ਕਿਸਾਨ ਨੌਜਵਾਨਾਂ ਨੂੰ ਰਿਹਾ ਨਾ ਕਰਨ ਦੀ ਸੂਰਤ 'ਚ ਆਉਣ ਵਾਲੇ ਦਿਨਾਂ 'ਚ ਹੋਰ ਵੀ ਰੇਲਵੇ ਟਰੈਕ ਜਾਮ ਕਰਨ ਦੀ ਦਿੱਤੀ ਚਿਤਾਵਨੀ ਅੰਮ੍ਰਿਤਸਰ:ਅੱਜ ਅੰਮ੍ਰਿਤਸਰ ਵਿਖੇ ਕਿਸਾਨ ਮਜਦੂਰਾਂ ਨੇ ਸ਼ੰਭੂ ਰੇਲਵੇ ਸਟੇਸ਼ਨ ਤੇ ਰੇਲ ਟਰੈਕ ਜਾਮ ਕੀਤਾ ਹੈ। ਉਨ੍ਹਾਂ ਮੀਡੀਆ ਨਾਲ ਗੱਲ ਕਰਦੇ ਕਿਸਾਨ ਮਜਦੂਰ ਸੰਘਰਸ਼ ਕਮੇਟੀ ਦੇ ਸੀਨੀਅਰ ਆਗੂ ਸਰਵਣ ਸਿੰਘ ਪੰਧੇਰ ਨੇ ਜਾਣਕਾਰੀ ਦਿੱਤੀ ਕਿ ਹਰਿਆਣਾ ਪੁਲਿਸ ਵੱਲੋਂ ਗ੍ਰਿਫਤਾਰ ਕੀਤੇ ਹੋਏ ਨੌਜਵਾਨ ਨਵਦੀਪ ਜਲਵੇੜਾ, ਗੁਰਕੀਰਤ ਸਿੰਘ ਅਤੇ ਅਨਿਸ਼ ਖਟਕੜ ਦੀ ਰਿਹਾਈ ਅਤੇ ਇਸ ਦੇ ਨਾਲ ਹੀ ਦੋਵੇਂ ਮੋਰਚਿਆਂ 'ਤੇ ਬਿਜਲੀ, ਪਾਣੀ ਤੇ ਸਫਾਈ ਦਾ ਬੰਦੋਬਸਤ ਦੀਆ ਮੰਗਾਂ ਤੇ ਸਰਕਾਰ ਦੀ ਵਾਅਦਾ ਖ਼ਿਲਾਫ਼ੀ ਦੇ ਕਾਰਨ ਇਹ ਕਦਮ ਚੱਕਣਾ ਪਿਆ ਹੈ।
ਉਨ੍ਹਾਂ ਕਿਹਾ ਕਿ ਪਿਛਲੇ ਲਗਭਗ ਇੱਕ ਮਹੀਨੇ ਤੋਂ ਤਿੰਨ ਨੌਜਵਾਨ ਕਿਸਾਨ ਜੇਲ੍ਹ ਅੰਦਰ ਹਨ। ਇਨ੍ਹਾਂ ਵਿੱਚੋਂ ਨੌਜਵਾਨ ਕਿਸਾਨ ਅਨੀਸ਼ ਖਟਕੜ ਮਹੀਨੇ ਤੋਂ ਹੀ ਲਗਾਤਾਰ ਭੁੱਖ ਹੜਤਾਲ 'ਤੇ ਬੈਠਾ ਹੈ ਅਤੇ ਉਸ ਦੀ ਸਿਹਤ ਲਗਾਤਾਰ ਵਿਗੜ ਰਹੀ ਹੈ।
ਡੀ ਆਈ ਜੀ ਪਟਿਆਲਾ ਅਤੇ ਐਸ ਐਸ ਪੀ ਪਟਿਆਲਾ ਨਾਲ ਇੱਕ ਰਾਊਂਡ :ਉਨ੍ਹਾਂ ਜਾਣਕਾਰੀ ਦਿੱਤੀ ਕਿ ਡੀ ਆਈ ਜੀ ਪਟਿਆਲਾ ਅਤੇ ਐਸ ਐਸ ਪੀ ਪਟਿਆਲਾ ਨਾਲ ਇੱਕ ਰਾਊਂਡ ਦੀ ਵਾਰਤਾ ਹੋ ਚੁੱਕੀ ਹੈ ਪਰ ਗੱਲ ਕਿਸੇ ਵੀ ਸਿਰੇ ਨਹੀਂ ਲੱਗ ਸਕੀ ਹੈ। ਉਨ੍ਹਾਂ ਕਿਹਾ ਕਿ 9 ਅਪ੍ਰੈਲ ਨੂੰ ਪੰਜਾਬ ਅਤੇ ਹਰਿਆਣਾ ਪ੍ਰਸ਼ਾਸ਼ਨ ਨਾਲ ਹੋਈ ਮੀਟਿੰਗ ਤੋਂ ਬਾਅਦ ਸਰਕਾਰ ਵੱਲੋਂ 16 ਤਰੀਕ ਤੱਕ ਕਿਸਾਨਾਂ ਨੂੰ ਰਿਹਾਅ ਕਰਨ ਦਾ ਵਾਅਦਾ ਕੀਤਾ ਗਿਆ ਸੀ ਪਰ ਜਿਸ ਤੇ ਅਮਲ ਨਹੀਂ ਕੀਤਾ ਗਿਆ।
