ਅੰਮ੍ਰਿਤਸਰ:ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਸਾਬਕਾ ਪ੍ਰਧਾਨ ਬੀਬੀ ਜਗੀਰ ਕੌਰ ਉੱਤੇ ਉਨ੍ਹਾਂ ਦੀ ਬੇਟੀ ਦੇ ਕਤਲ ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਅੰਗਾਂ ਦੀ ਬੇਅਦਬੀ ਵਿੱਚ ਸ਼ਮੂਲੀਅਤ ਸਬੰਧੀ ਇਲਜ਼ਾਮ ਲੱਗੇ ਸਨ। ਇਨ੍ਹਾਂ ਇਲਜ਼ਾਮਾਂ ਦਾ ਸਪੱਸ਼ਟੀਕਰਨ ਦੇਣ ਲਈ ਅੱਜ ਬੀਬੀ ਜਗੀਰ ਕੌਰ ਸ੍ਰੀ ਅਕਾਲ ਤਖ਼ਤ ਸਾਹਿਬ ਅੱਗੇ ਪੇਸ਼ ਹੋਏ। ਉਨ੍ਹਾਂ ਆਖਿਆ ਕਿ ਬੇਬੁਨਿਆਦ ਇਲਜ਼ਾਮਾਂ ਨੇ ਇੱਕ ਮਾਂ ਦੇ ਦਿਲ ਨੂੰ ਤਾਂ ਠੇਸ ਪਹੰਚਾਈ ਹੀ ਹੈ ਨਾਲ ਹੀ ਇੱਕ ਗੁਰੂ ਦੀ ਪੱਕੀ ਰਹਿਤ ਵਿੱਚ ਰਹੀ ਮਹਿਲਾ ਦੇ ਵੀ ਇਮਾਨ ਨੂੰ ਸੱਟ ਮਾਰੀ ਹੈ।
ਬੀਬੀ ਜਗੀਰ ਕੌਰ ,ਸਾਬਕਾ ਪ੍ਰਧਾਨ ਐੱਸਜੀਪੀਸੀ (ETV BHARAT PUNJAB (ਰਿਪੋਟਰ,ਅੰਮ੍ਰਿਤਸਰ)) ਕੋਝਾ ਇਲਜ਼ਾਮ ਲਾਕੇ ਬਦਨਾਮ ਕਰਨ ਦੀ ਕੋਸ਼ਿਸ਼
ਬੀਬੀ ਜਗੀਰ ਕੌਰ ਨੇ ਕਿਹਾ ਕਿ 26 ਤਰੀਕ ਸ਼ਾਮ ਨੂੰ ਅਕਾਲ ਤਖ਼ਤ ਸਾਹਿਬ ਦੇ ਆਦੇਸ਼ਾਂ ਮੁਤਾਬਕ ਉਨ੍ਹਾਂ ਕੋਲੋਂ ਦੋ ਗੱਲਾਂ ਦੇ ਜਵਾਬ ਮੰਗੇ ਸਨ। ਉਹ ਸਪੱਸ਼ਟੀਕਰਨ ਦੇਣ ਲਈ ਸ੍ਰੀ ਅਕਾਲ ਤਖਤ ਸਾਹਿਬ ਪੁੱਜੇ ਹਨ। ਬੀਬੀ ਜਗੀਰ ਕੌਰ ਨੇ ਕਿਹਾ ਕਿ 1999 ਵਿੱਚ ਉਨ੍ਹਾਂ ਦੀ ਵੱਡੀ ਬੇਟੀ ਜਦੋਂ 18 ਸਾਲ ਦੀ ਸੀ ਅਚਨਚੇਤ ਭਾਣਾ ਵਰਤ ਗਿਆ ਅਤੇ ਉਸ ਦੀ ਮੌਤ ਹੋ ਗਈ ਪਰ ਸਿਆਸੀ ਵਿਰੋਧੀ ਅਤੇ ਪੰਥ ਦੋਖੀਆਂ ਨੇ ਮੌਤ ਉੱਤੇ ਵੀ ਕੋਝੀ ਸਿਆਸਤ ਕੀਤੀ ਅਤੇ ਇੱਕ ਮਾਂ ਨੂੰ ਹੀ ਕਾਤਿਲ ਸਾਬਿਤ ਕਰਨ ਦੀ ਕੋਸ਼ਿਸ਼ ਕੀਤੀ। ਉਨ੍ਹਾਂ ਨੇ ਇੱਕ ਅਜਿਹਾ ਬੇਬੁਨਿਆਦ ਝੂਠਾ ਕੇਸ ਪਾਇਆ, ਜਿਸ ਦਾ ਦਰਦ ਮੈਂ ਲਗਭਗ 18 ਸਾਲ ਤੱਕ ਝੱਲਿਆ ਹੈ।
ਸਭ ਸਾਹਮਣੇ ਰੱਖੀ ਸੱਚਾਈ
ਬੀਬੀ ਜਗੀਰ ਕੌਰ ਨੇ ਅੱਗੇ ਕਿਹਾ ਕਿ ਬੇਅਦਬੀ ਸਬੰਧੀ ਵੀ ਕਈ ਗੰਭੀਰ ਇਲਜ਼ਾਮ ਲੱਗੇ ਹਨ ਅਤੇ ਇਨ੍ਹਾਂ ਇਲਜ਼ਾਮਾਂ ਵਿੱਚ ਦੂਰ-ਦੂਰ ਤੱਕ ਕੋਈ ਸਚਾਈ ਨਹੀਂ ਹੈ। ਜਗੀਰ ਕੌਰ ਨੇ ਆਖਿਆ ਕਿ ਉਨ੍ਹਾਂ ਨੇ ਹਰ ਤਰ੍ਹਾਂ ਦੀ ਆਪਣੀ ਸਚਾਈ ਸ੍ਰੀ ਅਕਾਲ ਤਖ਼ਤ ਸਾਹਿਬ ਅੱਗੇ ਰੱਖੀ ਹੈ। ਜਗੀਰ ਕੌਰ ਨੇ ਕਿਹਾ ਕਿ ਮੈਨੂੰ ਅਫ਼ਸੋਸ ਹੈ ਕਿ ਮਹਾਨ ਤਖ਼ਤ ਉੱਤੇ ਹੁਣ ਅਜਿਹੇ ਮਸਲੇ ਆਉਣ ਲੱਗੇ ਹਨ ਅਤੇ ਇਹ ਮਸਲੇ ਵੀ ਖੁੱਦ ਨੂੰ ਸਿੱਖ ਕੌਮ ਦੇ ਦਰਦੀ ਕਹਿਣ ਵਾਲੇ ਲੋਕ ਹੀ ਇਲਜ਼ਾਮਾਂ ਦੇ ਰੂਪ ਵਿੱਚ ਲੈਕੇ ਪਹੁੰਚ ਰਹੇ ਹਨ।
ਇਹ ਸਨ ਇਲਜ਼ਾਮ
ਦੱਸ ਦਈਏ ਪਿਛਲੇ ਦਿਨੀਂ ਵੱਖ ਵੱਖ ਜਥੇਬੰਦੀਆਂ ਅਤੇ ਹੋਰ ਸਿੱਖ ਸੰਗਤਾਂ ਵੱਲੋਂ ਬੀਬੀ ਜਗੀਰ ਕੌਰ ਦੇ ਖਿਲਾਫ ਸ੍ਰੀ ਅਕਾਲ ਤਖਤ ਸਾਹਿਬ ਦੇ ਸਕੱਤਰੇਤ 'ਤੇ ਮੰਗ ਪੱਤਰ ਦਿੱਤੇ ਗਏ ਸਨ। ਜਿਨ੍ਹਾਂ ਵਿੱਚ ਉਨ੍ਹਾਂ ਉੱਤੇ ਕਈ ਤਰ੍ਹਾਂ ਦੇ ਇਲਜ਼ਾਮ ਲਗਾਏ ਗਏ ਸਨ। ਜਥੇਬੰਦੀਆਂ ਵੱਲੋਂ ਬੀਬੀ ਜਗੀਰ ਕੌਰ ਉੱਤੇ ਬੇਅਦਬੀ ਅਤੇ ਆਪਣੀ ਬੇਟੀ ਨੂੰ ਮਾਰਨ ਦੇ ਗੰਭੀਰ ਇਲਜ਼ਾਮ ਲਗਾਏ ਗਏ ਸਨ। ਜਥੇਬੰਦੀਆਂ ਨੇ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਕੋਲੋਂ ਇਸ 'ਤੇ ਕਾਰਵਾਈ ਕਰਨ ਦੀ ਮੰਗ ਕੀਤੀ ਸੀ। ਜਿਸ ਮਗਰੋਂ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਰਘਬੀਰ ਸਿੰਘ ਵੱਲੋਂ ਸ਼੍ਰੋਮਣੀ ਕਮੇਟੀ ਦੀ ਸਾਬਕਾ ਪ੍ਰਧਾਨ ਬੀਬੀ ਜਗੀਰ ਕੌਰ ਨੂੰ ਚਿੱਠੀ ਭੇਜੀ ਗਈ ਸੀ। ਜਿਸ ਵਿੱਚ ਉਹਨਾਂ ਨੂੰ ਆਪਣਾ ਸਪੱਸ਼ਟੀਕਰਨ ਦੇਣ ਲਈ ਇੱਕ ਹਫਤੇ ਦਾ ਸਮਾਂ ਦਿੱਤਾ ਗਿਆ ਸੀ।