ਪੰਜਾਬ

punjab

ETV Bharat / state

ਕਿਸਾਨ ਲੀਡਰਾਂ ਦੀ ਜਾਇਦਾਦ ਦੀ ਜਾਂਚ ਕਰਾਉਣ ਦਾ ਦਾਅਵਾ ਕਰਨ ਵਾਲੇ ਰਵਨੀਤ ਬਿੱਟੂ 'ਤੇ ਹੀ ਕਿਸਾਨ ਆਗੂਆਂ ਨੇ ਚੁੱਕੇ ਸਵਾਲ, ਕਿਹਾ... - FARMERS TARGETED RAVNEET BITTU

ਰਵਨੀਤ ਬਿੱਟੂ ਵਲੋਂ ਕਿਸਾਨ ਲੀਡਰਾਂ ਨੂੰ ਲੈਕੇ ਵਿਵਾਦਤ ਬਿਆਨ ਦਿੱਤਾ, ਜਿਸ ਦਾ ਕਿਸਾਨ ਆਗੂਆਂ ਨੇ ਠੋਕਵਾਂ ਜਵਾਬ ਦਿੱਤਾ। ਪੜ੍ਹੋ ਪੂਰੀ ਖ਼ਬਰ...

ਰਵਨੀਤ ਬਿੱਟੂ ਦਾ ਕਿਸਾਨ ਆਗੂਆਂ 'ਤੇ ਵਿਵਾਦਤ ਬਿਆਨ
ਰਵਨੀਤ ਬਿੱਟੂ ਦਾ ਕਿਸਾਨ ਆਗੂਆਂ 'ਤੇ ਵਿਵਾਦਤ ਬਿਆਨ (Etv Bharat)

By ETV Bharat Punjabi Team

Published : Nov 12, 2024, 5:27 PM IST

ਬਠਿੰਡਾ: ਪੰਜਾਬ ਵਿੱਚ ਹੋਣ ਜਾ ਰਹੀਆਂ ਜ਼ਿਮਨੀ ਚੋਣਾਂ ਦੌਰਾਨ ਕਿਸਾਨ ਜਥੇਬੰਦੀਆਂ ਵੱਲੋਂ ਲਗਾਤਾਰ ਭਾਜਪਾ ਦੇ ਉਮੀਦਵਾਰਾਂ ਦੇ ਕੀਤੇ ਜਾ ਰਹੇ ਵਿਰੋਧ ਦੇ ਚੱਲਦਿਆਂ ਕੇਂਦਰੀ ਰਾਜ ਮੰਤਰੀ ਰਵਨੀਤ ਬਿੱਟੂ ਵੱਲੋਂ ਦਿੱਤੇ ਗਏ ਬਿਆਨ ਨੇ ਨਵੀਂ ਚਰਚਾ ਛੇੜ ਦਿੱਤੀ ਹੈ। ਰਵਨੀਤ ਬਿੱਟੂ ਵੱਲੋਂ ਕਿਸਾਨ ਆਗੂਆਂ ਦੀ ਜਾਇਦਾਦ ਦੀ ਜਾਂਚ ਕਰਾਉਣ ਦੇ ਕੀਤੇ ਗਏ ਦਾਅਵੇ 'ਤੇ ਤਿੱਖੀ ਟਿੱਪਣੀ ਕਰਦੇ ਹੋਏ ਵੱਖ-ਵੱਖ ਕਿਸਾਨ ਜਥੇਬੰਦੀਆਂ ਦੇ ਆਗੂਆਂ ਨੇ ਕਿਹਾ ਕਿ ਭਾਜਪਾ ਵਿੱਚ ਜਾਣ ਤੋਂ ਬਾਅਦ ਰਵਨੀਤ ਬਿੱਟੂ ਭਾਜਪਾ ਦੀ ਬੋਲੀ ਬੋਲਣ ਲੱਗੇ ਹਨ। ਕਿਸਾਨ ਅੰਦੋਲਨ ਸਮੇਂ ਰਵਨੀਤ ਬਿੱਟੂ ਵੱਲੋਂ ਭਾਜਪਾ ਦੇ ਖਿਲਾਫ ਬੋਲਦਿਆਂ ਕਿਸਾਨ ਅੰਦੋਲਨ ਦਾ ਸਮਰਥਨ ਕੀਤਾ ਗਿਆ ਸੀ।

ਰਵਨੀਤ ਬਿੱਟੂ ਦਾ ਕਿਸਾਨ ਆਗੂਆਂ 'ਤੇ ਵਿਵਾਦਤ ਬਿਆਨ (ETV BHARAT ਬਠਿੰਡਾ)

