ਫ਼ਿਰੋਜ਼ਪੁਰ:ਭਾਰਤੀ ਕ੍ਰਿਕਟ ਟੀਮ 'ਚ ਦੇਸ਼ ਦੀ ਅਗਵਾਈ ਕਰਨ ਦਾ ਹਰ ਇੱਕ ਖਿਡਾਰੀ ਦਾ ਸੁਫਨਾ ਹੁੰਦਾ ਹੈ। ਜਿਸ ਲਈ ਖਿਡਾਰੀ ਦਿਨ ਰਾਤ ਮਿਹਨਤ ਵੀ ਕਰਦੇ ਹਨ। ਅਜਿਹੀ ਹੀ ਇੱਕ ਮਿਹਨਤ ਸਰਹੱਦੀ ਜ਼ਿਲ੍ਹੇ ਫ਼ਿਰੋਜ਼ਪੁਰ ਦੇ ਨੌਜਵਾਨ ਸਚਿਨ ਚੌਧਰੀ ਵਲੋਂ ਕੀਤੀ ਗਈ। ਜਿਸ ਦੀ ਇਹ ਮਿਹਨਤ ਹੁਣ ਰੰਗ ਲੈਕੇ ਆਈ ਹੈ।
ਵਿਜੇ ਮਰਚੈਂਟ ਟਰਾਫ਼ੀ ਲਈ ਸਚਿਨ ਦੀ ਚੋਣ
ਸਰਹੱਦੀ ਜ਼ਿਲ੍ਹੇ ਫ਼ਿਰੋਜ਼ਪੁਰ ਦੇ ਨੌਜਵਾਨ ਸਚਿਨ ਚੌਧਰੀ ਨੂੰ ਪੰਜਾਬ ਕ੍ਰਿਕਟ ਐਸੋਸੀਏਸ਼ਨ ਵੱਲੋਂ ਬੀਸੀਸੀਆਈ ਵੱਲੋਂ ਕਰਵਾਈ ਜਾਣ ਵਾਲੀ ਵਿਜੇ ਮਰਚੈਂਟ ਟਰਾਫ਼ੀ 2024-2025 ਵਿੱਚ ਅੰਡਰ-16 ਟੀਮ ਲਈ ਚੁਣਿਆ ਗਿਆ ਹੈ। ਜਿਸ ਤੋਂ ਬਾਅਦ ਖਿਡਾਰੀ ਦੇ ਨਾਲ-ਨਾਲ ਉਸ ਦੇ ਪਰਿਵਾਰ, ਕੋਚ ਅਤੇ ਰਿਸ਼ਤੇਦਾਰਾਂ 'ਚ ਖੁਸ਼ੀ ਦਾ ਮਾਹੌਲ ਹੈ। ਇਸ ਖੁਸ਼ੀ 'ਚ ਲੱਡੂਆਂ ਨਾਲ ਮੂੰਹ ਮਿੱਠਾ ਕੀਤਾ ਜਾ ਰਿਹਾ ਹੈ।
ਮਿਹਨਤ ਰੰਗ ਲਿਆਈ (ETV BHARAT) ਦੇਸ਼ ਲਈ ਖੇਡਣ ਦਾ ਹੈ ਸੁਫਨਾ
ਇਸ ਸਬੰਧੀ ਗੱਲਬਾਤ ਕਰਦਿਆਂ ਖਿਡਾਰੀ ਸਚਿਨ ਨੇ ਕਿਹਾ ਕਿ ਉਹ ਕਈ ਸਾਲਾਂ ਤੋਂ ਕ੍ਰਿਕਟ ਖੇਡ ਰਿਹਾ ਹੈ ਤੇ ਦਿਨ ਰਾਤ ਮਿਹਨਤ ਕਰ ਰਿਹਾ ਹੈ ਤਾਂ ਜੋ ਅੱਗੇ ਚੱਲ ਕੇ ਉਹ ਆਪਣੇ ਦੇਸ਼ ਦੀ ਅਗਵਾਈ ਕਰ ਸਕੇ। ਉਸ ਨੇ ਦੱਸਿਆ ਕਿ ਬੀਸੀਸੀਆਈ ਵਲੋਂ ਕਰਵਾਈ ਜਾਣ ਵਾਲੀ ਵਿਜੇ ਮਰਚੈਂਟ ਟਰਾਫ਼ੀ 2024-2025 ਲਈ ਉਸ ਦੀ ਅੰਡਰ-16 ਟੀਮ 'ਚ ਚੋਣ ਹੋਈ ਹੈ। ਸਚਿਨ ਨੇ ਕਿਹਾ ਕਿ ਉਸ ਦਾ ਸੁਫ਼ਨਾ ਹੈ ਕਿ ਉਹ ਅੱਗੇ ਚੱਲ ਕੇ ਆਪਣੇ ਦੇਸ਼ ਦੀ ਪ੍ਰਤੀਨਿਧਤਾ ਕਰੇ।
ਪਰਿਵਾਰ ਨੇ ਲੱਡੂ ਵੰਡ ਮਨਾਈ ਖੁਸ਼ੀ
ਸਚਿਨ ਦੇ ਪਿਤਾ ਜੋ ਕਿ ਫ਼ਿਰੋਜ਼ਪੁਰ 'ਚ ਬਰਗਰ ਦੀ ਦੁਕਾਨ ਚਲਾ ਕੇ ਆਪਣਾ ਪਰਿਵਾਰ ਚਲਾ ਰਹੇ ਹਨ। ਇਸ ਲਈ ਸਚਿਨ ਦੇ ਕੋਚ ਦਾ ਧੰਨਵਾਦ ਕਰਦੇ ਹੋਏ ਉਨ੍ਹਾਂ ਕਿਹਾ ਕਿ ਫਿਰੋਜ਼ਪੁਰ ਇੱਕ ਸਰਹੱਦੀ ਜ਼ਿਲ੍ਹਾ ਹੈ ਤੇ ਇਥੋਂ ਉਨ੍ਹਾਂ ਦੇ ਪੁੱਤ ਦੀ ਚੋਣ ਹੋਣਾ ਬਹੁਤ ਹੀ ਮਾਣ ਵਾਲੀ ਗੱਲ ਹੈ। ਉਨ੍ਹਾਂ ਦੱਸਿਆ ਕਿ ਉਨ੍ਹਾਂ ਦਾ ਬੇਟਾ ਬਚਪਨ ਤੋਂ ਹੀ ਨਿਤਿਨ ਮਹਿਤਾ ਦੀ ਅਕੈਡਮੀ 'ਚ ਕ੍ਰਿਕਟ ਖੇਡ ਰਿਹਾ ਹੈ ਤੇ ਉਨ੍ਹਾਂ ਦੀ ਸਿਖਲਾਈ ਸਦਕਾ ਹੀ ਸਚਿਨ ਦੀ ਵਿਜੇ ਮਰਚੈਂਟ ਟਰਾਫ਼ੀ 'ਚ ਚੋਣ ਹੋਈ ਹੈ। ਉਨ੍ਹਾਂ ਦੱਸਿਆ ਕਿ ਇਸ ਟ੍ਰਾਫੀ ਤੋਂ ਬਾਅਦ ਬੱਚੇ ਦੀ ਸਿਖਲਾਈ ਅੰਡਰ 19 ਵਿਸ਼ਵ ਕੱਪ ਲਈ ਕਰਵਾਈ ਜਾਵੇਗੀ ਤਾਂ ਜੋ ਉਹ ਦੇਸ਼ ਲਈ ਖੇਡ ਸਕੇ। ਸਚਿਨ ਦੇ ਪਿਤਾ ਨੇ ਕਿਹਾ ਕਿ ਉਨ੍ਹਾਂ ਦਾ ਪੁੱਤ ਬਹੁਤ ਸਾਰੇ ਟੂਰਨਾਮੈਂਟ ਖੇਡ ਚੁੱਕਾ ਹੈ ਅਤੇ ਕਈ ਇਨਾਮ ਵੀ ਪ੍ਰਾਪਤ ਕੀਤੇ ਹਨ।