ਲੁਧਿਆਣਾ:ਸ਼ਹਿਰ ਵਿੱਚ 8 ਹਜ਼ਾਰ ਦੇ ਕਰੀਬ ਡੀਜ਼ਲ 'ਤੇ ਚੱਲਣ ਵਾਲੇ ਆਟੋ ਚਾਲਕਾਂ ਦਾ ਮੁੱਦਾ ਹੁਣ ਲਗਾਤਾਰ ਭੱਖਦਾ ਜਾ ਰਿਹਾ ਹੈ। ਇਸ ਮਾਮਲੇ ਨੂੰ ਲੈ ਕੇ ਅੱਜ ਆਟੋ ਯੂਨੀਅਨ ਵੱਲੋਂ ਇੱਕਜੁੱਟ ਹੋ ਕੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਚੰਡੀਗੜ੍ਹ ਰਿਹਾਇਸ਼ ਦੇ ਬਾਹਰ ਜਾ ਕੇ ਚਾਬੀਆਂ ਦੇਣ ਦਾ ਫੈਸਲਾ ਕੀਤਾ ਗਿਆ ਸੀ, ਜਿਸ ਤੋਂ ਬਾਅਦ ਪ੍ਰਸ਼ਾਸਨ ਨੂੰ ਹੱਥਾਂ ਪੈਰਾਂ ਦੀ ਪੈ ਗਈ ਅਤੇ ਲੁਧਿਆਣਾ ਦੇ ਦਾਣਾ ਮੰਡੀ ਅਰੋੜਾ ਪੈਲਸ ਨੇੜੇ ਵੱਡੀ ਗਿਣਤੀ ਦੇ ਵਿੱਚ ਪੁਲਿਸ ਪ੍ਰਸ਼ਾਸਨ ਵੱਲੋਂ ਆ ਕੇ ਪਹਿਲਾਂ ਆਟੋ ਯੂਨੀਅਨ ਦੇ ਆਗੂਆਂ ਨਾਲ ਗੱਲਬਾਤ ਕੀਤੀ ਗਈ।
ਵਿਧਾਇਕ ਨਾਲ ਕਰਵਾਈ ਗਈ ਮੁਲਾਕਾਤ: ਉਹਨਾਂ ਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ ਗਈ ਪਰ ਜਦੋਂ ਮਾਮਲਾ ਹਾਈਕੋਰਟ ਦੇ ਵਿੱਚ ਵਿਚਾਰ ਅਧੀਨ ਹੋਣ ਦੀ ਗੱਲ ਸਾਹਮਣੇ ਆਈ ਤਾਂ ਉਹਨਾਂ ਵੱਲੋਂ ਲੁਧਿਆਣਾ ਦੇ ਪੱਛਮੀ ਹਲਕੇ ਤੋਂ ਵਿਧਾਇਕ ਗੁਰਪ੍ਰੀਤ ਗੋਗੀ ਨਾਲ ਉਹਨਾਂ ਦੀ ਬੈਠਕ ਕਰਵਾਈ ਗਈ। ਜਿਸ ਤੋਂ ਬਾਅਦ ਮੌਕੇ 'ਤੇ ਹੀ ਐਮਐਲਏ ਵੱਲੋਂ ਪ੍ਰਸ਼ਾਸਨਿਕ ਅਧਿਕਾਰੀਆਂ ਨੂੰ ਫੋਨ ਕਰਕੇ ਆਟੋ ਯੂਨੀਅਨ ਦੇ ਨਾਲ ਗੱਲ ਕਰਵਾਈ ਗਈ ਅਤੇ ਉਹਨਾਂ ਨੂੰ ਅੱਗੇ ਵੀ ਭਰੋਸਾ ਦਿੱਤਾ ਕਿ ਜੋ ਵੀ ਉਹਨਾਂ ਦੇ ਮਸਲੇ ਹਨ, ਉਹ ਹੱਲ ਕਰਵਾਏ ਜਾਣਗੇ।