ਮਾਨਸਿਕ ਸੰਤੁਲਨ ਗਵਾ ਚੁੱਕੇ ਬਿੱਟੂ: ਕਿਸਾਨ ਲੀਡਰ

ਇਸ ਸਬੰਧੀ ਕੁੱਲ ਹਿੰਦ ਕਿਸਾਨ ਸਭਾ ਦੇ ਸੂਬਾ ਪ੍ਰਧਾਨ ਬਲਕਰਨ ਸਿੰਘ ਬਰਾੜ ਨੇ ਰਵਨੀਤ ਸਿੰਘ ਬਿੱਟੂ ਦੇ ਬਿਆਨ 'ਤੇ ਟਿੱਪਣੀ ਕਰਦੇ ਹੋਏ ਕਿਹਾ ਕਿਕਿਸਾਨਾਂ ਦੀ ਜਾਇਦਾਦ ਦੀ ਜਾਂਚ ਜ਼ਰੂਰ ਕਰੋ ਪਰ ਇਸ ਦੇ ਨਾਲ ਦੇਸ਼ ਦੇ ਰਾਜਨੀਤਿਕ ਲੋਕਾਂ ਅਤੇ ਬਿਊਰੋਕਰੇਟਸ ਦੀ ਵੀ ਜਾਂਚ ਹੋਣੀ ਚਾਹੀਦੀ ਹੈ। ਉਹਨਾਂ ਕਿਹਾ ਕਿ, ਰਵਨੀਤ ਸਿੰਘ ਬਿੱਟੂ ਆਪਣਾ ਮਾਨਸਿਕ ਸੰਤੁਲਨ ਗਵਾ ਚੁੱਕੇ ਹਨ ਕਿਉਂਕਿ ਕਿਸੇ ਸਮੇਂ ਕਿਸਾਨ ਅੰਦੋਲਨ ਜੋ ਕਿ ਤਿੰਨ ਖੇਤੀਬਾੜੀ ਬਿਲਾਂ ਦੇ ਵਿਰੋਧ ਵਿੱਚ ਸ਼ੁਰੂ ਹੋਇਆ ਸੀ, ਉਸ ਦਾ ਸਮਰਥਨ ਇਸੇ ਰਵਨੀਤ ਸਿੰਘ ਬਿੱਟੂ ਵੱਲੋਂ ਕੀਤਾ ਗਿਆ ਸੀ। ਉਨ੍ਹਾਂ ਵਲੋਂ ਕਿਸਾਨ ਲੀਡਰਾਂ ਦੇ ਹੱਕ ਵਿੱਚ ਨਾਰਾ ਮਾਰਿਆ ਗਿਆ ਸੀ ਪਰ ਹੁਣ ਮਜਬੂਰੀ ਦੇ ਚੱਲਦੇ ਰਵਨੀਤ ਸਿੰਘ ਬਿੱਟੂ ਨੂੰ ਭਾਜਪਾ ਦੀ ਬੋਲੀ ਬੋਲਣੀ ਪੈ ਰਹੀ ਹੈ। ਉਨ੍ਹਾਂ ਕਿਹਾ ਕਿ ਅਜਿਹਾ ਮਾਹੌਲ ਸਿਰਜਿਆ ਜਾ ਰਿਹਾ ਹੈ ਜਿਸ ਨਾਲ ਪੰਜਾਬ ਦਾ ਮਾਹੌਲ ਖਰਾਬ ਹੋ ਸਕੇ। ਉਨਾਂ ਲੋਕਾਂ ਨੂੰ ਅਪੀਲ ਕੀਤੀ ਕਿ ਰਵਨੀਤ ਸਿੰਘ ਬਿੱਟੂ ਦੇ ਬਿਆਨ ਨੂੰ ਬਹੁਤਾ ਸੀਰੀਅਸ ਨਾ ਲੈਣ ਕਿਉਂਕਿ ਇਹ ਜਿਸ ਵੀ ਪਾਰਟੀ 'ਚ ਜਾਂਦੇ ਹਨ ਉਸ ਦੀ ਬੋਲੀ ਬੋਲਦੇ ਹਨ।

'ਬਿੱਟੂ ਦੀ ਜਾਇਦਾਦ ਦੀ ਵੀ ਹੋਵੇ ਜਾਂਚ'

ਉਧਰ ਭਾਰਤੀ ਕਿਸਾਨ ਯੂਨੀਅਨ ਸਿੱਧੂਪੁਰ ਦੇ ਰੇਸ਼ਮ ਸਿੰਘ ਯਾਤਰੀ ਨੇ ਕਿਹਾ ਕਿ ਕਿਸਾਨ ਆਗੂਆਂ ਦੀ ਜਾਇਦਾਦ ਦੀ ਜਾਂਚ ਜਰੂਰ ਕਰੋ ਪਰ ਇਸ ਤੋਂ ਪਹਿਲਾਂ ਰਵਨੀਤ ਸਿੰਘ ਬਿੱਟੂ ਇਹ ਦੱਸੇ ਕਿ ਉਸ ਦੀ ਕੀ ਮਜਬੂਰੀ ਸੀ ਜੋ ਆਪਣੀ ਦਾਦੇ ਦੀ ਮਾਂ ਪਾਰਟੀ ਨੂੰ ਛੱਡ ਕੇ ਭਾਜਪਾ ਵਿੱਚ ਗਿਆ। ਕਿਸੇ ਸਮੇਂ ਕਿਸਾਨ ਅੰਦੋਲਨ ਦਾ ਸਮਰਥਨ ਕਰਨ ਵਾਲਾ ਰਵਨੀਤ ਸਿੰਘ ਬਿੱਟੂ ਅੱਜ ਭਾਜਪਾ ਦੀ ਬੋਲੀ ਬੋਲ ਰਿਹਾ ਹੈ, ਅਜਿਹੀ ਕਿਹੜੀ ਮਜਬੂਰੀ ਹੈ। ਉਹਨਾਂ ਕਿਹਾ ਕਿ ਜਾਂਚ ਬਿੱਟੂ ਦੀ ਜਾਇਦਾਦ ਦੀ ਵੀ ਹੋਣੀ ਚਾਹੀਦੀ ਹੈ ਕਿ ਉਸ ਨੇ ਆਪਣੇ ਸਿਆਸੀ ਜੀਵਨ ਦੌਰਾਨ ਕਿੰਨੀ ਜਾਇਦਾਦ ਬਣਾਈ। ਕਿਤੇ ਇਹ ਤਾਂ ਨਹੀਂ ਕਿ ਕਿਸੇ ਕਾਨੂੰਨੀ ਕਾਰਵਾਈ ਦੇ ਚੱਲਦਿਆਂ ਰਵਨੀਤ ਬਿੱਟੂ ਵੱਲੋਂ ਭਾਜਪਾ ਜੁਆਇਨ ਕੀਤੀ ਗਈ ਅਤੇ ਹੁਣ ਭਾਜਪਾ ਦੀ ਭਾਸ਼ਾ ਬੋਲੀ ਜਾ ਰਹੀ ਹੈ।ਉਹਨਾਂ ਕਿਹਾ ਕਿ ਇਸ ਤੋਂ ਪਹਿਲਾਂ ਵੀ ਕਿਸਾਨ ਆਗੂਆਂ ਦੇ ਘਰਾਂ 'ਤੇ ਐਨਆਈਏ ਵੱਲੋਂ ਰੇਡ ਕੀਤੀ ਗਈ ਸੀ, ਇਹਨਾਂ ਰੇਡਾਂ ਦੌਰਾਨ ਐਨਆਈਏ ਨੂੰ ਕੁਝ ਨਹੀਂ ਮਿਲਿਆ। ਹੁਣ ਰਵਨੀਤ ਸਿੰਘ ਬਿੱਟੂ ਆਪਣੇ ਪੱਧਰ 'ਤੇ ਜਾਂਚ ਕਰਵਾ ਲਵੇ, ਜੇ ਉਸ ਨੂੰ ਕੋਈ ਸ਼ੱਕ ਹੈ।

'ਦਾਦੇ ਦੀ ਮਾਂ ਛੱਡ ਭਾਜਪਾ 'ਚ ਗਿਆ ਬਿੱਟੂ'

ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਸੂਬਾ ਸਕੱਤਰ ਸ਼ਿੰਗਾਰਾ ਸਿੰਘ ਮਾਨ ਨੇ ਕਿਹਾ ਕਿ ਰਵਨੀਤ ਸਿੰਘ ਬਿੱਟੂ ਨੇ ਜੋ ਬਿਆਨ ਦਿੱਤਾ ਹੈ, ਉਸ ਦੇ ਕੋਈ ਮਾਇਨੇ ਨਹੀਂ ਹਨ। ਪਹਿਲਾਂ ਤਾਂ ਸਰਕਾਰ ਨੂੰ ਜਾਂਚ ਹੀ ਕਰਵਾ ਲੈਣੀ ਚਾਹੀਦੀ ਹੈ ਕਿ ਕਿਸਾਨ ਆਗੂਆਂ ਕੋਲ ਕਿੰਨੀ ਕੁ ਜਮੀਨ ਜਾਇਦਾਦ ਹੈ। ਕਈ ਕਿਸਾਨ ਆਗੂਆਂ ਦੇ ਤਾਂ ਆਪਣੇ ਘਰਾਂ ਦੇ ਜੱਦੀ ਜਮੀਨ ਹੀ ਸੰਘਰਸ਼ਾਂ ਦੇ ਲੇਖੇ ਲੱਗ ਗਈ। ਇਸ ਦੇ ਨਾਲ ਹੀ ਰਵਨੀਤ ਸਿੰਘ ਬਿੱਟੂ ਦੀ ਜਾਇਦਾਦ ਦੀ ਵੀ ਜਾਂਚ ਹੋਣੀ ਚਾਹੀਦੀ ਹੈ ਕਿ ਉਸਨੇ ਆਪਣੇ ਰਾਜਨੀਤਿਕ ਜੀਵਨ ਵਿੱਚ ਕੀ ਕੁਝ ਖੱਟਿਆ ਤੇ ਕੀ ਕੁਝ ਕਮਾਇਆ ਹੈ, ਕਿਉਂਕਿ ਜਿਸ ਤਰ੍ਹਾਂ ਰਵਨੀਤ ਸਿੰਘ ਬਿੱਟੂ ਵੱਲੋਂ ਭਾਜਪਾ ਵਿੱਚ ਜਾ ਕੇ ਲੇਲੜੀਆਂ ਕੱਢੀਆਂ ਗਈਆਂ ਹਨ। ਉਸ ਤੋਂ ਸਾਫ ਜਾਹਿਰ ਹੈ ਕਿ ਇਸ ਪਿੱਛੇ ਕੋਈ ਵੱਡਾ ਕਾਰਨ ਹੈ ਜੋ ਰਵਨੀਤ ਸਿੰਘ ਆਪਣੇ ਦਾਦੇ ਦੀ ਮਾਂ ਪਾਰਟੀ ਛੱਡ ਕੇ ਭਾਜਪਾ ਵਿੱਚ ਜਾ ਕੇ ਭਾਜਪਾ ਦੀ ਭਾਸ਼ਾ ਬੋਲ ਰਿਹਾ ਹੈ ਕਿਉਂਕਿ ਰਵਨੀਤ ਸਿੰਘ ਬਿੱਟੂ ਵੱਲੋਂ ਕਿਸਾਨ ਅੰਦੋਲਨ ਦਾ ਸਮਰਥਨ ਕਰਦੇ ਹੋਏ ਦਿੱਲੀ ਜਾ ਕੇ ਕਿਸਾਨਾਂ ਦੇ ਹੱਕ ਵਿੱਚ ਧਰਨਾ ਵੀ ਦਿੱਤਾ ਸੀ। ਇਸ ਦੌਰਾਨ ਪੁਲਿਸ ਲਾਠੀ ਚਾਰਜ ਦਾ ਸ਼ਿਕਾਰ ਵੀ ਹੋਏ ਸਨ ਪਰ ਅੱਜ ਅਜਿਹਾ ਕੀ ਵਾਪਰਿਆ ਕਿ ਉਹ ਕਿਸਾਨਾਂ ਦੇ ਵਿਰੋਧ ਵਿੱਚ ਅਜਿਹੇ ਬਿਆਨ ਦੇ ਰਹੇ ਹਨ, ਇਹ ਵੀ ਜਾਂਚ ਦਾ ਵਿਸ਼ਾ ਹੈ। ਉਹਨਾਂ ਕਿਹਾ ਕਿ ਦੇਸ਼ ਦੀਆਂ ਸਮੁੱਚੀਆਂ ਜਾਂਚ ਏਜੰਸੀਆਂ ਕੇਂਦਰ ਦੇ ਅਧੀਨ ਹਨ ਹੁਣ ਤੱਕ ਕਈ ਕਿਸਾਨ ਆਗੂਆਂ 'ਤੇ ਛਾਪੇਮਾਰੀ ਹੁੰਦੀ ਰਹੀ ਹੈ, ਜੇ ਹੁਣ ਜਾਂਚ ਹੋਵੇਗੀ ਤਾਂ ਇਸ ਨਾਲ ਵੀ ਕੋਈ ਫਰਕ ਨਹੀਂ ਪੈਣ ਲੱਗਿਆ।

ABOUT THE AUTHOR

...view details