ਬਠਿੰਡਾ: ਕੇਂਦਰ ਸਰਕਾਰ ਵੱਲੋਂ ਲਿਖਤ ਵਿੱਚ ਮੰਨੀਆਂ ਹੋਈਆਂ ਮੰਗਾਂ ਨੂੰ ਅਮਲੀ ਜਾਮਾ ਨਹੀਂ ਪਹਿਨਾਇਆ ਗਿਆ ਅਤੇ ਬਿਜਲੀ ਸੋਧ ਬਿਲ ਨੂੰ ਨਾ ਲੈ ਕੇ ਆਉਣ ਦਾ ਵਾਅਦਾ ਕਰਨ ਉਪਰੰਤ ਕੇਂਦਰ ਸਰਕਾਰ ਵੱਲੋਂ ਉਸ ਨੂੰ ਲੁਕਮੇ ਢੰਗ ਨਾਲ ਰਾਜ ਸਰਕਾਰ ਰਾਹੀਂ ਲਾਗੂ ਕਰਨ ਦੀਆਂ ਸਾਜਿਸ਼ਾਂ ਰਚੀਆਂ ਜਾ ਰਹੀਆਂ ਹਨ। ਇਸ ਲਈ ਸੰਯੁਕਤ ਕਿਸਾਨ ਮੋਰਚਾ ਗੈਰ ਰਾਜਨੀਤਿਕ ਭਾਰਤ ਅਤੇ 18 ਕਿਸਾਨ ਜਥੇਬੰਦੀਆਂ ਉੱਤਰੀ ਭਾਰਤ ਦੇ ਸਾਂਝੇ ਫੋਰਮ ਵੱਲੋਂ 13 ਫਰਵਰੀ 2024 ਤੋਂ ਮੁੜ ਦਿੱਲੀ ਕੂਚ ਕਰਨ ਦਾ ਐਲਾਨ ਕਰ ਦਿੱਤਾ ਗਿਆ ਹੈ।
ਕਿਸਾਨਾਂ ਦੀਆਂ ਇਹ ਨੇ ਮੰਗਾਂ: ਇਸ ਦੇ ਨਾਲ ਹੀ ਦਿੱਲੀ ਕਿਸਾਨੀ ਅੰਦੋਲਨ ਦੀਆ ਅਧੂਰੀਆਂ ਰਹਿੰਦੀਆਂ ਮੰਗਾਂ ਪੂਰੀਆਂ ਕਰਵਾਉਣ ਅਤੇ ਲਖੀਮਪੁਰ ਖੀਰੀ ਦੇ ਸ਼ਹੀਦਾਂ ਨੂੰ ਇਨਸਾਫ, ਦੋਸ਼ੀ ਮੰਤਰੀ ਨੂੰ ਅਹੁਦੇ ਤੋਂ ਬਰਖਾਸਤ ਕਰਨ ਅਤੇ ਦੋਸ਼ੀ ਆਸ਼ੀਸ਼ ਮਿਸ਼ਰਾ ਨੂੰ ਜੇਲ੍ਹ ਵਿੱਚ ਬੰਦ ਕਰਨ ਦੀ ਮੰਗ, ਡਾ. ਸਵਾਮੀਨਾਥਨ ਕਮਿਸ਼ਨ ਦੀ ਰਿਪੋਰਟ C²+50℅ ਫਾਰਮੂਲੇ ਅਨੁਸਾਰ MSP ਦੀ ਗਰੰਟੀ ਕਾਨੂੰਨ ਲਾਗੂ ਕਰਵਾਉਣਾ,ਕਿਸਾਨਾਂ ਅਤੇ ਮਜ਼ਦੂਰਾਂ ਦੀ ਕੁੱਲ ਕਰਜ ਮੁਕਤੀ ਦੀ ਮੰਗ,ਬਿਜਲੀ ਸੋਧ ਬਿੱਲ 2020 ਨੂੰ ਚਿੱਪ ਵਾਲੇ ਮੀਟਰਾਂ ਰਾਹੀ ਲਾਗੂ ਹੋਣ ਤੋਂ ਰੋਕਣ ਅਤੇ ਚਿੱਪ ਵਾਲੇ ਮੀਟਰ ਲਗਾਉਣ 'ਤੇ ਰੋਕ ਲਗਵਾਉਣਾ,ਅਤਿ ਜਰੂਰੀ ਹਾਲਾਤ ਵਿੱਚ ਸੜਕਾਂ ਬਣਾਉਣ ਸਮੇਂ ਪੁਰਾਣੀ ਤਕਨੀਕ ਬਦਲ ਕੇ ਪਿੱਲਰਾ ਵਾਲੇ ਸੜਕੀ ਮਾਰਗ ਬਣਾਏ ਜਾਣ ਅਤੇ ਪਾਣੀ ਦੇ ਕੁਦਰਤੀ ਵਹਾਅ ਨੂੰ ਪ੍ਰਭਾਵਿਤ ਹੋਣ ਤੋਂ ਰੋਕਣ ਅਤੇ ਕਿਸਾਨਾਂ ਨੂੰ ਮਾਰਕੀਟ ਰੇਟ ਤੋਂ ਛੇ ਗੁਣਾ ਵੱਧ ਮੁਆਵਜ਼ਾ ਦੇਣ ਅਤੇ ਆਮ ਜਨਤਾ ਦੀ ਆਵਾਜਾਈ ਲਈ ਪ੍ਰੈਰਲਲ ਸੜਕ ਦਿੱਤੀ ਜਾਣ ਦੀ ਮੰਗ ਸ਼ਾਮਲ ਹੈ।
ਹਜ਼ਾਰਾਂ ਟਰੈਕਟਰ ਟਰਾਲੀਆਂ ਨਾਲ ਦਿੱਲੀ ਕੂਚ ਦੀ ਤਿਆਰੀ: ਇਸ ਤੋਂ ਇਲਾਵਾ 2013 ਤੋਂ ਪਹਿਲਾਂ ਦੇ ਭੂਮੀ ਅਧਿਗ੍ਰਹਿਣ ਬਿੱਲ ਨੂੰ ਮੁੜ ਤੋਂ ਪ੍ਰਭਾਵੀ ਢੰਗ ਨਾਲ ਮੁੜ ਲਾਗੂ ਕਰਨ ਦੀ ਮੰਗ,ਭਾਰਤ ਵੱਲੋ WTO ਵਿੱਚੋ ਬਾਹਰ ਆਉਣ ਅਤੇ ਬਾਹਰੋਂ ਆ ਰਹੀਆ ਵਸਤੂਆਂ 'ਤੇ ਇੰਪੋਰਟ ਡਿਊਟੀ ਲਗਾ ਕੇ ਕਿਸਾਨਾਂ ਨੂੰ ਉਹਨਾਂ ਦੀਆਂ ਫਸਲਾਂ ਦਾ ਪ੍ਰਭਾਵਸ਼ਾਲੀ ਭਾਅ ਦੇਣਾ ਯਕੀਨੀ ਬਣਾਉਣ ਦੀ ਮੰਗ,ਪਰਾਲੀ ਸੰਬੰਧੀ ਮੁਕੱਦਮੇ ਜ਼ੁਰਮਾਨੇ ਰੱਦ ਕਰਵਾਉਣ ਆਦਿ ਮੰਗਾਂ ਨੂੰ ਲੈਕੇ 13 ਫਰਵਰੀ ਨੂੰ ਲੱਖਾਂ ਕਿਸਾਨਾਂ ਵੱਲੋਂ ਹਜ਼ਾਰਾਂ ਟਰੈਕਟਰ ਟਰਾਲੀਆਂ ਨਾਲ ਦਿੱਲੀ ਲਈ ਕੂਚ ਕੀਤੀ ਜਾਵੇਗੀ।