ਖੰਨਾ/ਲੁਧਿਆਣਾ: ਸ੍ਰੀ ਫਤਿਹਗੜ੍ਹ ਸਾਹਿਬ ਦੇ ਬਸੀ ਪਠਾਣਾਂ 'ਚ ਇਕ ਪਖੰਡੀ ਬਾਬੇ ਦੇ ਘਰੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪ ਬਰਾਮਦ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਨਿਹੰਗ ਸਿੰਘਾਂ ਨੇ ਇਸ ਪਾਖੰਡੀ ਬਾਬੇ ਦੇ ਘਰ ਛਾਪਾ ਮਾਰਿਆ ਤੇ ਉਥੇ ਦੀ ਹਾਲਤ ਦੇਖ ਨਿਹੰਗ ਸਿੰਘ ਖੁਦ ਵੀ ਦੰਗ ਰਹਿ ਗਏ। ਜਿਸ ਤੋਂ ਬਾਅਦ ਉਨ੍ਹਾਂ ਨੇ ਐਸਜੀਪੀਸੀ ਦੀ ਟੀਮ ਅਤੇ ਪੁਲਿਸ ਨੂੰ ਮੌਕੇ 'ਤੇ ਬੁਲਾਇਆ। ਨਿਹੰਗਾਂ ਦੀ ਇਸ ਕਾਰਵਾਈ ਦਾ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਗਿਆ।
ਨਿਹੰਗ ਸਿੰਘਾਂ ਨੇ ਫੜਿਆ ਪਖੰਡੀ ਬਾਬਾ
ਇਸ ਵੀਡੀਓ 'ਚ ਦੇਖਿਆ ਜਾ ਰਿਹਾ ਹੈ ਕਿ ਜਦੋਂ ਨਿਹੰਗ ਸਿੰਘਾਂ ਨੇ ਇਸ ਪਖੰਡੀ ਬਾਬੇ ਦੇ ਘਰ 'ਤੇ ਛਾਪਾ ਮਾਰਿਆ ਤਾਂ ਪਖੰਡੀ ਬਾਬਾ ਖੁਦ ਉਥੇ ਮੌਜੂਦ ਸੀ। ਇੱਕ ਕਮਰੇ ਵਿੱਚ ਸਿੱਖ ਧਰਮ ਨਾਲ ਸਬੰਧਤ ਗੁਰੂਆਂ ਦੀਆਂ ਤਸਵੀਰਾਂ ਲਗਾਈਆਂ ਹੋਈਆਂ ਸਨ। ਕੁਝ ਹੋਰ ਤਸਵੀਰਾਂ ਵੀ ਨਾਲ ਲਾਈਆਂ ਹੋਈਆਂ ਸਨ। ਕਮਰੇ ਵਿੱਚ ਜਾਦੂ-ਟੂਣਿਆਂ ਦਾ ਸਾਮਾਨ ਵੀ ਪਿਆ ਸੀ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਚਾਰ ਸਰੂਪ ਪ੍ਰਕਾਸ਼ਿਤ ਕੀਤੇ ਗਏ ਸੀ। ਘਰ ਵਿੱਚੋਂ ਨਸ਼ੀਲੇ ਪਦਾਰਥ ਅਤੇ ਸ਼ਰਾਬ ਦੀਆਂ ਬੋਤਲਾਂ ਵੀ ਬਰਾਮਦ ਹੋਈਆਂ। ਵੀਡੀਓ ਵਿੱਚ ਨਿਹੰਗਾਂ ਵੱਲੋਂ ਇਹ ਵੀ ਦਾਅਵਾ ਕੀਤਾ ਜਾ ਰਿਹਾ ਹੈ ਕਿ ਢੌਂਗੀ ਬਾਬਾ ਆਪਣੇ ਘਰ ਜਾਅਲੀ ਵਿਆਹ ਕਰਵਾਉਂਦਾ ਸੀ।
ਗੁਰੂ ਗ੍ਰੰਥ ਸਾਹਿਬ ਦੇ ਸਰੂਪ ਵੀ ਹੋਏ ਬਰਾਮਦ
