ਅੰਮ੍ਰਿਤਸਰ : ਪਿਛਲੇ ਕੁੱਝ ਦਿਨ੍ਹਾਂ ਤੋਂ ਹੋ ਰਹੀ ਬੇਮੌਸਮੀ ਬਰਸਾਤ ਨਾਲ਼ ਮੌਸਮ ਵਿੱਚ ਤਬਦੀਲੀ ਆਈ ਹੈ, ਉਥੇ ਹੀ ਗਰਮੀ ਤੋਂ ਵੀ ਲੋਕਾਂ ਨੂੰ ਕੁੱਝ ਰਾਹਤ ਮਿਲੀ ਹੈ। ਖਾਸਕਰ ਛੁੱਟੀਆਂ ਮਨਾਉਣ ਲਈ ਬਾਹਰੋਂ ਆ ਰਹੇ ਸੈਲਾਨੀਆਂ ਲਈ ਇਸ ਸਮੇਂ ਅੰਮਿਤਸਰ ਵਿੱਚ ਸ਼ਿਮਲੇ ਵਰਗਾ ਮਾਹੌਲ ਬਣਿਆ ਹੋਇਆ ਹੈ ਪਰ ਜੇਕਰ ਗਲ ਕਰੀਏ ਦੇਸ਼ ਦੇ ਅੰਨਦਾਤਾ ਕਿਸਾਨ ਦੀ ਤਾਂ ਪਿਛਲੇ ਕੁੱਝ ਦਿਨ੍ਹਾਂ ਤੋਂ ਹੋ ਰਹੀ ਬਰਸਾਤ ਕਿਸਾਨਾਂ ਲਈ ਆਫ਼ਤ ਬਣੀ ਹੋਈ ਹੈ। ਪੁੱਤਾਂ ਵਾਂਗ ਪਾਲੀ ਫ਼ਸਲ ਬਰਸਾਤ ਕਾਰਣ ਮੰਡੀਆਂ ਵਿੱਚ ਤਬਾਹ ਹੋ ਗਈ ਹੈ। ਕਿਸਾਨਾਂ ਨੂੰ ਇਸ ਫ਼ਸਲ ਤੋਂ ਜੋ ਆਮਦਨ ਹੋਣ ਦੀ ਆਸ ਸੀ, ਉਹ ਸਾਰੀ ਖਰਾਬ ਹੋ ਗਈ ਹੈ।
ਕਿਸਾਨਾਂ ਦੀ ਪੁੱਤਾਂ ਵਾਂਗ ਪਾਲੀ ਫ਼ਸਲ ਪੂਰੀ ਤਰ੍ਹਾਂ ਹੋ ਰਹੀ ਹੈ ਖਰਾਬ: ਲਗਾਤਾਰ ਹੋ ਰਹੀ ਬਰਸਾਤ ਕਾਰਣ ਕਿਸਾਨਾਂ ਦੇ ਚਿਹਰੇ ਮੁਰਝਾਏ ਹੋਏ ਹਨ, ਇਸ ਮੌਕੇ ਕਿਸਾਨਾਂ ਦਾ ਕਹਿਣਾ ਸੀ ਕਿ ਲਗਾਤਾਰ ਬਰਸਾਤ ਹੋਣ ਕਾਰਨ ਸਾਡੀ ਸਾਰੀ ਫਸਲ ਖਰਾਬ ਹੋ ਚੁੱਕੀ ਹੈ। ਬਰਸਾਤ ਕਾਰਨ ਸਾਡੀ ਸਾਰੀ ਕਣਕ ਗਿੱਲੀ ਹੋ ਗਈ ਹੈ, ਜਿਹਦੇ ਕਰਕੇ ਸਾਡੀ ਕਣਕ ਹੁਣ ਚੁੱਕੀ ਨਹੀਂ ਜਾ ਰਹੀ। ਉਹਨਾਂ ਸਰਕਾਰ ਕੋਲੋਂ ਮਦਦ ਦੀ ਗੁਹਾਰ ਲਾਉਂਦਿਆਂ ਮੰਗ ਕੀਤੀ ਕਿ ਦਾਣਾ ਮੰਡੀ ਦੇ ਵਿੱਚ ਸ਼ੈੱਡ ਬਣਨੇ ਚਾਹੀਦੇ ਹਨ ਤਾਂ ਜੋ ਕਿਸਾਨਾਂ ਦੀ ਕਣਕ ਖਰਾਬ ਨਾ ਹੋਵੇ ਅਤੇ ਸਮੇਂ ਸਿਰ ਕਣਕ ਚੁੱਕੀ ਜਾ ਸਕੇ। ਉਹਨਾਂ ਕਿਹਾ ਕਿ ਸਰਕਾਰ ਮੰਡੀ ਵਿੱਚ ਆਉਣ ਦਾ ਪੈਸਾ ਤਾਂ ਲੈ ਰਹੀ ਹੈ ਪਰ ਸਹੂਲਤਾਂ ਨਹੀਂ ਦੇ ਰਹੀ, ਜਿਸ ਦੇ ਚਲਦਿਆਂ ਕਿਸਾਨਾਂ ਦੀ ਪੁੱਤਾਂ ਵਾਂਗ ਪਾਲੀ ਫਸਲ ਪੂਰੀ ਤਰ੍ਹਾਂ ਖਰਾਬ ਹੋ ਰਹੀ ਹੈ। ਉਹਨਾਂ ਕਿਹਾ ਕਿ ਦਾਣਾ ਮੰਡੀ ਵਿੱਚ ਨਾ ਤਾਂ ਬਾਥਰੂਮ ਦਾ ਪ੍ਰਬੰਧ ਹੈ ਤੇ ਨਾ ਹੀ ਸੀਵਰੇਜ ਪ੍ਰਣਾਲੀ ਦਾ ਕੋਈ ਪ੍ਰਬੰਧ ਹੈ। ਸਰਕਾਰ ਨੂੰ ਕਿਸਾਨਾਂ ਦੀ ਸਾਰ ਲੈਣੀ ਚਾਹੀਦੀ ਹੈ ਅਤੇ ਉਨ੍ਹਾਂ ਦੇ ਨੁਕਸਾਨ ਦੀ ਭਰਪਾਈ ਕਰਨੀ ਚਾਹੀਦੀ ਹੈ।