ਲੁਧਿਆਣਾ:ਪੰਜਾਬ ਵਿੱਚ ਇਨੀ ਦਿਨੀਂ ਡ੍ਰੈਗਨ ਫਰੂਟ ਦੀ ਖੇਤੀ ਚਰਚਾ ਦੇ ਵਿੱਚ ਹੈ। ਪਿਛਲੇ ਸੱਤ ਅੱਠ ਸਾਲ ਤੋਂ ਡ੍ਰੈਗਨ ਫਰੂਟ ਦੀ ਖੇਤੀ ਵੱਲ ਪੰਜਾਬ ਦੇ ਕਿਸਾਨਾਂ ਦਾ ਰੁਝਾਨ ਵਧਿਆ ਹੈ। ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵੱਲੋਂ ਵੀ ਵੱਖ-ਵੱਖ ਖਿੱਤਿਆਂ ਤੋਂ ਡ੍ਰੈਗਨ ਫਰੂਟ ਦੀਆਂ ਕਿਸਮਾਂ ਲਿਆ ਕੇ ਵਿਕਸਿਤ ਕੀਤੀਆਂ ਗਈਆਂ ਹਨ। ਮੁੱਖ ਤੌਰ ਉੱਤੇ ਦੋ ਰੈੱਡ ਡ੍ਰੈਗਨ ਵਨ ਅਤੇ ਵਾਈਟ ਡ੍ਰੈਗਨ ਵਨ ਅਜਿਹੀਆਂ ਕਿਸਮਾਂ ਹਨ ਜਿਸ ਨੂੰ ਸਿਫਾਰਿਸ਼ ਕਰਨ ਵਾਲੀ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਪਹਿਲੀ ਯੂਨੀਵਰਸਿਟੀ ਹੈ। ਫਲ ਵਿਭਾਗ ਦੇ ਪ੍ਰਮੁੱਖ ਵਿਗਿਆਨੀ ਡਾਕਟਰ ਜਸਵਿੰਦਰ ਸਿੰਘ ਬਰਾੜ ਵੱਲੋਂ ਇਹ ਜਾਣਕਾਰੀ ਸਾਡੀ ਟੀਮ ਨਾਲ ਸਾਂਝੀ ਕੀਤੀ ਗਈ ਹੈ।
ਇੱਕ ਏਕੜ ਤੋਂ ਲੱਖਾਂ ਰੁਪਏ ਦੀ ਕਮਾਈ
ਡ੍ਰੈਗਨ ਫਰੂਟ ਪੰਜਾਬ ਵਿੱਚ ਕਿਸਾਨਾਂ ਨੂੰ ਕਾਫੀ ਮੁਨਾਫਾ ਦੇ ਰਿਹਾ। ਇੱਕ ਏਕੜ ਦੇ ਵਿੱਚ ਲਗਭਗ 5 ਲੱਖ ਰੁਪਏ ਦੀ ਘੱਟੋ ਘੱਟ ਫਸਲ ਅਸਾਨੀ ਨਾਲ ਹੋ ਜਾਂਦੀ ਹੈ। ਡਾਕਟਰ ਜਸਵਿੰਦਰ ਬਰਾੜ ਨੇ ਦੱਸਿਆ ਕਿ ਇਸ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਇੱਕ ਏਕੜ ਦੇ ਵਿੱਚ ਇਸ ਦੇ ਪੋਲ ਬਣਾਉਣੇ ਪੈਂਦੇ ਹਨ, ਜਿਸ ਵਿੱਚ ਘੱਟ ਤੋਂ ਘੱਟ 5 ਲੱਖ ਰੁਪਏ ਦਾ ਪ੍ਰਤੀ ਏਕੜ ਖਰਚਾ ਆਉਂਦਾ ਹੈ। 5 ਲੱਖ ਰੁਪਏ ਦੇ ਵਿੱਚ 500 ਦੇ ਕਰੀਬ ਪੋਲ ਲੱਗ ਜਾਂਦੇ ਹਨ। ਉਹਨਾਂ ਦੱਸਿਆ ਕਿ ਇੱਕ ਪੋਲ ਉੱਤੇ ਇੱਕ ਵਾਰ ਨਹੀਂ ਸਗੋਂ ਤਿੰਨ ਚਾਰ ਵਾਰ ਫਲ ਲੱਗਦਾ ਹੈ। ਔਸਤ 10 ਕਿੱਲੋ ਦੇ ਕਰੀਬ ਫਲ ਇੱਕ ਪੋਲ ਅਸਾਨੀ ਨਾਲ ਕਿਸਾਨ ਲੈ ਸਕਦਾ ਹੈ, ਇਸ ਤੋਂ ਜ਼ਾਹਿਰ ਹੈ ਕਿ 500 ਪੋਲ ਤੋਂ ਜੇਕਰ ਘੱਟੋ ਘੱਟ 10 ਕਿੱਲੋ ਵੀ ਫਲ ਹੁੰਦਾ ਹੈ ਤਾਂ ਇਸ ਦੀ ਕੀਮਤ 100 ਰੁਪਏ ਪ੍ਰਤੀ ਕਿਲੋ ਲਾ ਕੇ ਚੱਲੀਏ ਤਾਂ 5 ਲੱਖ ਰੁਪਏ ਪ੍ਰਤੀ ਏਕੜ ਕਿਸਾਨ ਅਸਾਨੀ ਨਾਲ ਕਮਾ ਸਕਦਾ ਹੈ।
ਜ਼ਿਆਦਾ ਪਾਣੀ ਦੀ ਨਹੀਂ ਲੋੜ
ਡਾਕਟਰ ਬਰਾੜ ਦੇ ਦੱਸਿਆ ਕਿ ਇਸ ਨੂੰ ਪਾਣੀ ਦੀ ਵੀ ਕਾਫੀ ਘੱਟ ਲੋੜ ਪੈਂਦੀ ਹੈ। ਉਹਨਾਂ ਕਿਹਾ ਕਿ ਇਸ ਨੂੰ ਪਾਣੀ ਡਰਿੱਪ ਇਰੀਗੇਸ਼ਨ ਭਾਵ ਕਿ ਤੁਬਕਾ-ਤੁਬਕਾ ਸਿੰਚਾਈ ਮਾਧਿਅਮ ਦੇ ਨਾਲ ਹੀ ਲੱਗਦਾ ਹੈ, ਇਸ ਨੂੰ ਜ਼ਿਆਦਾ ਪਾਣੀ ਨਹੀਂ ਦਿੱਤਾ ਜਾਣਾ ਚਾਹੀਦਾ ਕਿਉਂਕਿ ਇਹ ਜ਼ਿਆਦਾ ਪਾਣੀ ਲਾਉਣ ਦੇ ਨਾਲ ਖਰਾਬ ਹੋ ਜਾਂਦੀ ਹੈ। ਉਹਨਾਂ ਜਾਣਕਾਰੀ ਸਾਂਝੀ ਕਰਦੇ ਕਿਹਾ ਕਿ ਇਸ ਦੀ ਕਲਮ ਬਹੁਤ ਜਲਦੀ ਤਿਆਰ ਹੋ ਜਾਂਦੀ ਹੈ, ਤਿੰਨ ਚਾਰ ਮਹੀਨੇ ਦੇ ਵਿੱਚ ਕਲਮ ਲਾਉਣ ਨਾਲ ਹੀ ਅੱਗੇ ਤੋਂ ਅੱਗੇ ਬੂਟਾ ਵਾਧਾ ਰਹਿੰਦਾ ਹੈ। ਉਹਨਾਂ ਕਿਹਾ ਕਿ ਇਹ ਇੱਕ ਤਰ੍ਹਾਂ ਦਾ ਕੈਕਟਸ ਦੀ ਹੀ ਪ੍ਰਜਾਤੀ ਹੈ।