ਇਸ ਨੂੰ ਲੈਕੇ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੇ ਜ਼ਿਲ੍ਹਾ ਪ੍ਰਧਾਨ ਜਸਪਾਲ ਸਿੰਘ ਨੇ ਕਿਹਾ ਕਿ ਉਕਤ ਘਰ ਵਿੱਚ ਗੁਰਮਤਿ ਮਰਿਯਾਦਾ ਦੇ ਉਲਟ ਕੰਮ ਕੀਤਾ ਜਾ ਰਿਹਾ ਸੀ। ਘਰ 'ਚੋਂ ਕਾਫੀ ਮਾਤਰਾ 'ਚ ਨਸ਼ੀਲੇ ਪਦਾਰਥ ਮਿਲੇ ਹਨ। ਕੁਝ ਸਮੱਗਰੀ ਮਿਲੀ ਜੋ ਜਾਦੂ-ਟੂਣੇ ਲਈ ਵਰਤੀ ਜਾਂਦੀ ਸੀ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਵਿੱਚ ਅਜਿਹੀਆਂ ਘਿਨਾਉਣੀਆਂ ਹਰਕਤਾਂ ਕੀਤੀਆਂ ਜਾ ਰਹੀਆਂ ਸਨ। ਨੇੜੇ ਇੱਕ ਸਮਾਧ ਵੀ ਬਣਾਈ ਹੋਈ ਸੀ। ਨਿਹੰਗਾਂ ਦੇ ਛਾਪੇ ਤੋਂ ਬਾਅਦ ਗੁਰਦੁਆਰਾ ਸ੍ਰੀ ਫਤਹਿਗੜ੍ਹ ਸਾਹਿਬ ਤੋਂ ਪੰਜ ਪਿਆਰਿਆਂ ਦੀ ਟੀਮ ਮੌਕੇ 'ਤੇ ਪਹੁੰਚੀ ਅਤੇ ਉਥੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪ ਨੂੰ ਸਤਿਕਾਰ ਸਹਿਤ ਗੁਰੂ ਘਰ ਲਿਆਂਦਾ ਗਿਆ। ਪੁਲਿਸ ਨੇ ਉੱਥੇ ਪਹੁੰਚ ਕੇ ਢੋਂਗੀ ਬਾਬੇ ਨੂੰ ਹਿਰਾਸਤ ਵਿੱਚ ਲੈ ਲਿਆ।
ਪੁਲਿਸ ਨੇ ਦੱਸੀ ਪੁਰਾਣੀ ਵੀਡੀਓ
ਉੱਥੇ ਹੀ ਜਦੋਂ ਇਸ ਸੰਬੰਧੀ ਫੋਨ ਰਾਹੀਂ ਗੁਰਦੁਆਰਾ ਸ੍ਰੀ ਫਤਹਿਗੜ੍ਹ ਸਾਹਿਬ ਦੇ ਮੈਨੇਜਰ ਗੁਰਦੀਪ ਸਿੰਘ ਕੰਗ ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਦਾ ਕਹਿਣਾ ਸੀ ਕਿ ਉਨ੍ਹਾਂ ਨੂੰ ਸੂਚਨਾ ਮਿਲਦਿਆਂ ਹੀ ਗੁਰਦੁਆਰਾ ਸਾਹਿਬ ਤੋਂ ਟੀਮ ਭੇਜ ਕੇ ਪਾਵਨ ਸਰੂਪ ਗੁਰੂ ਘਰ ਲਿਆਂਦੇ ਗਏ। ਦੂਜੇ ਪਾਸੇ ਬਸੀ ਪਠਾਣਾਂ ਦੇ ਐਸ.ਐਚ.ਓ ਹਰਵਿੰਦਰ ਸਿੰਘ ਨੇ ਕਿਹਾ ਕਿ ਇਹ ਵੀਡੀਓ ਪੁਰਾਣੀ ਹੈ। ਇਸ 'ਚ ਮੌਕੇ ਤੋਂ ਕੁੱਝ ਨਹੀਂ ਮਿਲਿਆ ਸੀ। ਜਿਸ ਕਰਕੇ ਕੋਈ ਐਫਆਈਆਰ ਦਰਜ ਨਹੀਂ ਕੀਤੀ ਗਈ।