ਚੰਡੀਗੜ੍ਹ: ਪੰਜਾਬੀ ਗਾਇਕੀ ਨੂੰ ਮਾਣਮੱਤੇ ਅਯਾਮ ਦੇਣ ਵਿੱਚ ਲਗਾਤਾਰ ਅਹਿਮ ਭੂਮਿਕਾ ਨਿਭਾ ਰਹੇ ਹਨ ਲੋਕ ਗਾਇਕ ਹਰਭਜਨ ਮਾਨ, ਜੋ ਚਾਰ ਸਾਹਿਬਜ਼ਾਦਿਆਂ ਦੀ ਲਾਸਾਨੀ ਸ਼ਹਾਦਤ ਨੂੰ ਸਮਰਪਿਤ ਅਪਣਾ ਨਵਾਂ ਗਾਣਾ 'ਸ਼ਹੀਦੀਆਂ ਦਿਹਾੜੇ' ਲੈ ਕੇ ਸਾਹਮਣੇ ਆਉਣ ਜਾ ਰਹੇ ਹਨ, ਜਿੰਨ੍ਹਾਂ ਦੀ ਭਾਵਪੂਰਨ ਅਵਾਜ਼ ਵਿੱਚ ਸੱਜਿਆ ਇਹ ਧਾਰਮਿਕ ਗਾਣਾ ਕੱਲ੍ਹ 21 ਦਸੰਬਰ ਨੂੰ ਵੱਖ-ਵੱਖ ਪਲੇਟਫ਼ਾਰਮ ਉਪਰ ਜਾਰੀ ਹੋਣ ਜਾ ਰਿਹਾ ਹੈ।
'ਐਚਐਮ ਰਿਕਾਰਡਸ' ਅਤੇ 'ਮਿਊਜ਼ਿਕ ਐਂਪਾਇਰ ਰਿਕਾਰਡਿੰਗ ਸਟੂਡੀਓ' ਦੇ ਲੇਬਲ ਅਧੀਨ ਵਜੂਦ ਵਿੱਚ ਲਿਆਂਦੇ ਗਏ ਇਸ ਧਾਰਮਿਕ ਗਾਣੇ ਦੇ ਬੋਲ ਪ੍ਰਸਿੱਧ ਗੀਤਕਾਰ ਮਨਪ੍ਰੀਤ ਟਿਵਾਣਾ ਨੇ ਲਿਖੇ ਹਨ, ਜਿੰਨ੍ਹਾਂ ਵੱਲੋਂ ਪ੍ਰਭਾਵੀ ਰੂਪ ਵਿੱਚ ਕਲਮਬੱਧ ਕੀਤੇ ਗਏ ਉਕਤ ਗਾਣੇ ਦਾ ਸੰਗੀਤਕ ਵੀਡੀਓ ਵੀ ਬੇਹੱਦ ਦਿਲ ਟੁੰਬਵੇਂ ਸਿਰਜਨਾਤਮਕ ਸਾਂਚੇ ਅਧੀਨ ਹੋਂਦ ਵਿੱਚ ਲਿਆਂਦਾ ਜਾ ਰਿਹਾ ਹੈ, ਜਿਸ ਨੂੰ ਚਾਰ ਚੰਨ ਲਾਉਣ ਵਿੱਚ ਜੱਸ ਪੈਸੀ ਅਤੇ ਹਰਮੀਤ ਐਸ ਕਾਲੜਾ ਵੱਲੋਂ ਵੀ ਅਹਿਮ ਤਰੱਦਦ ਨੂੰ ਅੰਜ਼ਾਮ ਦਿੱਤਾ ਗਿਆ ਹੈ।
ਸਾਲ 2013, 2017 ਅਤੇ 2019 ਵਿੱਚ ਸਾਹਿਬਜ਼ਾਦਿਆਂ ਦੀ ਸ਼ਹੀਦੀ ਨੂੰ ਹੀ ਯਾਦ ਕਰਵਾਉਂਦੇ ਤਿੰਨ ਧਾਰਮਿਕ ਗਾਣੇ ਕ੍ਰਮਵਾਰ 'ਸਰਹੰਦ ਦੀ ਦੀਵਾਰ', 'ਸਰਹੰਦ ਦੀ ਦੀਵਾਰ 2' ਅਤੇ 'ਸਰਹੰਦ ਦੀ ਦੀਵਾਰ 3' ਧਾਰਮਿਕ ਸੰਗੀਤ ਸਫਾਂ 'ਚ ਜਾਰੀ ਕਰ ਚੁੱਕੇ ਹਨ ਗਾਇਕ ਹਰਭਜਨ ਮਾਨ, ਜਿੰਨ੍ਹਾਂ ਦਾ ਇਸੇ ਲੜੀ ਅਧੀਨ ਰਿਲੀਜ਼ ਹੋਣ ਜਾ ਰਿਹਾ ਉਕਤ ਚੌਥਾ ਗੀਤ ਹੋਵੇਗਾ, ਜਿਸ ਨੂੰ ਹਰ ਪੱਖੋ ਬਿਹਤਰੀਨ ਰੂਪ ਦੇਣ ਲਈ ਉਨ੍ਹਾਂ ਵੱਲੋਂ ਖਾਸੀ ਮਿਹਨਤ ਕੀਤੀ ਗਈ ਹੈ।
21 ਦਸੰਬਰ ਨੂੰ ਰਿਲੀਜ਼ ਹੋਣ ਜਾ ਰਹੇ ਇਸ ਗਾਣੇ ਨੂੰ ਲੈ ਕੇ ਅਪਣੇ ਭਾਵਨਾਤਮਕ ਵਿਚਾਰ ਪ੍ਰਗਟ ਕਰਦਿਆਂ ਗਾਇਕ ਹਰਭਜਨ ਮਾਨ ਆਖਦੇ ਹਨ ਕਿ ਚਾਰ ਸਾਹਿਬਜ਼ਾਦਿਆਂ ਸਾਹਿਬਜ਼ਾਦਾ ਅਜੀਤ ਸਿੰਘ ਜੀ, ਸਾਹਿਬਜ਼ਾਦਾ ਜੁਝਾਰ ਸਿੰਘ ਜੀ, ਸਾਹਿਬਜ਼ਾਦਾ ਜ਼ੋਰਾਵਰ ਸਿੰਘ ਜੀ ਅਤੇ ਸਾਹਿਬਜ਼ਾਦਾ ਫ਼ਤਿਹ ਸਿੰਘ ਜੀ ਅਦੁੱਤੀ ਸ਼ਹਾਦਤ ਦਾ ਸਿੱਖ ਇਤਿਹਾਸ ਵਿੱਚ ਵੱਡਾ ਸਥਾਨ ਹੈ, ਜਿਸ ਨੂੰ ਸਦੀਵੀ ਯਾਦ ਰੱਖਿਆ ਜਾਵੇਗਾ।
ਇਹ ਵੀ ਪੜ੍ਹੋ: