ਨਾੜ ਨੂੰ ਲੱਗੀ ਅੱਗ ਵਿੱਚ ਝੁਲਸਿਆ ਕਿਸਾਨ (ETV BHARAT) ਅੰਮ੍ਰਿਤਸਰ:ਸਰਕਾਰ ਵੱਲੋਂ ਇੱਕ ਪਾਸੇ ਕਿਸਾਨਾਂ ਨੂੰ ਕਣਕ ਦੀ ਨਾੜ ਸਾੜਨ ਤੋਂ ਮਨਾਹੀ ਕੀਤੀ ਹੋਈ ਹੈ, ਜਿਸ ਦੇ ਚੱਲਦੇ ਉਨ੍ਹਾਂ ਵਲੋਂ ਕਿਸਾਨਾਂ ਨੂੰ ਜਾਗਰੂਕ ਵੀ ਕੀਤਾ ਜਾ ਰਿਹਾ ਹੈ। ਇਸ ਸਭ ਦੇ ਬਾਵਜੂਦ ਵੀ ਬਹੁਤ ਸਾਰੇ ਕਿਸਾਨ ਕਣਕ ਦੀ ਨਾੜ ਨੂੰ ਅੱਗ ਲਗਾਉਂਦੇ ਹਨ, ਜਿਸ ਦੇ ਚੱਲਦੇ ਉਸ ਦੇ ਧੂੰਏ ਦੇ ਨਾਲ ਬਹੁਤ ਸਾਰਾ ਨੁਕਸਾਨ ਵੀ ਹੁੰਦਾ ਦਿਖਾਈ ਦਿੰਦਾ ਹੈ।
ਨਾੜ ਨੂੰ ਲੱਗੀ ਅੱਗ ਵਿੱਚ ਝੁਲਸਿਆ ਕਿਸਾਨ: ਪਹਿਲਾਂ ਜਿਥੇ ਕਿਸਾਨ ਝੋਨੇ ਦੀ ਵਾਧੂ ਪਰਾਲੀ ਨੂੰ ਅੱਗ ਲਾਉਂਦੇ ਸੀ ਤਾਂ ਹੁਣ ਕਣਕ ਦੀ ਵਾਢੀ ਤੋਂ ਬਾਅਦ ਪੰਜਾਬ ਚੋਂ ਬਹੁਤ ਸਾਰੇ ਕਿਸਾਨ ਆਪਣੇ ਖੇਤਾਂ ਦੇ ਵਿੱਚ ਕਣਕ ਦੇ ਨਾੜ ਨੂੰ ਵੀ ਅੱਗ ਲਗਾ ਰਹੇ ਹਨ। ਕਿਸਾਨਾਂ ਵਲੋਂ ਖੇਤਾਂ 'ਚ ਲਗਾਈ ਇਸ ਅੱਗ ਨਾਲ ਕਈ ਹਾਦਸਿਆਂ ਦੀਆਂ ਖ਼ਬਰਾਂ ਵੀ ਸਾਹਮਣੇ ਆ ਚੁੱਕੀਆਂ ਹਨ। ਇਸ ਦੇ ਚੱਲਦੇ ਤਾਜ਼ਾ ਮਾਮਲਾ ਅੰਮ੍ਰਿਤਸਰ ਦੇ ਅਜਨਾਲਾ ਦੇ ਨੇੜਲੇ ਪਿੰਡ ਦਿਆਲਪੁਰਾ ਤੋਂ ਸਾਹਮਣੇ ਆਇਆ ਹੈ, ਜਿਥੇ ਖੇਤ 'ਚ ਕਣਕ ਦੇ ਨਾੜ ਨੂੰ ਲੱਗੀ ਅੱਗ 'ਤੇ ਕਾਬੂ ਪਾਉਣ ਦੇ ਚੱਕਰ 'ਚ ਕਿਸਾਨ ਸੁਖਜੀਤ ਸਿੰਘ ਉਸ ਦੀ ਲਪੇਟ 'ਚ ਆ ਗਿਆ ਤੇ ਉਸ ਦੀ ਮੌਤ ਹੋ ਗਈ।
ਅੱਗ 'ਤੇ ਕਾਬੂ ਪਾਉਣ ਦੀ ਕਰਦਾ ਸੀ ਕੋਸ਼ਿਸ਼: ਇਸ ਸਬੰਧੀ ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਕਿਸਾਨ ਸੁਖਜੀਤ ਸਿੰਘ ਕਣਕ ਦੇ ਨਾੜ ਦੀ ਤੂੜੀ ਬਣਵਾਉਣ ਲਈ ਖੇਤ ਗਿਆ ਸੀ ਤੇ ਇਸ ਦੌਰਾਨ ਕਿਸੇ ਹੋਰ ਕਿਸਾਨ ਵਲੋਂ ਨਾੜ ਨੂੰ ਲਗਾਈ ਅੱਗ ਉਸ ਦੇ ਖੇਤ 'ਚ ਪੁੱਜ ਗਈ। ਉਨ੍ਹਾਂ ਦੱਸਿਆ ਕਿ ਇਸ ਅੱਗ 'ਤੇ ਕਾਬੂ ਪਾਉਣ ਦੀ ਸੁਖਜੀਤ ਸਿੰਘ ਵਲੋਂ ਕੋਸ਼ਿਸ਼ ਕੀਤੀ ਜਾ ਰਹੀ ਸੀ, ਜਿਸ ਦੇ ਚੱਲਦੇ ਉਹ ਖੁਦ ਹੀ ਅੱਗ ਦੀ ਲਪੇਟ 'ਚ ਆ ਕੇ ਝੁਲਸ ਗਿਆ ਤੇ ਉਸ ਦੀ ਮੌਤ ਹੋ ਗਈ।
ਪੁਲਿਸ ਵਲੋਂ ਜਾਂਚ ਸ਼ੁਰੂ: ਦੂਜੇ ਪਾਸੇ ਪੁਲਿਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਦਿਆਲਪੁਰਾ ਪਿੰਡ ਦੇ ਵਿੱਚ ਖੇਤਾਂ 'ਚ ਲੱਗੀ ਕਣਕ ਦੇ ਨਾੜ ਨੂੰ ਅੱਗ ਦੀ ਚਪੇਟ ਵਿੱਚ ਆਉਣ ਨਾਲ ਇੱਕ ਕਿਸਾਨ ਸੁਖਜੀਤ ਸਿੰਘ ਦੀ ਮੌਤ ਹੋ ਗਈ ਹੈ। ਫਿਲਹਾਲ ਪੁਲਿਸ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਕਿ ਅੱਗ ਕਿਸ ਖੇਤ ਤੋਂ ਸ਼ੁਰੂ ਹੋਈ ਸੀ। ਉਨ੍ਹਾਂ ਕਿਹਾ ਕਿ ਜਾਂਚ ਕਰਨ ਤੋਂ ਬਾਅਦ ਬਣਦੀ ਕਾਰਵਾਈ ਪੁਲਿਸ ਵੱਲੋਂ ਕੀਤੇ ਜਾਵੇਗੀ। ਇਸ ਦੇ ਨਾਲ ਹੀ ਮ੍ਰਿਤਕ ਦੀ ਲਾਸ਼ ਨੂੰ ਪੋਸਟਮਾਰਟਮ ਲਈ ਹਸਪਤਾਲ ਲਿਆਂਦਾ ਗਿਆ ਹੈ।