ਹੁਸ਼ਿਆਰਪੁਰ : ਜ਼ਿਲ੍ਹਾ ਹੁਸ਼ਿਆਰਪੁਰ ਦੇ ਹਲਕਾ ਦਸੂਹਾ ਅਤੇ ਮੁਕੇਰੀਆਂ ਦੇ ਅਧੀਨ ਆਉਂਦੀ ਸਟੋਨ ਕਰੈਸ਼ਰ ਇੰਡਸਟਰੀ ਦੇ ਮਾਲਕਾਂ ਵੱਲੋਂ ਕਸਬਾ ਹਾਜੀਪੁਰ ਵਿੱਚ ਇਕੱਠੇ ਹੋ ਕੇ ਪਿਛਲੇ ਲੰਬੇ ਸਮੇਂ ਤੋਂ ਬੰਦ ਪਏ ਕਰੈਸ਼ਰਾਂ ਨੂੰ ਲੈ ਕੇ ਵਿਸ਼ੇਸ ਮੀਟਿੰਗ ਕੀਤੀ ਗਈ। ਇਸ ਦੌਰਾਨ ਕਰੈਸ਼ਰ ਇੰਡਸਟਰੀ ਦੇ ਮਾਲਕਾਂ ਨੇ ਬਲੈਕਮੇਲ ਕਰਨ ਵਾਲੇ ਲੋਕਾਂ ਖਿਲਾਫ ਰੋਸ ਪ੍ਰਦਰਸ਼ਨ ਕੀਤਾ। ਸਟੋਨ ਕਰੈਸ਼ਰ ਇੰਡਸਟਰੀ ਦੇ ਮਾਲਕਾਂ ਦੇ ਨਾਲ ਟਰੱਕ ਆਪਰੇਟਰ, ਜੇਸੀਬੀ ਆਪਰੇਟਰ, ਮਜ਼ਦੂਰ ਯੂਨੀਅਨ ਅਤੇ ਰੇਲਵੇ ਵਿਭਾਗ ਦੇ ਠੇਕੇਦਾਰ ਵੀ ਮੌਕੇ 'ਤੇ ਮੌਜੂਦ ਰਹੇ।
ਇਸ ਮੌਕੇ ਮੀਡੀਆ ਨੂੰ ਜਾਣਕਾਰੀ ਦਿੰਦੇ ਹੋਏ ਕਰੈਸ਼ਰ ਮਾਲਕਾਂ ਨੇ ਦੱਸਿਆ ਕਿ, 'ਪਿਛਲੇ ਲੰਬੇ ਸਮੇਂ ਤੋਂ ਬੰਦ ਪਏ ਕਰੈਸ਼ਰਾਂ ਦੇ ਕਾਰਨ ਉਨ੍ਹਾਂ ਨੂੰ ਬਹੁਤ ਜ਼ਿਆਦਾ ਨੁਕਸਾਨ ਹੋ ਰਿਹਾ ਹੈ ਅਤੇ ਇਸ ਦੀ ਵਜ੍ਹਾ ਬਲੈਕਮੇਲਰ ਹਨ ਜੋ ਸਾਡੇ ਕੰਮਾਂ 'ਚ ਵਿਘਨ ਪਾ ਰਹੇ ਹਨ। ਕਰੈਸ਼ਰ ਮਾਲਕਾਂ ਦਾ ਕਹਿਣਾ ਹੈ ਕਿ ਇਲਾਕੇ ਦੇ ਵਿੱਚ ਕੁਝ ਲੋਕ ਬਲੈਕਮੇਲ ਕਰ ਰਹੇ ਹਨ ਅਤੇ ਸਾਡੇ ਤੋਂ ਪੈਸੇ ਦੀ ਮੰਗ ਕਰਦੇ ਹਨ। ਪੈਸਾ ਨਾ ਦੇਣ ਕਰਕੇ ਉਨ੍ਹਾਂ ਵੱਲੋਂ ਸਾਡੇ ਕਰੈਸ਼ਰਾਂ ਉੱਤੇ ਡਰੋਨ ਚੜ੍ਹਾ ਤਸਵੀਰਾਂ ਲਈਆਂ ਜਾਂਦੀਆਂ ਹਨ ਅਤੇ ਵੱਖ-ਵੱਖ ਥਾਵਾਂ 'ਤੇ ਸ਼ਿਕਾਇਤਾਂ ਦਰਜ ਕਰਵਾਈਆਂ ਜਾ ਰਹੀਆਂ ਹਨ। ਜਿਸ ਕਰਕੇ ਉਨ੍ਹਾਂ ਨੂੰ ਬਹੁਤ ਸਾਰੀਆਂ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਉਨ੍ਹਾਂ ਇਹ ਵੀ ਕਿਹਾ ਕਿ ਕੁਝ ਵਿਅਕਤੀਆਂ 'ਤੇ ਤਾਂ ਮਾਮਲੇ ਵੀ ਦਰਜ ਹਨ ਪਰ ਫਿਰ ਵੀ ਉਹ ਕਾਨੂੰਨ ਦੀ ਪਰਵਾਹ ਨਾ ਕਰਦੇ ਹੋਏ ਲਗਾਤਾਰ ਸਾਨੂੰ ਤੰਗ ਪਰੇਸ਼ਾਨ ਕਰ ਰਹੇ ਹਨ,'।
ਕਰੈਸ਼ਰ ਇੰਡਸਟਰੀ ਨੂੰ ਭਾਰੀ ਨੁਕਸਾਨ
ਉਨ੍ਹਾਂ ਕਿਹਾ ਕੀ ਪਿਛਲੇ ਲੰਬੇ ਸਮੇਂ ਤੋਂ ਕਰੈਸ਼ਰ ਬੰਦ ਹੋਣ ਕਾਰਨ ਪੂਰੀ ਕਰੈਸ਼ਰ ਇੰਡਸਟਰੀ ਨੂੰ ਬਹੁਤ ਭਾਰੀ ਨੁਕਸਾਨ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਹ ਵੀ ਕਿਹਾ ਕੀ ਕਰੈਸ਼ਰ ਇੰਡਸਟਰੀ ਬੰਦ ਹੋਣ ਕਾਰਨ ਟਰੱਕ ਆਪਰੇਟਰ, ਜੇਸੀਬੀ ਮਸ਼ੀਨ ਆਪਰੇਟਰ, ਮਜਦੂਰ ਅਤੇ ਕੰਮ ਕਰਨ ਵਾਲੇ ਵੱਖ-ਵੱਖ ਵਰਗ ਦੇ ਲੋਕ ਬੇਰੁਜ਼ਗਾਰ ਹੋ ਚੁੱਕੇ ਹਨ। ਇਸ ਦੇ ਨਾਲ ਹੀ ਰੇਲਵੇ ਵਿਭਾਗ ਦੇ ਪ੍ਰੋਜੈਕਟ ਦਾ ਕੰਮ ਕਰ ਰਹੇ ਕੰਟਰੈਕਟਰਾਂ ਨੇ ਵੀ ਕਿਹਾ ਕੀ ਕਰੈਸ਼ਰ ਇੰਡਸਟਰੀ ਬੰਦ ਹੋਣ ਕਾਰਨ ਦੋਲਤਪੁਰ ਤੋਂ ਮੁਕੇਰੀਆ ਨਵੀਂ ਬਣ ਰਹੀ ਰੇਲ ਲਾਈਨ ਦਾ ਪ੍ਰੋਜੈਕਟ ਬਹੁਤ ਹੋਲੀ ਚੱਲ ਰਿਹਾ ਹੈ ਅਤੇ ਕਰੈਸ਼ਰ ਮਟੀਰੀਅਲ ਨਾ ਮਿਲਣ ਕਰਕੇ ਰੇਲਵੇ ਲਾਈਨ ਦਾ ਕੰਮ ਪੂਰਾ ਹੋਣ ਦਾ ਸਮਾਂ ਵੀ ਅੱਗੇ ਵੱਧ ਰਿਹਾ ਹੈ।
![Stone crusher owners launch protest against blackmailers, say they are suffering huge losses](https://etvbharatimages.akamaized.net/etvbharat/prod-images/08-02-2025/23499024_792_23499024_1738993572554.png)
ਬਲੈਕਮੇਲਰ ਡਰੋਨਾਂ ਰਾਹੀਂ ਕਰਦੇ ਤੰਗ
ਇਸ ਮੌਕੇ ਬੱਬੂ ਸਿੰਘ ਨੇ ਦੱਸਿਆ ਕੀ ਇਲਾਕੇ ਦੇ ਕੁੱਝ ਲੋਕ ਉਨ੍ਹਾਂ ਨੂੰ ਬਲੈਕਮੇਲ ਕਰਦੇ ਹਨ ਅਤੇ ਉਨ੍ਹਾਂ ਦੇ ਕਰੈਸ਼ਰਾਂ 'ਤੇ ਜਾ ਕੇ ਡਰੋਨ ਉਡਾ ਕੇ ਵੀਡੀਓ ਬਣਾਉਂਦੇ ਹਨ ਅਤੇ ਉਨ੍ਹਾਂ ਦੀਆ ਗੱਡੀਆਂ ਨੂੰ ਰੋਕ ਕੇ ਨਜ਼ਾਇਜ ਵਸੂਲੀ ਵੀ ਕੀਤੀ ਜਾਂਦੀ ਹੈ। ਜੇਕਰ ਪੈਸਾ ਨਹੀਂ ਦਿੱਤਾ ਜਾਂਦਾ ਤਾਂ ਅਜਿਹੀ ਸਥਿਤੀ ਵਿੱਚ ਗੱਡੀਆ ਦੀ ਭੰਨਤੋੜ ਵੀ ਕੀਤੀ ਜਾਂਦੀ ਹੈ। ਜਿਸ ਨੂੰ ਲੈ ਕੇ ਕੁੱਝ ਵਿਅਕਤੀਆ ਦੇ ਖਿਲਾਫ ਮਾਮਲਾ ਵੀ ਦਰਜ ਹੋ ਚੁੱਕਿਆ ਹੋਇਆ ਹੈ ਪਰ ਫਿਰ ਵੀ ਉਹ ਲਗਾਤਾਰ ਉਨ੍ਹਾਂ ਨੂੰ ਬਲੈਕਮੇਲ ਕਰਨ ਵਿੱਚ ਕੋਈ ਕਸਰ ਨਹੀਂ ਛੱਡ ਰਹੇ।
- 'ਹੁਣ ਸਾਲ ਦੇ ਅੰਦਰ ਦੂਰ ਹੋਵੇਗੀ ਪਾਣੀ ਦੀ ਕਿੱਲਤ', ਮੰਤਰੀ ਦੇ ਧਿਆਨ ਵਿੱਚ ਆਏ ਰੂਪਨਗਰ ਦੇ ਹੋਰ ਮੁੱਦੇ
- ਸਰਬੱਤ ਦਾ ਭਲਾ ਟਰੱਸਟ ਵੱਲੋਂ ਸ਼ੁਰੂ ਕੀਤੀ ਗਈ ਨਿਵੇਕਲੀ ਸੇਵਾ, ਡਾ. ਓਬਰਾਏ ਨਾ ਦਿੱਤੀ ਜਾਣਕਾਰੀ
- 'ਸੋਸ਼ਲ ਮੀਡੀਆ ਨਹੀਂ, ਕਿਤਾਬਾਂ ਨੂੰ ਟ੍ਰੇਂਡ ਬਣਾਓ', ਛੋਟੀ ਉਮਰੇ ਕਿਤਾਬ ਲਿਖ ਕੇ ਮਿਸ਼ਕੀ ਨੇ ਦਿੱਤਾ ਵੱਡਾ ਸੁਨੇਹਾ
ਉਨ੍ਹਾਂ ਕਿਹਾ ਕਿ ਇਹ ਬਲੈਕਮੇਲਰ ਹਿਮਾਚਲ ਪ੍ਰਦੇਸ਼ ਦੇ ਕਰੈਸ਼ਰ ਮਾਲਕਾਂ ਨਾਲ ਮਿਲ ਕੇ ਪੰਜਾਬ ਦੇ ਹੁਸ਼ਿਆਰਪੁਰ ਦੀ ਸਟੋਨ ਕਰੈਸ਼ਰ ਇੰਡਸਟਰੀ ਨੂੰ ਪ੍ਰੇਸ਼ਾਨ ਕਰ ਰਹੇ ਹਨ। ਉਨ੍ਹਾਂ ਸਰਕਾਰ ਅਤੇ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕੀ ਇਨ੍ਹਾਂ ਬਲੈਕਮੇਲ ਕਰਨ ਵਾਲੇ ਲੋਕਾਂ ਖਿਲਾਫ ਮਾਮਲਾ ਦਰਜ ਕੀਤਾ ਜਾਵੇ। ਜੇਕਰ ਇਨ੍ਹਾਂ ਉੱਤੇ ਕਾਰਵਾਈ ਨਹੀ ਕੀਤੀ ਜਾਂਦੀ ਤਾਂ ਕਰੈਸ਼ਰ ਇੰਡਸਟਰੀ ਨੂੰ ਪੂਰਨ ਤੌਰ ਉੱਤੇ ਬੰਦ ਕਰਕੇ ਸੜਕਾਂ ਜਾਮ ਕੀਤੀਆਂ ਜਾਣਗੀਆਂ।
ਇਸ ਮੌਕੇ ਪਹੁੰਚੇ ਪੁਲਿਸ ਪ੍ਰਸ਼ਾਸਨ ਦੇ ਅਧਿਕਾਰੀ ਡੀਐਸਪੀ ਕੁਲਵਿੰਦਰ ਵਿਰਕ ,ਨਾਇਬ ਤਹਿਸੀਲਦਾਰ ਅਤੇ ਮਾਈਨਿੰਗ ਵਿਭਾਗ ਦੇ ਜੇਈ ਨੂੰ ਸਟੋਨ ਕਰੈਸ਼ਰ ਇੰਡਸਟਰੀ ਦੇ ਮਾਲਕਾਂ ਅਤੇ ਮਜ਼ਦੂਰ ਯੂਨੀਅਨ ਵੱਲੋਂ ਮੰਗ ਪੱਤਰ ਵੀ ਦਿੱਤਾ ਗਿਆ,ਜਿਸ ਤੋਂ ਬਾਅਦ ਸਬੰਧਿਤ ਵੱਖ-ਵੱਖ ਵਿਭਾਗਾਂ ਦੇ ਅਫ਼ਸਰਾਂ ਨੇ ਮਾਮਲੇ ਦੇ ਹੱਲ ਦਾ ਭਰੋਸਾ ਦਿੱਤਾ ਹੈ।