ਆਟੋ ਚਾਲਕਾਂ ਦੀ ਰੋਜ਼ੀ 'ਤੇ ਨਾ ਮਾਰੀ ਜਾਵੇ ਲੱਤ: ਆਟੋ ਯੂਨੀਅਨ ਨੇ ਕਿਹਾ ਕਿ ਅੰਮ੍ਰਿਤਸਰ ਦੇ ਵਿੱਚ ਹਰ ਇੱਕ ਆਟੋ ਨੂੰ 30-30 ਹਜ਼ਾਰ ਰੁਪਏ ਦਿੱਤੇ ਗਏ ਹਨ, ਇਸ ਤੋਂ ਇਲਾਵਾ ਆਟੋ ਵੱਖਰੇ ਵਿਕੇ ਹਨ। ਉਹਨਾਂ ਨੇ ਕਿਹਾ ਕਿ ਇਸ ਤਰ੍ਹਾਂ ਦੀ ਕੋਈ ਸਕੀਮ ਲੁਧਿਆਣਾ ਵਿੱਚ ਲਿਆਂਦੀ ਜਾਵੇ, ਜਿਸ ਨਾਲ ਉਹਨਾਂ ਦੇ ਰੁਜ਼ਗਾਰ 'ਚ ਲੱਤ ਨਾ ਵੱਜੇ ਅਤੇ ਉਹ ਆਪਣਾ ਰੁਜ਼ਗਾਰ ਚਲਾ ਸਕਣ। ਉਹਨਾਂ ਨੇ ਕਿਹਾ ਕਿ ਨਵਾਂ ਸੀਐਨਜੀ ਆਟੋ 4 ਲੱਖ ਰੁਪਏ ਦੇ ਕਰੀਬ ਹੈ, ਜਿਸ ਨੂੰ ਲੈਣਾ ਮੁਨਾਸਿਬ ਨਹੀਂ ਹੈ। ਉੱਥੇ ਹੀ ਐਮਐਲਏ ਗੁਰਪ੍ਰੀਤ ਗੋਗੀ ਨੇ ਉਹਨਾਂ ਨੂੰ ਭਰੋਸਾ ਦਿੱਤਾ ਕਿ ਉਹਨਾਂ ਦਾ ਮੁੱਦਾ ਉਹ ਜ਼ਰੂਰ ਸਰਕਾਰ ਤੱਕ ਪਹੁੰਚਾਉਣਗੇ ਅਤੇ ਜਲਦ ਹੀ ਇਸ ਦਾ ਹੱਲ ਕੀਤਾ ਜਾਵੇਗਾ। ਇਸ ਦੌਰਾਨ ਆਟੋ ਯੂਨੀਅਨ ਵਾਲਿਆਂ ਵੱਲੋਂ ਐਮਐਲਏ ਦਾ ਧੰਨਵਾਦ ਕੀਤਾ ਗਿਆ ਅਤੇ ਕਿਹਾ ਗਿਆ ਕਿ ਉਹਨਾਂ ਨੂੰ ਉਮੀਦ ਹੈ ਕਿ ਉਹ ਸਾਡੇ ਮਸਲੇ ਜ਼ਰੂਰ ਹੱਲ ਕਰ ਦੇਣਗੇ।
ਮਸਲਾ ਜਲਦ ਹੱਲ ਕਰਨ ਦਾ ਵਾਅਦਾ:ਉਧਰ ਦੂਜੇ ਪਾਸੇ ਐਮਐਲਏ ਨੇ ਵੀ ਕਿਹਾ ਕਿ ਉਹ ਟ੍ਰੈਫਿਕ ਨਿਯਮਾਂ ਦੀ ਪਾਲਣਾ ਜ਼ਰੂਰ ਕਰਨ, ਕਿਸੇ ਵੀ ਤਰ੍ਹਾਂ ਦੀ ਟਰੈਫਿਕ ਨਿਯਮਾਂ ਦੀ ਉਲੰਘਣਾ ਨਾ ਕਰਨ ਅਤੇ ਸ਼ਹਿਰ ਨੂੰ ਖੂਬਸੂਰਤ ਬਣਾਉਣ ਦੇ ਲਈ ਅਤੇ ਟਰੈਫਿਕ ਮੁਕਤ ਬਣਾਉਣ ਦੇ ਲਈ ਜ਼ਰੂਰ ਯਤਨ ਕਰਨ ਤੇ ਆਪਣਾ ਯੋਗਦਾਨ ਦੇਣ। ਉਹਨਾਂ ਨੇ ਕਿਹਾ ਕਿ ਜਲਦ ਹੀ ਉਨ੍ਹਾਂ ਦਾ ਇਹ ਮਸਲਾ ਜ਼ਰੂਰ ਹੱਲ ਕੀਤਾ ਜਾਵੇਗਾ।