ਮਾਨਸਾ: ਖਨੌਰੀ ਬਾਰਡਰ ਤੇ ਅੱਜ ਹੋ ਰਹੀ ਕਿਸਾਨ ਮਹਾਪੰਚਾਇਤ ਵਿੱਚ ਹਿੱਸਾ ਲੈਣ ਦੇ ਲਈ ਮਾਨਸਾ ਜ਼ਿਲ੍ਹੇ ਤੋਂ 6 ਹਜ਼ਾਰ ਦੇ ਕਰੀਬ ਕਿਸਾਨ ਬੱਸਾਂ ਅਤੇ ਟਰਾਲੀਆਂ ਦੇ ਰਾਹੀਂ ਬਾਰਡਰ ਉੱਤੇ ਪਹੁੰਚ ਰਹੇ ਹਨ। ਮਾਨਸਾ ਜ਼ਿਲ੍ਹੇ ਦੇ ਪਿੰਡ ਭੈਣੀ ਬਾਘਾ ਦੇ ਵਿੱਚੋਂ ਵੱਡੀ ਤਾਦਾਦ ਦੇ ਵਿੱਚ ਕਿਸਾਨ ਖਨੌਰੀ ਬਾਰਡਰ ਦੇ ਲਈ ਰਵਾਨਾ ਹੋਏ ਤੇ ਕਿਸਾਨਾਂ ਨੇ ਕਿਹਾ ਕਿ ਜਦੋਂ ਤੱਕ ਕੇਂਦਰ ਸਰਕਾਰ ਕਿਸਾਨੀ ਮੰਗਾਂ ਨੂੰ ਨਹੀਂ ਲਾਗੂ ਕਰਦੀ ਉਦੋਂ ਤੱਕ ਕੇਂਦਰ ਸਰਕਾਰ ਖਿਲਾਫ ਵਿਰੋਧ ਪ੍ਰਦਰਸ਼ਨ ਜਾਰੀ ਰਹਿਣਗੇ।
ਖਨੌਰੀ ਬਾਰਡਰ ’ਤੇ ਕਿਸਾਨ ਮਹਾਪੰਚਾਇਤ (Etv Bharat (ਪੱਤਰਕਾਰ, ਮਾਨਸਾ)) ਜਗਜੀਤ ਸਿੰਘ ਡੱਲੇਵਾਲ ਦੇ ਹੱਕ ਵਿੱਚ ਕਿਸਾਨ
ਪਿੰਡ ਭੈਣੀ ਬਾਗਾ ਵਿਖੇ ਭਾਰਤੀ ਕਿਸਾਨ ਯੂਨੀਅਨ ਸਿੱਧੂਪੁਰ ਦੇ ਜ਼ਿਲ੍ਹਾ ਪ੍ਰਧਾਨ ਜਗਦੇਵ ਸਿੰਘ ਭੈਣੀ ਬਾਘਾ ਨੇ ਕਿਹਾ ਕਿ ਕਿਸਾਨੀ ਮੰਗਾਂ ਨੂੰ ਲੈ ਕੇ ਪਿਛਲੇ 11 ਮਹੀਨਿਆਂ ਤੋਂ ਖਨੌਰੀ ਅਤੇ ਸ਼ੰਭੂ ਬਾਰਡਰ ਤੇ ਕਿਸਾਨਾਂ ਦਾ ਅੰਦੋਲਨ ਚੱਲ ਰਿਹਾ ਹੈ। ਉਹਨਾਂ ਕਿਹਾ ਕਿ ਕਿਸਾਨਾਂ ਦੀਆਂ ਮੰਗਾਂ ਐਮਐਸਪੀ ਲਾਗੂ ਕਰਵਾਉਣਾ 2020 ਬਿਜਲੀ ਐਕਟਰ ਰੱਦ ਕਰਵਾਉਣਾ ਕਿਸਾਨੀ ਕਰਜ਼ਾ ਮਾਫ ਕਰਵਾਉਣਾ ਅਤੇ ਹੋਰ ਕਿਸਾਨੀ ਮੰਗਾਂ ਨੂੰ ਲੈ ਕੇ ਜਗਜੀਤ ਸਿੰਘ ਡੱਲੇਵਾਲ ਮਰਨ ਵਰਤ ਤੇ ਬੈਠੇ ਹੋਏ ਹਨ ਅਤੇ ਉਹਨਾਂ ਵੱਲੋਂ ਖੁਦ ਲਾਈਵ ਹੋ ਕੇ ਕਿਸਾਨਾਂ ਨੂੰ ਅਪੀਲ ਕੀਤੀ ਹੈ ਕਿ ਖਨੌਰੀ ਬਾਰਡਰ ਉੱਤੇ ਹੋ ਰਹੀ ਕਿਸਾਨ ਮਹਾਪੰਚਾਇਤ ਦੇ ਵਿੱਚ ਵੱਧ ਤੋਂ ਵੱਧ ਕਿਸਾਨ ਸ਼ਾਮਿਲ ਹੋਣ, ਜਿਸ ਤਹਿਤ ਅੱਜ ਪੰਜਾਬ ਭਰ ਦੇ ਵਿੱਚੋਂ ਕਿਸਾਨ ਵੱਡੀ ਤਾਦਾਦ ਦੇ ਵਿੱਚ ਖਨੌਰੀ ਬਾਰਡਰ ਉੱਤੇ ਪਹੁੰਚ ਰਹੇ ਹਨ।
ਮਾਨਸਾ ਜ਼ਿਲ੍ਹੇ ਵਿੱਚੋਂ 6 ਤੋਂ 7 ਹਜ਼ਾਰ ਦੇ ਕਰੀਬ ਕਿਸਾਨ ਪਹੁੰਚ ਰਿਹੈ ਖਨੌਰੀ ਬਾਰਡਰ
ਮਾਨਸਾ ਜ਼ਿਲ੍ਹੇ ਦੇ ਵਿੱਚੋਂ 6 ਤੋਂ 7 ਹਜ਼ਾਰ ਦੇ ਕਰੀਬ ਕਿਸਾਨ ਖਨੌਰੀ ਬਾਰਡਰ ਪਹੁੰਚ ਰਿਹਾ ਹੈ। ਉਹਨਾਂ ਕਿਹਾ ਕਿ ਜਦੋਂ ਤੱਕ ਕੇਂਦਰ ਸਰਕਾਰ ਕਿਸਾਨਾਂ ਦੀਆਂ ਮੰਗਾਂ ਨੂੰ ਲਾਗੂ ਨਹੀਂ ਕਰਦੀ ਉਦੋਂ ਤੱਕ ਕਿਸਾਨਾਂ ਦਾ ਕੇਂਦਰ ਸਰਕਾਰ ਦੇ ਖਿਲਾਫ ਅੰਦੋਲਨ ਜਾਰੀ ਰਹੇਗਾ।