ਮੂਸੇਵਾਲਾ ਕਤਲ ਮਾਮਲੇ 'ਚ ਗੁਰਮੀਤ ਸਿੰਘ ਖੁੱਡੀਆਂ ਨੇ ਦਿੱਤਾ ਵੱਡਾ ਬਿਆਨ ਮਾਨਸਾ : ਪੰਜਾਬ ਦੇ ਮਰਹੂਮ ਗਾਇਕ ਸਿੱਧੂ ਮੂਸੇਵਾਲਾ ਕਤਲ ਮਾਮਲੇ ਵਿੱਚ ਬਹੁਤ ਸਾਰੇ ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਪੁਲਿਸ ਮੁਕਾਬਲੇ ਵੀ ਹੋਏ ਹਨ ਅਤੇ ਜੋ ਲੋਕ ਰਹਿੰਦੇ ਹਨ, ਉਨ੍ਹਾਂ ਨੂੰ ਵੀ ਜਲਦ ਗ੍ਰਿਫਤਾਰ ਕੀਤਾ ਜਾਵੇਗਾ। ਜਵਾਨ ਪੁੱਤ ਦਾ ਇਸ ਦੁਨੀਆ ਤੋਂ ਚਲੇ ਜਾਣਾ ਬਹੁਤ ਹੀ ਦੁੱਖ ਦੀ ਗੱਲ ਹੈ, ਪਰ ਪ੍ਰਮਾਤਮਾ ਵੱਲੋਂ ਉਨ੍ਹਾਂ ਦੇ ਘਰ ਫਿਰ ਤੋਂ ਖੁਸ਼ੀਆਂ ਦਿੱਤੀਆਂ ਹਨ। ਇਹਨਾਂ ਗੱਲਾਂ ਦਾ ਪ੍ਰਗਟਾਵਾ ਮਾਨਸਾ ਵਿਖੇ ਪਹੁੰਚੇ ਖੇਤੀਬਾੜੀ ਮੰਤਰੀ ਤੇ ਬਠਿੰਡਾ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਗੁਰਮੀਤ ਸਿੰਘ ਖੁਡੀਆਂ ਵੱਲੋਂ ਵਰਕਰ ਮੀਟਿੰਗ ਦੌਰਾਨ ਕੀਤਾ।
ਲੋਕ ਸਭਾ ਚੋਣਾਂ ਦੀ ਤਿਆਰੀ : ਬਠਿੰਡਾ ਤੋਂ ਆਪ ਦੇ ਉਮੀਦਵਾਰ ਗੁਰਮੀਤ ਸਿੰਘ ਖੁਡੀਆਂ ਵੱਲੋਂ ਅੱਜ ਮਾਨਸਾ ਵਿਖੇ ਵਰਕਰਾਂ ਦੇ ਨਾਲ ਮੀਟਿੰਗ ਕੀਤੀ ਗਈ। ਇਸ ਦੌਰਾਨ ਉਹਨਾਂ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਲੋਕ ਸਭਾ ਇਲੈਕਸ਼ਨ ਦੇ ਲਈ ਉਹਨਾਂ ਵੱਲੋਂ ਸ਼ੁਰੂਆਤ ਤਖ਼ਤ ਸ੍ਰੀ ਦਮਦਮਾ ਸਾਹਿਬ ਤੋਂ ਕੀਤੀ ਗਈ ਹੈ ਅਤੇ ਅੱਜ ਮਾਨਸਾ ਜ਼ਿਲ੍ਹੇ ਦੇ ਵਿਧਾਨ ਸਭਾ ਹਲਕਿਆਂ ਵਿੱਚ ਵਰਕਰਾਂ ਨਾਲ ਮੀਟਿੰਗ ਕੀਤੀ ਜਾ ਰਹੀ ਹੈ। ਕਿਉਂਕਿ ਵਰਕਰ ਹੀ ਪਾਰਟੀ ਦੀ ਬਾਂਹ ਹੁੰਦੇ ਹਨ।
ਪਤਾ ਨਹੀਂ ਘਰ ਦਾ ਕਿਹੜਾ ਮੈਂਬਰ ਨਲਾਇਕ ਨਿਕਲੇ : ਆਮ ਆਦਮੀ ਪਾਰਟੀ ਨੂੰ ਛੱਡ ਕੇ ਬੀਜੇਪੀ ਵਿੱਚ ਸ਼ਾਮਿਲ ਹੋਏ ਜਲੰਧਰ ਦੇ ਸੰਸਦ ਤੇ ਵਿਧਾਇਕ 'ਤੇ ਬੋਲਦੇ ਹੋਏ ਉਹਨਾਂ ਕਿਹਾ ਕਿ ਹਰ ਵਿਅਕਤੀ ਦੀ ਨੀਅਤ ਹੁੰਦੀ ਹੈ ਪਤਾ ਨਹੀਂ ਚੱਲਦਾ ਕੇ ਕਦੋਂ ਨੀਅਤ ਖਰਾਬ ਹੋ ਜਾਵੇ। ਪਰ ਉਹਨਾਂ ਦੀ ਮਰਜ਼ੀ ਹੈ ਬੀਜੇਪੀ ਵਿੱਚ ਸ਼ਾਮਿਲ ਹੋਏ ਹਨ। ਸਾਰੇ ਲੋਕ ਉਹਨਾਂ ਜਿਹੇ ਨਹੀਂ ਹਨ। ਉਥੇ ਹੀ ਵਿਧਾਨ ਸਭਾ ਚੋਣਾਂ ਜਿੱਤਣ ਤੋਂ ਬਾਅਦ ਫਿਰ ਬਾਦਲ ਪਰਿਵਾਰ ਨਾਲ ਲੋਕ ਸਭਾ ਚੋਣਾਂ ਵਿੱਚ ਮੁਕਾਬਲੇ ਨੂੰ ਲੈ ਕੇ ਗੁਰਮੀਤ ਸਿੰਘ ਖੁਡੀਆਂ ਨੇ ਕਿਹਾ ਕਿ ਲੰਬੀ ਹਲਕੇ ਦੇ ਲੋਕਾਂ ਨੇ ਪ੍ਰਕਾਸ਼ ਸਿੰਘ ਬਾਦਲ ਨੂੰ ਹਰਾਇਆ ਜੋ ਪੰਜ ਵਾਰ ਦੇ ਮੁੱਖ ਮੰਤਰੀ ਰਹੇ ਹਨ ਅਤੇ ਉਹ ਬਹੁਤ ਹੀ ਵੱਡੀ ਹਸਤੀ ਸਨ। ਜਿਨਾਂ ਨੂੰ ਲੋਕਾਂ ਨੇ ਸਾਡੇ 11 ਹਜਾਰ ਵੋਟਾਂ ਦੇ ਨਾਲ ਹਰਾ ਕੇ ਸਾਨੂੰ ਜਿੱਤ ਦਵਾਈ ਹੈ।
ਉਹਨਾਂ ਕਿਹਾ ਕਿ ਉਮੀਦ ਹੈ ਕਿ ਇਸ ਵਾਰ ਵੀ ਲੋਕ ਮੋਰਚਾ ਫਤਿਹ ਕਰਨਗੇ। ਇਸ ਦੌਰਾਨ ਉਹਨਾਂ ਮਾਨਸਾ ਜ਼ਿਲ੍ਹੇ ਵਿੱਚ ਬਿਮਾਰੀ ਦੇ ਕਾਰਨ ਪਸ਼ੂਆਂ ਦੀ ਹੋ ਰਹੀ ਮੌਤ 'ਤੇ ਬੋਲਦੇ ਹੋਏ ਕਿਹਾ ਕਿ ਉਹਨਾਂ ਵੱਲੋਂ ਦਵਾਈਆਂ ਤੁਰੰਤ ਭੇਜ ਦਿੱਤੀਆਂ ਗਈਆਂ ਸੀ ਅਤੇ ਟੀਮਾਂ ਵੀ ਭੇਜੀਆਂ ਗਈਆਂ ਸੀ। ਪੂਰੀ ਕੋਸ਼ਿਸ਼ ਕੀਤੀ ਗਈ ਸੀ। ਪਰ ਇਸ ਵਿੱਚ ਉਹਨਾਂ ਦਾ ਕੋਈ ਕਸੂਰ ਨਹੀਂ। ਜ਼ਿਕਰਯੋਗ ਹੈ ਕਿ ਵਰਕਰ ਮੀਟਿੰਗ ਦੇ ਦੌਰਾਨ ਜਿੱਥੇ ਬੁਢਲਾਡਾ ਅਤੇ ਸਰਦੂਲਗੜ੍ਹ ਤੋਂ ਵਿਧਾਇਕ ਮੌਜੂਦ ਰਹੇ। ਉੱਥੇ ਹੀ ਮਾਨਸਾ ਦੇ ਵਿਧਾਇਕ ਵਿਜੇ ਸਿੰਗਲਾ ਸਮਾਗਮ ਵਿੱਚ ਹਾਜ਼ਰ ਨਹੀਂ ਹੋਏ। ਜਿਸ ਨੂੰ ਲੈ ਕੇ ਚਰਚਾ ਚੱਲਦੀ ਰਹੀ ਤੇ ਗੁਰਮੀਤ ਖੁੁਡੀਆਂ ਨੇ ਵੀ ਸਵਾਲ ਦੇ ਜਵਾਬ ਵਿੱਚ ਕਿਹਾ ਕਿ ਕੋਈ ਗੱਲ ਨਹੀਂ, ਉਹ ਵੀ ਅਗਲੇ ਦਿਨਾਂ ਵਿੱਚ ਨਾਲ ਆ ਜਾਣਗੇ।