ਲੁਧਿਆਣਾ: ਇੱਕ ਪਾਸੇ ਜਿੱਥੇ ਅੱਜ ਗਣਤੰਤਰ ਦਿਵਸ ਮੌਕੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਲੁਧਿਆਣਾ ਦੇ ਪੀਆਈਯੂ ਸਟੇਡੀਅਮ ਦੇ ਵਿੱਚ ਤਿਰੰਗਾ ਲਹਿਰਾਉਣ ਦੀ ਰਸਮ ਅਦਾ ਕੀਤੀ ਗਈ, ਉੱਥੇ ਹੀ ਦੂਜੇ ਪਾਸੇ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਬਾਹਰ ਵੇਰਕਾ ਦੇ ਨੇੜੇ ਏਡਸ ਕੰਟਰੋਲ ਸੁਸਾਇਟੀ ਦੇ ਕੱਚੇ ਮੁਲਾਜ਼ਮਾਂ ਵੱਲੋਂ ਅਤੇ ਨਾਲ ਹੀ ਸਿਹਤ ਮਹਿਕਮੇ ਦੇ ਕੱਚੇ ਮੁਲਾਜ਼ਮਾਂ ਵੱਲੋਂ ਪ੍ਰਦਰਸ਼ਨ ਕੀਤਾ ਗਿਆ। ਇਸ ਮੌਕੇ ਕਾਲੀਆਂ ਝੰਡੀਆਂ ਹੱਥਾਂ ਦੇ ਵਿੱਚ ਲੈ ਕੇ ਇਹਨਾਂ ਮੁਲਾਜ਼ਮਾਂ ਨੇ ਆਪਣੀਆਂ ਮੰਗਾਂ ਦੱਸੀਆਂ ਅਤੇ ਨਾਲ ਹੀ ਕਿਹਾ ਕਿ ਆਮ ਆਦਮੀ ਪਾਰਟੀ ਨੇ ਸਾਡੇ ਨਾਲ ਵਾਅਦਾ ਕੀਤਾ ਸੀ ਕਿ ਜਦੋਂ ਵੀ ਉਹਨਾਂ ਦੀ ਸਰਕਾਰ ਬਣੇਗੀ ਤਾਂ ਉਨ੍ਹਾਂ ਨੂੰ ਪੱਕਾ ਕੀਤਾ ਜਾਵੇਗਾ ਪਰ ਅਜਿਹਾ ਨਹੀਂ ਕੀਤਾ।
ਕੱਚੇ ਮੁਲਾਜ਼ਮਾਂ ਨੇ ਘੇਰੀ ਮਾਨ ਸਰਕਾਰ:ਇਸ ਮੌਕੇ ਮੁਲਾਜ਼ਮਾਂ ਨੇ ਕਿਹਾ ਕਿ ਅਸੀਂ ਸੈਨੀਟੇਸ਼ਨ ਦਾ ਕੰਮ ਕਰਦੇ ਹਾਂ ਤੇ ਪਿਛਲੇ ਸੱਤ ਸਾਲ ਤੋਂ ਅਸੀਂ ਸੇਵਾ ਕਰ ਰਹੇ ਹਾਂ ਪਰ ਸਾਨੂੰ ਪੱਕਾ ਨਹੀਂ ਕੀਤਾ ਜਾ ਰਿਹਾ। ਉਹਨਾਂ ਕਿਹਾ ਕਿ ਹੁਣ ਸਾਡੀ ਉਮਰ ਵੀ ਲੰਘਦੀ ਜਾ ਰਹੀ ਹੈ, ਉੱਥੇ ਹੀ ਸਿਹਤ ਮਹਿਕਮੇ ਦੇ ਕੱਚੇ ਮੁਲਾਜ਼ਮਾਂ ਨੇ ਕਿਹਾ ਕਿ ਸਾਨੂੰ ਪਿਛਲੀ ਸਰਕਾਰ ਦੇ ਵਿੱਚ ਅਤੇ ਇਸ ਸਰਕਾਰਾਂ ਦੇ ਵਿੱਚ ਕੋਈ ਫਰਕ ਨਹੀਂ ਹੈ। ਇਸ ਸਰਕਾਰ ਨੇ ਵੀ ਸਾਨੂੰ ਲਾਰੇ ਹੀ ਲਗਾਏ ਹਨ। ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ ਘੱਟੋ ਘੱਟ ਪਿਛਲੀਆਂ ਸਰਕਾਰਾਂ ਲਾਰੇ ਨਹੀਂ ਲਗਾਉਂਦੀਆਂ ਸਨ। ਇਸ ਦੇ ਨਾਲ ਹੀ ਉਨ੍ਹਾਂ ਦਾ ਇਲਜ਼ਾਮ ਹੈ ਕਿ ਮੁੱਖ ਮੰਤਰੀ ਵਲੋਂ ਕਈ ਵਾਰ ਮੀਟਿੰਗਾਂ ਦਾ ਸਮਾਂ ਦੇ ਕੇ ਮੁਲਾਕਾਤ ਹੀ ਨਹੀਂ ਕੀਤੀ ਗਈ।