'ਆਖਿਰ ਹੰਸ ਰਾਜ ਹੰਸ ਕਿਉ ਹੋਏ ਭਾਵੁਕ? (ETV Bharat (ਰਿਪਰੋਟ- ਪੱਤਰਕਾਰ, ਮੋਗਾ)) ਮੋਗਾ :ਬੀਤੇ ਦਿਨ ਰੈਲੀ ਲਈ ਜਾ ਰਹੇ ਫ਼ਰੀਦਕੋਟ ਉਮੀਦਵਾਰ ਹੰਸ ਰਾਜ ਹੰਸ ਦੀ ਕਾਰ ਦਾ ਕਿਸਾਨਾਂ ਨੇ ਘਿਰਾਓ ਕੀਤਾ। ਦਰਅਸਲ ਭਾਜਪਾ ਉਮੀਦਵਾਰ ਮੋਗਾ ਦੇ ਪਿੰਡ ਦੌਲਤਪੁਰਾ ਵਿਚ ਪਹੁੰਚੇ ਹੋਏ ਸਨ, ਪ੍ਰਚਾਰ ਦੌਰਾਨ ਆਪਣੇ ਭਾਸ਼ਣ ਵਿੱਚ ਹੰਸ ਰਾਜ ਹੰਸ ਨੇ ਕਿਹਾ ਕਿ ਜੇਕਰ ਉਹ ਜ਼ਿੰਦਾ ਰਹੇ ਤਾਂ 1 ਜੂਨ ਤੋਂ ਬਾਅਦ ਮਿਲਣਗੇ। ਉਨ੍ਹਾਂ ਕਿਹਾ, 'ਕੱਲ੍ਹ ਪੀਐਮ ਮੋਦੀ ਦੀ ਰੈਲੀ 'ਚ ਪਹੁੰਚਣ ਦੌਰਾਨ ਮੇਰੇ 'ਤੇ ਜਾਨਲੇਵਾ ਹਮਲਾ ਹੋਇਆ ਸੀ। ਪ੍ਰਦਰਸ਼ਨਕਾਰੀਆਂ ਨੇ ਮੇਰੇ 'ਤੇ ਤਲਵਾਰਾਂ ਅਤੇ ਪੱਥਰਾਂ ਨਾਲ ਹਮਲਾ ਕਰ ਦਿੱਤਾ। ਕੁਝ ਲੋਕਾਂ ਨੇ ਮੇਰੀ ਕਾਰ ਤੋੜ ਦਿੱਤੀ। ਮੇਰਾ ਗੰਨਮੈਨ ਵੀ ਜ਼ਖਮੀ ਹੋ ਗਿਆ।'
ਪੀਐਮ ਮੋਦੀ ਨੇ 15 ਮਿੰਟ ਤੱਕ ਕੀਤਾ ਮੇਰਾ ਇੰਤਜ਼ਾਰ: ਉਨ੍ਹਾਂ ਨੇ ਅੱਗੇ ਕਿਹਾ, 'ਪ੍ਰਧਾਨ ਮੰਤਰੀ ਮੋਦੀ ਨੇ ਮੈਨੂੰ ਬਚਾਉਣ ਦੇ ਆਦੇਸ਼ ਦਿੱਤੇ ਸਨ। ਜੇਕਰ ਪੁਲਿਸ ਫੋਰਸ ਨਾ ਪਹੁੰਚੀ ਹੁੰਦੀ ਤਾਂ ਕੁਝ ਵੀ ਹੋ ਸਕਦਾ ਸੀ। ਪੀਐਮ ਮੋਦੀ ਨੇ 15 ਮਿੰਟ ਤੱਕ ਮੇਰਾ ਇੰਤਜ਼ਾਰ ਕੀਤਾ।'
ਕਿਸਾਨ ਜੱਥੇਬੰਦੀਆਂ ਦਾ ਜਵਾਬ: ਦੂਜੇ ਪਾਸੇ ਕਿਸਾਨ ਆਗੂ ਸੁਰਜੀਤ ਸਿੰਘ ਫੂਲ ਨੇ ਹੰਸ ਰਾਜ ਹੰਸ ਦੇ ਇਲਜ਼ਾਮਾਂ ਦਾ ਜਵਾਬ ਦਿੱਤਾ ਹੈ। ਉਨ੍ਹਾਂ ਕਿਹਾ ਕਿ ਪ੍ਰਦਰਸ਼ਨਕਾਰੀਆਂ ਕੋਲ ਹਥਿਆਰ ਨਹੀਂ ਸਗੋਂ ਝੰਡੇ ਸਨ। ਅਸੀਂ ਹੀ ਸਾਂ ਜਿਨ੍ਹਾਂ ਨੇ ਉਨ੍ਹਾਂ ਨੂੰ ਉੱਥੋਂ ਕੱਢਿਆ। ਕੁਝ ਵੀ ਹੋ ਸਕਦਾ ਸੀ। ਉਨ੍ਹਾਂ ਨੂੰ ਇਹ ਵੀ ਸੋਚਣਾ ਚਾਹੀਦਾ ਹੈ ਕਿ ਕਿਸਾਨ ਇੰਨੇ ਨਾਰਾਜ਼ ਕਿਉਂ ਹਨ।
ਮੀਡੀਆ ਰਿਪੋਰਟ ਅਨੁਸਾਰ ਇਸ ਦੌਰਾਨ ਇੱਕ ਕਿਸਾਨ ਨੇ ਡੰਡੇ ਨਾਲ ਮਾਰ ਕੇ ਹੰਸ ਰਾਜ ਹੰਸ ਦੀ ਕਾਰ ਦਾ ਪਿਛਲਾ ਸ਼ੀਸ਼ਾ ਤੋੜ ਦਿੱਤਾ, ਹਾਲਾਂਕਿ ਕਿ ਕਾਰ ਵਿੱਚ ਬੈਠੇ ਹੰਸ ਰਾਜ ਹੰਸ ਨੂੰ ਕੋਈ ਸੱਟ ਨਹੀਂ ਲੱਗੀ।
ਉਲੇਖਯੋਗ ਹੈ ਕਿ ਆਮ ਆਦਮੀ ਪਾਰਟੀ (ਆਪ) ਨੇ ਹੰਸ ਰਾਜ ਹੰਸ ਦੀ ਟੱਕਰ ਵਿੱਚ ਪੰਜਾਬੀ ਅਦਾਕਾਰ ਅਤੇ ਗਾਇਕ ਕਰਮਜੀਤ ਅਨਮੋਲ ਮੈਦਾਨ ਵਿੱਚ ਉਤਾਰਿਆ ਹੈ। ਕਰਮਜੀਤ ਅਨਮੋਲ ਇੱਕ ਮਸ਼ਹੂਰ ਅਦਾਕਾਰ-ਗਾਇਕ ਹੈ, ਜੋ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਕਰੀਬੀ ਕਹੇ ਜਾਂਦੇ ਹਨ।