਤੂ ਜਲਦੀ ਆ' ਦੇ ਜੈਕਾਰੇ ਲਗਾਏ ਅਤੇ ਕਾਮਨਾ ਕੀਤੀ ਕਿ ਅਗਲੇ ਸਾਲ ਜਲਦੀ ਹੀ ਸ਼੍ਰੀ ਗਣਪਤੀ ਬੱਪਾ ਦੁਬਾਰਾ ਉਨ੍ਹਾਂ ਦੇ ਘਰ ਆਉਣਗੇ ਅਤੇ ਉਹ ਦੁਬਾਰਾ ਵਿਸਰਜਨ ਕਰਨ ਲਈ ਇਸ ਨਦੀ ਕੰਢੇ ਆਉਣ।