ਮੱਥਾ ਟੇਕਣ ਆਏ ਪਰਿਵਾਰ ਦੀ ਧੀ ਪਾਣੀ 'ਚ ਰੁੜ੍ਹੀ (ETV BHARAT) ਨੰਗਲ/ਰੂਪਨਗਰ:ਬੀਤੀ ਦੇਰ ਸ਼ਾਮ ਇੱਕ ਪਰਿਵਾਰ 'ਚ ਪਤੀ ਪਤਨੀ ਆਪਣੇ ਦੋ ਬੱਚਿਆਂ ਸਮੇਤ ਨੰਗਲ ਡੈਮ ਨੇੜੇ ਸਤਲੁਜ ਦਰਿਆ ਦੇ ਕੰਢੇ ਸਥਿਤ ਬਾਬਾ ਉਦੋ ਮੰਦਿਰ ਵਿਖੇ ਮੱਥਾ ਟੇਕਣ ਆਏ ਸਨ। ਇਸ ਪਰਿਵਾਰ ਦੀ ਇੱਕ ਲੜਕੀ ਦੀ ਉਮਰ ਡੇਢ ਸਾਲ ਅਤੇ ਦੂਜੀ ਦੀ ਚਾਰ ਸਾਲ ਦੱਸੀ ਜਾਂਦੀ ਹੈ।
ਬੱਚੀ ਪਾਣੀ ਦੇ ਵਹਾਅ 'ਚ ਰੁੜ੍ਹੀ: ਜਦੋਂ ਇਹ ਪਰਿਵਾਰ ਮੰਦਿਰ 'ਚ ਮੱਥਾ ਟੇਕਣ ਤੋਂ ਬਾਅਦ ਸਤਲੁਜ ਦਰਿਆ ਵਿੱਚ ਇਸ਼ਨਾਨ ਕਰ ਰਿਹਾ ਸੀ ਤਾਂ ਆਪਣੀ ਡੇਢ ਸਾਲ ਦੀ ਬੱਚੀ ਨੂੰ ਲੈਕੇ ਸਤਲੁਜ ਦਰਿਆ ਦੀਆਂ ਪੌੜੀਆਂ ਤੋਂ ਉਤਰਦੇ ਸਮੇਂ ਬੱਚੀ ਦੀ ਮਾਂ ਦਾ ਪੈਰ ਤਿਲਕ ਗਿਆ ਅਤੇ ਡੇਢ ਸਾਲ ਦੀ ਬੱਚੀ ਪਾਣੀ ਵਿੱਚ ਰੁੜ੍ਹ ਗਈ। ਆਪਣੀ ਡੇਢ ਸਾਲ ਦੀ ਬੇਟੀ ਨੂੰ ਬਚਾਉਣ ਲਈ ਪਿਤਾ ਨੇ ਵੀ ਪਾਣੀ ਦੇ ਤੇਜ਼ ਵਹਾਅ 'ਚ ਛਾਲ ਮਾਰ ਦਿੱਤੀ, ਪਰ ਬੱਚੀ ਪਾਣੀ ਦੇ ਤੇਜ਼ ਵਹਾਅ 'ਚ ਰੁੜ੍ਹ ਗਈ ਅਤੇ ਪਿਤਾ ਨੇ ਇਸ ਤੇਜ਼ ਵਹਾਅ 'ਚ ਮੁਸ਼ਕਿਲ ਨਾਲ ਆਪਣੀ ਜਾਨ ਬਚਾਈ।
ਹਿਮਾਚਲ ਦਾ ਰਹਿਣ ਵਾਲਾ ਹੈ ਪਰਿਵਾਰ:ਇਸ ਹਾਦਸੇ ਤੋਂ ਬਾਅਦ ਪਰਿਵਾਰ ਵੱਲੋਂ ਗੋਤਾਖੋਰਾਂ ਦੀ ਟੀਮ ਨੂੰ ਬੁਲਾਇਆ ਗਿਆ। ਜਿਨ੍ਹਾਂ ਨੇ ਕਾਫੀ ਦੇਰ ਤੱਕ ਉਸ ਨੂੰ ਪਾਣੀ 'ਚ ਲੱਭਣ ਦੀ ਕੋਸ਼ਿਸ਼ ਕੀਤੀ ਪਰ ਅਸਫਲ ਰਹੇ। ਹਨੇਰਾ ਹੋਣ ਕਾਰਨ ਗੋਤਾਖੋਰਾਂ ਨੇ ਆਪਣਾ ਸਰਚ ਆਪਰੇਸ਼ਨ ਰੋਕ ਦਿੱਤਾ। ਇਸ ਦੌਰਾਨ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਉਹ ਹਿਮਾਚਲ ਪ੍ਰਦੇਸ਼ ਦੀ ਨੈਣਾ ਦੇਵੀ ਤਹਿਸੀਲ ਦੇ ਪਿੰਡ ਪਲਸੜ ਦਾ ਰਹਿਣ ਵਾਲਾ ਹੈ। ਆਪਣੇ ਕੰਮ ਕਾਰਨ ਇਹ ਪਰਿਵਾਰ ਸ਼ੋਲਕ ਐਵੀਨਿਊ ਕਲੋਨੀ ਨੰਗਲ ਵਿੱਚ ਕਿਰਾਏ ਦੇ ਮਕਾਨ ਵਿੱਚ ਰਹਿ ਰਿਹਾ ਹੈ। ਉਨ੍ਹਾਂ ਦੱਸਿਆ ਕਿ ਜਦੋਂ ਉਹ ਮੰਦਿਰ 'ਚ ਮੱਥਾ ਟੇਕਣ ਆਏ ਸੀ ਤਾਂ ਇਸ ਦੌਰਾਨ ਇਹ ਹਾਦਸਾ ਵਾਪਰ ਗਿਆ।
ਪੁਲਿਸ ਵਲੋਂ ਮਾਮਲਾ ਦਰਜ: ਉਥੇ ਹੀ ਪਰਿਵਾਰ ਨੇ ਥਾਣਾ ਨਵਾਂ ਨੰਗਲ ਵਿਖੇ ਜਾ ਕੇ ਪੁਲਿਸ ਨੂੰ ਸਾਰੀ ਘਟਨਾ ਦੀ ਜਾਣਕਾਰੀ ਦਿੱਤੀ ਅਤੇ ਹੁਣ ਪਰਿਵਾਰ ਦੇ ਬਿਆਨਾਂ 'ਤੇ ਪੁਲਿਸ ਨੇ ਮਾਮਲਾ ਦਰਜ ਕਰ ਲਿਆ ਹੈ ਅਤੇ ਗੋਤਾਖੋਰਾਂ ਦੀ ਮਦਦ ਨਾਲ ਬੱਚੀ ਦੀ ਭਾਲ ਲਈ ਯਤਨ ਕੀਤੇ ਜਾ ਰਹੇ ਹਨ। ਪਰਿਵਾਰ ਵੀ ਚਾਹੁੰਦਾ ਹੈ ਕਿ ਉਨ੍ਹਾਂ ਦੀ ਬੇਟੀ ਨੂੰ ਲੱਭ ਕੇ ਉਨ੍ਹਾਂ ਦੇ ਹਵਾਲੇ ਕੀਤਾ ਜਾਵੇ ਤਾਂ ਜੋ ਪਰਿਵਾਰ ਉਨ੍ਹਾਂ ਦੀ ਡੇਢ ਸਾਲ ਦੀ ਬੇਟੀ ਦੀਆਂ ਅੰਤਿਮ ਰਸਮਾਂ ਕਰ ਸਕੇ।