ਰੇਲ ਮਾਰਗ ਜਾਮ ਕਰਨਾ ਸਾਡੀ ਅਣਖ ਦਾ ਸਵਾਲ ਨਹੀਂ ਬਲਕਿ ਮਜਬੂਰੀ ਹੈ:ਉਨ੍ਹਾਂ ਕਿਹਾ ਕਿ ਰੇਲ ਮਾਰਗ ਜਾਮ ਕਰਨਾ ਸਾਡੀ ਅਣਖ ਦਾ ਸਵਾਲ ਨਹੀਂ ਬਲਕਿ ਮਜਬੂਰੀ ਹੈ। ਇਹ ਨੌਜਵਾਨ ਹਰਿਆਣਾ ਪੁਲਿਸ ਵੱਲੋਂ ਕਿਸਾਨਾਂ 'ਤੇ ਦਰਜ ਝੂਠੇ ਮੁਕਦਮਿਆਂ ਹੇਠ ਕੀਤੀ ਗਈ ਹੈ। 13, 14 ਤੇ 21 ਫਰਵਰੀ ਨੂੰ ਹਰਿਆਣਾ ਪੁਲਿਸ ਤੇ ਅਰਧ ਸੁਰੱਖਿਆ ਬਲਾਂ ਨੇ ਕਿਸਾਨਾਂ ਉੱਤੇ ਭਾਰੀ ਜਬਰ ਕਰਕੇ ਕਿਸਾਨਾਂ ਨੂੰ ਵੱਡੇ ਪੱਧਰ ਉੱਤੇ ਜਖਮੀ ਕੀਤਾ ਅਤੇ ਸ਼ੁੱਭਕਰਨ ਨੂੰ ਸ਼ਹੀਦ ਕੀਤਾ ਪਰ ਉਲਟਾ ਕਿਸਾਨਾਂ 'ਤੇ ਹੀ ਝੂਠੇ ਮੁਕੱਦਮੇ ਦਰਜ ਕਰ ਦਿੱਤੇ ਗਏ ਸਨ।
ਜਦੋਂ ਤੱਕ ਨੌਜਵਾਨਾਂ ਨੂੰ ਰਿਹਾਅ ਨਾ ਕੀਤਾ ਗਿਆ ਤਦ ਤੱਕ ਰੇਲਵੇ ਟਰੈਕ ਜਾਮ ਰਹੇਗਾ: ਕਿਸਾਨਾਂ ਨੇ ਪੱਕੇ ਤੌਰ ਤੇ ਸ਼ੰਭੂ ਰੇਲਵੇ ਟਰੈਕ ਜਾਮ ਕਰ ਦਿੱਤਾ ਕਿਸਾਨਾਂ ਨੇ ਇਨ੍ਹਾਂ ਮੰਗਾਂ ਲਈ ਪਹਿਲਾਂ 9 ਅਪ੍ਰੈਲ ਨੂੰ ਸ਼ੰਭੂ ਰੇਲਵੇ ਟਰੈਕ ਜਾਮ ਕਰਨ ਦਾ ਐਲਾਨ ਕੀਤਾ ਸੀ। ਪੰਜਾਬ ਤੇ ਹਰਿਆਣਾ ਪ੍ਰਸ਼ਾਸ਼ਨ ਦੇ ਵਿਸ਼ਵਾਸ ਦਿਵਾਉਣ 'ਤੇ ਕਿ ਨੌਜਵਾਨਾਂ ਨੂੰ 16 ਅਪ੍ਰੈਲ ਤੱਕ ਰਿਹਾਅ ਕਰ ਦਿੱਤਾ ਜਾਵੇਗਾ, ਇਹ ਸੱਦਾ ਅੱਗੇ ਪਾ ਦਿੱਤਾ ਗਿਆ ਸੀ। ਪ੍ਰਸ਼ਾਸ਼ਨ ਨੇ ਕਿਸਾਨਾਂ ਨਾਲ ਵਾਅਦਾ ਖਿਲਾਫੀ ਕੀਤੀ ਅਤੇ ਨੌਜਵਾਨਾਂ ਦੀ ਰਿਹਾਈ ਨਹੀਂ ਕੀਤੀ। ਇਸ ਕਰਕੇ ਅੱਜ ਕਿਸਾਨਾਂ ਨੇ ਪੱਕੇ ਤੌਰ ਤੇ ਸ਼ੰਭੂ ਰੇਲਵੇ ਟਰੈਕ ਜਾਮ ਕਰ ਦਿੱਤਾ ਹੈ।
ਉਨ੍ਹਾਂ ਕਿਹਾ ਕਿ ਪੰਜਾਬ ਪੁਲਿਸ ਨੇ ਰੇਲਵੇ ਟਰੈਕ ਵੱਲ ਵੱਧ ਰਹੇ ਕਿਸਾਨਾਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ। ਕਿਸਾਨ ਸਾਰੀਆਂ ਰੋਕਾਂ ਹਟਾ ਕੇ ਰੇਲਵੇ ਟਰੈਕ ਨੂੰ ਜਾਮ ਕਰਨ ਵਿਚ ਕਾਮਯਾਬ ਹੋ ਗਏ। ਕਿਸਾਨ ਆਗੂਆਂ ਨੇ ਐਲਾਨ ਕੀਤਾ ਕਿ ਜਦੋਂ ਤੱਕ ਨੌਜਵਾਨਾਂ ਨੂੰ ਰਿਹਾਅ ਨਾ ਕੀਤਾ ਗਿਆ ਤਦ ਤੱਕ ਰੇਲਵੇ ਟਰੈਕ ਜਾਮ ਰਹੇਗਾ। ਇਸ ਦੇ ਨਾਲ ਇਹ ਵੀ ਐਲਾਨ ਕੀਤਾ ਗਿਆ ਕਿ ਆਉਣ ਵਾਲੇ ਦਿਨਾਂ 'ਚ ਹੋਰ ਵੀ ਰੇਲਵੇ ਟਰੈਕ ਜਾਮ ਕੀਤੇ ਜਾਣਗੇ।