ਮਾਨਸਾ:ਪੰਜਾਬ ਦੇ ਮਾਨਸਾ ਵਿੱਚ ਪਿਛਲੇ 4 ਦਿਨਾਂ ਤੋਂ ਪੈ ਰਹੀ ਬਰਸਾਤ ਕਾਰਨ ਸੜਕਾਂ ਅਜੇ ਵੀ ਪਾਣੀ ਨਾਲ ਭਰੀਆਂ ਹੋਈਆਂ ਹਨ। ਅੱਜ ਕਿਸਾਨਾਂ ਨੇ ਡਿਪਟੀ ਕਮਿਸ਼ਨਰ ਦੀ ਰਿਹਾਇਸ਼ ਨੇੜੇ ਸੜਕ ’ਤੇ ਜਮ੍ਹਾਂ ਹੋਏ ਪਾਣੀ ਵਿੱਚ ਝੋਨਾ ਲਗਾ ਕੇ ਰੋਸ ਪ੍ਰਦਰਸ਼ਨ ਕੀਤਾ। ਕਿਸਾਨਾਂ ਦਾ ਕਹਿਣਾ ਹੈ ਕਿ ਜੇਕਰ ਜਲਦੀ ਹੀ ਇਸ ਪਾਣੀ ਦੀ ਨਿਕਾਸੀ ਨਾ ਕੀਤੀ ਗਈ ਤਾਂ ਆਉਣ ਵਾਲੇ ਦਿਨਾਂ ਵਿੱਚ ਕਿਸਾਨ ਡੀਸੀ ਖ਼ਿਲਾਫ਼ ਆਪਣਾ ਰੋਸ ਪ੍ਰਦਰਸ਼ਨ ਤੇਜ਼ ਕਰਨਗੇ।
ਸ਼ਹਿਰ ਦੀਆਂ ਗਲੀਆਂ ਵਿੱਚ ਭਰਿਆ ਪਾਣੀ :ਭਾਰਤੀ ਕਿਸਾਨ ਯੂਨੀਅਨ ਡਕੌਂਦਾ ਦੇ ਮਹਿੰਦਰ ਸਿੰਘ, ਰਾਜ ਸਿੰਘ, ਜਗਰਾਜ ਸਿੰਘ, ਹਰਦੇਵ ਸਿੰਘ ਨੇ ਦੱਸਿਆ ਕਿ ਅੱਜ ਮਾਨਸਾ ਵਿੱਚ ਡੀਸੀ ਦੀ ਰਿਹਾਇਸ਼ ਦੇ ਬਾਹਰ ਵੱਖਰਾ ਧਰਨਾ ਦਿੱਤਾ ਗਿਆ। ਕਿਉਂਕਿ ਮਾਨਸਾ ਵਿੱਚ 4 ਦਿਨ ਪਹਿਲਾਂ ਹੋਈ ਬਰਸਾਤ ਦਾ ਪਾਣੀ ਅੱਜ ਵੀ ਸੜਕਾਂ ਅਤੇ ਪੁਲਾਂ ਦੇ ਹੇਠਾਂ ਜਮ੍ਹਾਂ ਹੈ। ਜਿਸ ਕਾਰਨ ਸ਼ਹਿਰ ਦੀ ਟ੍ਰੈਫਿਕ ਵਿਵਸਥਾ ਵਿਗੜ ਗਈ ਹੈ। ਕਿਸਾਨਾਂ ਨੇ ਦੱਸਿਆ ਕਿ ਨਾ ਤਾਂ ਸ਼ਹਿਰ ਦੇ ਅੰਡਰ ਬ੍ਰਿਜ ਤੋਂ ਪਾਣੀ ਦੀ ਨਿਕਾਸੀ ਹੋਈ ਹੈ ਅਤੇ ਨਾ ਹੀ ਡੀਸੀ ਦੀ ਰਿਹਾਇਸ਼ ਦੇ ਬਾਹਰਲੇ ਤਿੰਨ ਕੋਨਿਆਂ ਤੋਂ ਪਾਣੀ ਦੀ ਨਿਕਾਸੀ ਹੋਈ ਹੈ। ਜਿਸ ਕਾਰਨ ਵਾਹਨ ਪਾਣੀ ਵਿੱਚ ਫਸ ਜਾਂਦੇ ਹਨ ਅਤੇ ਲੋਕਾਂ ਨੂੰ ਭਾਰੀ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।