ਚੰਡੀਗੜ੍ਹ: ਪੰਜਾਬੀ ਗਾਇਕੀ ਦੇ ਖੇਤਰ ਵਿੱਚ ਧੁਰੰਧਰ ਗਾਇਕ ਦੇ ਤੌਰ ਉਤੇ ਅਪਣਾ ਸ਼ੁਮਾਰ ਕਰਵਾਉਣ ਵਿੱਚ ਸਫ਼ਲ ਰਹੇ ਹਨ ਪੰਮੀ ਬਾਈ, ਜੋ ਅਪਣੇ ਉਚੇਚੇ ਦੌਰੇ ਅਧੀਨ ਲਾਹੌਰ ਪੁੱਜ ਚੁੱਕੇ ਹਨ, ਜਿੱਥੋਂ ਦੀ ਜੂਹ 'ਚ ਦਾਖ਼ਲ ਹੁੰਦਿਆਂ ਹੀ ਪਾਕਿ ਦੇ ਕਲਾ ਅਤੇ ਸੰਗੀਤ ਪ੍ਰੇਮੀਆਂ ਵੱਲੋਂ ਉਨ੍ਹਾਂ ਦਾ ਨਿੱਘਾ ਸਵਾਗਤ ਕੀਤਾ ਗਿਆ।
ਇਸ ਸਮੇਂ ਉਨ੍ਹਾਂ ਦਾ ਸ਼ਾਨਦਾਰ ਇਸਤਕਬਾਲ ਕਰਨ ਵਾਲੀਆਂ ਲਹਿੰਦੇ ਪੰਜਾਬ ਦੀਆਂ ਕਲਾ ਸ਼ਖਸ਼ੀਅਤਾਂ ਦੀ ਅਗਵਾਈ ਨਾਸਿਰ ਢਿੱਲੋਂ ਨੇ ਕੀਤੀ, ਜੋ ਚੜ੍ਹਦੇ ਅਤੇ ਲਹਿੰਦੇ ਪੰਜਾਬ ਦੀ ਭਾਈਚਾਰਕ ਸਾਂਝ ਨੂੰ ਹੋਰ ਮਜ਼ਬੂਤ ਕਰਨ ਵਿੱਚ ਅੱਜਕੱਲ੍ਹ ਅਹਿਮ ਭੂਮਿਕਾ ਨਿਭਾ ਰਹੇ ਹਨ।
ਦੋਹਾਂ ਮੁਲਕਾਂ ਵਿਚਕਾਰ ਦੇ ਕਲਾ ਅਤੇ ਸੱਭਿਆਚਾਰਕ ਅਦਾਨ ਪ੍ਰਦਾਨ ਵਿੱਚ ਮੋਹਰੀ ਯੋਗਦਾਨ ਪਾ ਰਹੇ ਨਾਸਿਰ ਢਿੱਲੋਂ ਅਨੁਸਾਰ ਪੰਮੀ ਬਾਈ ਦੇ ਇਸ ਦੌਰੇ ਦੌਰਾਨ ਉਨ੍ਹਾਂ ਨੂੰ ਪਾਕਿਸਤਾਨ ਦੇ ਮੁਕੱਦਸ ਧਾਰਮਿਕ ਅਤੇ ਇਤਿਹਾਸਿਕ ਅਸਥਾਨਾਂ ਦੀ ਵੀ ਪਰਿਕ੍ਰਮਾ ਕਰਵਾਈ ਜਾਵੇਗੀ।
ਇਸ ਤੋਂ ਇਲਾਵਾ ਵੰਡ ਦੇ ਦੁਖਾਂਤ ਨੂੰ ਪ੍ਰਤੀਬਿੰਬ ਕਰਦੀਆਂ ਜਗ੍ਹਾਵਾਂ ਅਤੇ ਅਪਣੇ ਬਜ਼ੁਰਗਾਂ ਦੀਆਂ ਨਿਸ਼ਾਨੀਆਂ ਰਹੇ ਪਿੰਡ 'ਚ ਵੀ ਉਹ ਕੁਝ ਸਮਾਂ ਬਿਤਾਉਣਗੇ। ਓਧਰ ਪਾਕਿ ਧਰਤੀ ਉਤੇ ਮਿਲ ਰਹੇ ਇਸ ਸਨੇਹ ਭਰੇ ਹੁੰਗਾਰੇ ਨੂੰ ਲੈ ਕੇ ਅਜ਼ੀਮ ਗਾਇਕ ਪੰਮੀ ਬਾਈ ਵੀ ਕਾਫ਼ੀ ਖੁਸ਼ ਅਤੇ ਉਤਸ਼ਾਹਿਤ ਨਜ਼ਰ ਆ ਰਹੇ ਹਨ, ਜਿੰਨ੍ਹਾਂ ਇਸੇ ਸੰਬੰਧੀ ਅਪਣੇ ਵਲਵਲਿਆਂ ਦਾ ਇਜ਼ਹਾਰ ਕਰਦਿਆਂ ਕਿਹਾ ਕਿ ਲਾਹੌਰੀਆਂ ਦੀ ਮਹਿਮਾਨ ਨਿਵਾਜ਼ੀ ਵਾਕਈ ਦਿਲ ਨੂੰ ਛੂਹ ਰਹੀ ਹੈ, ਜਿਸ ਲਈ ਜਿੰਨਾਂ ਸ਼ੁਕਰੀਆ ਕੀਤਾ ਜਾਵੇ, ਉਨ੍ਹਾਂ ਥੋੜਾ ਹੈ।
ਇਸ ਤੋਂ ਇਲਾਵਾ ਗਾਇਕ ਨੇ ਬਾਬਾ ਨਜ਼ਮੀ ਨਾਲ ਵੀ ਖਾਸ ਮੁਲਾਕਾਤ ਕੀਤੀ, ਜਿਸਦੀਆਂ ਤਸਵੀਰਾਂ ਵੀ ਗਾਇਕ ਨੇ ਆਪਣੇ ਸੋਸ਼ਲ ਮੀਡੀਆ ਹੈਂਡਲ ਉਤੇ ਸਾਂਝੀਆਂ ਕੀਤੀਆਂ ਹਨ, ਇਸ ਤੋਂ ਇਲਾਵਾ ਗਾਇਕ ਨੇ ਇੱਕ ਅਜਿਹੀ ਵੀਡੀਓ ਸਾਂਝੀ ਕੀਤੀ, ਜਿਸ ਵਿੱਚ ਉਹ ਪਾਕਿਸਤਾਨ ਦੇ ਅਮਰੂਦ ਖਾਂਦੇ ਨਜ਼ਰੀ ਪੈ ਰਹੇ ਹਨ। ਇਸ ਦੇ ਨਾਲ ਹੀ ਲਾਹੌਰ ਵਿਖੇ ਵਿਸ਼ਵ ਪੰਜਾਬੀ ਕਾਨਫਰੰਸ ਦੌਰਾਨ ਉਨ੍ਹਾਂ ਲੋਕ ਗਾਇਕ ਆਰਿਫ਼ ਲੋਹਾਰ ਨਾਲ ਮਿਲ ਕੇ ਗਾਇਆ।
ਇਹ ਵੀ ਪੜ੍ਹੋ: