ਕਾਗਜ਼ ਚੁੱਗਣ ਵਾਲੀਆਂ ਮਹਿਲਾਵਾਂ ਨੇ ਘਰ ਦੇ ਵਿੱਚ ਦਾਖਲ ਹੋ ਕੇ ਕੀਤੀ ਚੋਰੀ (Etv Bharat (ਪੱਤਰਕਾਰ, ਲੁਧਿਆਣਾ)) ਲੁਧਿਆਣਾ: ਲੁਧਿਆਣਾ ਦੇ ਗੁਰਦੇਵ ਨਗਰ ਤੋਂ ਇੱਕ ਸੀਸੀਟੀਵੀ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀ ਹੈ। ਜਿਸ ਵਿੱਚ ਕੁਝ ਮਹਿਲਾਵਾਂ ਜੋ ਕਿ ਕੂੜਾ ਅਤੇ ਕਾਗਜ਼ ਆਦਿ ਚੁੱਕਦੀਆਂ ਹਨ। ਉਹ ਇੱਕ ਖਾਲੀ ਪਏ ਘਰ ਦੇ ਵਿੱਚ ਦਾਖਲ ਹੋ ਰਹੀਆਂ ਹਨ ਅਤੇ ਫਿਰ ਉਸ ਤੋਂ ਬਾਅਦ ਵਾਪਿਸ ਆ ਰਹੀਆਂ ਹਨ। ਇਸ ਘਰ ਦੇ ਮਾਲਿਕ ਨੇ ਦੱਸਿਆ ਹੈ ਕਿ ਕੁਝ ਦਿਨ ਪਹਿਲਾਂ ਦੀ ਇਹ ਵੀਡੀਓ ਹੈ।
ਮੌਕਾ ਵੇਖ ਕੇ ਘਰ ਦੇ ਵਿੱਚ ਹੋਈਆਂ ਦਾਖਲ:ਆਮ ਤੌਰ 'ਤੇ ਗਲੀਆਂ ਦੇ ਵਿੱਚ ਘੁੰਮਣ ਵਾਲੀਆਂ ਇਹ ਮਹਿਲਾਵਾਂ ਜਿਸ ਨੂੰ ਕਾਗਜ ਚੁੱਕਣ ਵਾਲੀਆਂ ਮਹਿਲਾਵਾਂ ਕਹਿੰਦੇ ਹਨ, ਉਹ ਮੌਕਾ ਵੇਖ ਕੇ ਘਰ ਦੇ ਵਿੱਚ ਦਾਖਲ ਹੋਈਆਂ ਅਤੇ ਘਰ ਦੇ ਵਿੱਚ ਲੱਗਿਆ ਹੋਇਆ ਸਮਾਨ ਨਾਲ ਲੈ ਕੇ ਫਰਾਰ ਹੋ ਗਈਆਂ। ਜਿਸ ਲਈ ਉਨ੍ਹਾਂ ਨੇ ਪੁਲਿਸ ਨੂੰ ਸ਼ਿਕਾਇਤ ਵੀ ਦਿੱਤੀ ਹੈ ਪਰ ਹਾਲੇ ਤੱਕ ਕੋਈ ਕਾਰਵਾਈ ਨਹੀਂ ਹੋਈ।
ਇੱਕ ਮਹਿਲਾ ਅੰਦਰ ਕੰਧ ਟੱਪ ਕੇ ਦਾਖਲ ਹੋਈ:ਗੁਰਦੀਪ ਨਗਰ ਦੇ ਰਹਿਣ ਵਾਲੇ ਵਿਕਰਮ ਦੱਤ ਕਪੂਰ ਨੇ ਦੱਸਿਆ ਕਿ ਇਹ ਵੀਡੀਓ ਸ਼ਨੀਵਾਰ ਦੀ ਹੈ ਜਦੋਂ ਉਹ ਘਰ ਨਹੀਂ ਸਨ ਅਤੇ ਕੁਝ ਮਹਿਲਾਵਾਂ ਜੋ ਕਿ ਆਮ ਗਲੀਆਂ ਦੇ ਵਿੱਚ ਘੁੰਮਦੀਆਂ ਹਨ। ਉਨ੍ਹਾਂ ਨੇ ਮੌਕਾ ਵੇਖ ਕੇ ਘਰ ਦੇ ਵਿੱਚ ਦਾਖਲ ਹੋ ਕੇ ਉਥੋਂ ਅੰਦਰ ਲੱਗੀਆਂ ਟੂਟੀਆਂ ਅਤੇ ਹੋਰ ਕੁਝ ਸਮਾਨ ਆਦਿ ਲੈ ਕੇ ਫਰਾਰ ਹੋ ਗਈਆਂ। ਉਨ੍ਹਾਂ ਕਿਹਾ ਕੇਸ ਦੀ ਵੀਡੀਓ ਵੀ ਸਾਹਮਣੇ ਲੱਗੇ ਘਰ ਦੇ ਵਿੱਚ ਰਿਕਾਰਡ ਹੋਈ ਹੈ। ਜਿਸ ਵਿੱਚ ਵੇਖਿਆ ਜਾ ਸਕਦਾ ਹੈ ਕਿ ਕਿਸ ਤਰ੍ਹਾਂ ਮਹਿਲਾਵਾਂ ਆਉਂਦੀਆਂ ਹਨ। ਉਨ੍ਹਾਂ ਮਹਿਲਾਵਾਂ ਵਿੱਚੋਂ ਇੱਕ ਮਹਿਲਾ ਅੰਦਰ ਕੰਧ ਟੱਪ ਕੇ ਦਾਖਲ ਹੋ ਜਾਂਦੀ ਹੈ ਅਤੇ ਫਿਰ ਘਰ ਦੇ ਵਿੱਚੋਂ ਸਮਾਨ ਚੁੱਕ ਕੇ ਫਰਾਰ ਹੋ ਜਾਂਦੀਆਂ ਹਨ।
ਵਾਰਦਾਤਾਂ ਨੂੰ ਰੋਕਣ ਲਈ ਇਨ੍ਹਾਂ 'ਤੇ ਲਗਾਮ ਕੱਸਣੀ ਚਾਹੀਦੀ ਹੈ : ਵਿਕਰਮ ਦੱਤ ਕਪੂਰ ਨੇ ਕਿਹਾ ਕਿ ਪੁਲਿਸ ਨੂੰ ਅਜਿਹੀਆਂ ਵਾਰਦਾਤਾਂ ਨੂੰ ਰੋਕਣ ਲਈ ਇਨ੍ਹਾਂ 'ਤੇ ਲਗਾਮ ਕਸਣੀ ਹੋਵੇਗੀ। ਉਨ੍ਹਾਂ ਦੱਸਿਆ ਕਿ ਇਹ ਖਾਸ ਕਰਕੇ ਦੁਪਹਿਰ ਵੇਲੇ ਹੀ ਆਉਂਦੀਆਂ ਹਨ। ਜਿਸ ਵੇਲੇ ਲੋਕ ਘਰਾਂ ਦੇ ਵਿੱਚ ਹੁੰਦੇ ਹਨ ਜਾਂ ਫਿਰ ਕੰਮਾਂਕਾਰਾਂ 'ਤੇ ਹੁੰਦੇ ਹਨ। ਉਦੋਂ ਫਿਰ ਇਹ ਮੌਕਾ ਵੇਖਦਿਆਂ ਹੀ ਹੱਥ ਦੀ ਸਫਾਈ ਦੇ ਨਾਲ ਚੋਰੀ ਕਰਕੇ ਲੈ ਜਾਂਦੀਆਂ ਹਨ। ਵਿਕਰਮ ਦੱਤ ਨੇ ਕਿਹਾ ਕਿ ਪੁਲਿਸ ਨੂੰ ਇਸ ਸਬੰਧੀ ਸ਼ਿਕਾਇਤ ਵੀ ਕਰ ਚੁੱਕੇ ਹਾਂ ਪਰ ਕਿਸੇ ਤਰ੍ਹਾਂ ਦੀ ਕੋਈ ਕਾਰਵਾਈ ਹਾਲੇ ਤੱਕ ਨਹੀਂ ਕੀਤੀ ਗਈ ਹੈ।