ਅੰਮ੍ਰਿਤਸਾਰ:ਘਰੋਂ ਕੰਪਿਊਟਰ ਕੋਰਸ ਕਰਨ ਗਈ ਇੱਕ ਲੜਕੀ ਦੇ ਲਾਪਤਾ ਹੋ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਜਿਸ ਵਿੱਚ ਪਰਿਵਾਰਿਕ ਮੈਂਬਰਾਂ ਵੱਲੋਂ ਕੁਝ ਕਥਿਤ ਮੁਲਜ਼ਮਾਂ 'ਤੇ ਲੜਕੀ ਨੂੰ ਭਜਾ ਕੇ ਲਿਜਾਣ ਦੇ ਇਲਜਾਮ ਲਗਾਏ ਹਨ। ਜਿਸ ਤੋਂ ਬਾਅਦ ਪੁਲਿਸ ਵੱਲੋਂ ਵੀ ਉਕਤ ਮਾਮਲੇ ਦੇ ਵਿੱਚ ਕਥਿਤ ਮੁਲਜਮਾਂ ਨੂੰ ਨਾਮਜ਼ਦ ਕਰਦਿਆਂ ਮਾਮਲਾ ਦਰਜ ਕਰ ਲਿਆ ਗਿਆ ਹੈ। ਇਸ ਦੌਰਾਨ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਰਮਨਦੀਪ ਕੌਰ ਪਤਨੀ ਬਲਵਿੰਦਰ ਸਿੰਘ ਅਤੇ ਉਸ ਦੇ ਪਤੀ ਬਲਵਿੰਦਰ ਸਿੰਘ ਵਾਸੀ ਗਹਿਰੀ ਮੰਡੀ ਨੇ ਦੱਸਿਆ ਕਿ ਉਨ੍ਹਾਂ ਦੀ ਇੱਕਲੌਤੀ ਬੇਟੀ ਮੋਨਿਕਾ ਜਿਸ ਦੀ ਉਮਰ ਕਰੀਬ 17 ਸਾਲ 10 ਮਹੀਨੇ ਹੈ ਅਤੇ ਬਾਹਰਵੀਂ ਜਮਾਤ ਤੱਕ ਪੜੀ ਹੋਈ ਹੈ।
ਉਨ੍ਹਾਂ ਦੱਸਿਆ ਕਿ ਉਹ ਹੁਣ ਕੰਪਿਊਟਰ ਦਾ ਕੋਰਸ ਕਰਨ ਦੇ ਲਈ ਜੰਡਿਆਲਾ ਗੁਰੂ ਵਿਖੇ ਜਾਂਦੀ ਸੀ । ਉਹਨਾਂ ਦੱਸਿਆ ਕਿ ਉਹ ਰੋਜ਼ਾਨਾ ਦੀ ਤਰ੍ਹਾਂ ਬੀਤੀ ਮਿਤੀ 26-06-2024 ਨੂੰ ਕੰਪਿਊਟਰ ਕੋਰਸ ਲਈ ਜੰਡਿਆਲਾ ਗੁਰੂ ਵਿਖੇ ਗਈ ਹੋਈ ਸੀ ਅਤੇ ਉਹ ਜਦੋਂ ਸ਼ਾਮ ਤੱਕ ਘਰ ਵਾਪਸ ਨਹੀਂ ਆਈ ਤਾਂ ਅਸੀਂ ਆਪਣੇ ਆਸ ਪਾਸ ਅਤੇ ਰਿਸ਼ਤੇਦਾਰਾਂ ਕੋਲ ਭਾਲ ਕੀਤੀ ਪਰ ਉਸਦਾ ਕੋਈ ਥੋਹ ਪਤਾ ਨਹੀਂ ਲੱਗ ਸਕਿਆ ਹੈ।