ਲੁਧਿਆਣਾ: ਜ਼ਿਲ੍ਹੇ ਦੇ ਪਿੰਡ ਸਰਾਭਾ ਦੇ ਵਿੱਚ ਪੈਂਦੇ ਸ਼ਹੀਦ ਕਰਤਾਰ ਸਿੰਘ ਸਰਾਭਾ ਡੈਂਟਲ ਕਾਲਜ ਅਤੇ ਹਸਪਤਾਲ ਦੇ ਵਿੱਚ ਮੈਡੀਕਲ ਦੇ ਵਿਦਿਆਰਥੀਆਂ ਵੱਲੋਂ ਉਸ ਵੇਲੇ ਕਾਲਜ ਦੇ ਬਾਹਰ ਧਰਨਾ ਪ੍ਰਦਰਸ਼ਨ ਸ਼ੁਰੂ ਕਰ ਦਿੱਤਾ ਗਿਆ, ਜਦੋਂ ਕਾਲਜ ਦੀ ਹੀ ਇੱਕ ਲੜਕੀ ਦੇ ਨਾਲ ਕੁਝ ਲੜਕਿਆਂ ਵੱਲੋਂ ਜ਼ਬਰਦਸਤੀ ਕਰਨ ਦੀ ਕੋਸ਼ਿਸ਼ ਕੀਤੀ ਗਈ। ਇਸ ਦੌਰਾਨ ਉਸ ਦੇ ਕੱਪੜੇ ਵੀ ਫਟ ਗਏ। ਇਹ ਉਸ ਵੇਲੇ ਹੋਇਆ ਜਦੋਂ ਲੜਕੀ ਕਾਲਜ ਦੇ ਕੈਂਪਸ ਦੇ ਵਿੱਚ ਰਾਤ ਨੂੰ ਇਕੱਲੀ ਸੀ। ਇਸ ਦੌਰਾਨ ਕੁਝ ਮੁਲਜ਼ਮਾਂ ਨੇ ਉਸ ਦੇ ਨਾਲ ਛੇੜਛਾੜ ਕੀਤੀ, ਜਿਸ ਤੋਂ ਬਾਅਦ ਲੜਕੀ ਨੇ ਰੋਲਾ ਪਾਇਆ ਅਤੇ ਸੁਰੱਖਿਆ ਮੁਲਾਜ਼ਮ ਦੇ ਆਉਣ ਤੋਂ ਬਾਅਦ ਨੌਜਵਾਨ ਮੌਕੇ ਤੋਂ ਫਰਾਰ ਹੋ ਗਏ।
ਲੜਕੀ ਨਾਲ ਜ਼ਬਰਦਸਤੀ ਕਰਨ ਦੀ ਕੋਸ਼ਿਸ਼
ਇਸ ਪੂਰੇ ਮਾਮਲੇ ਨੂੰ ਲੈ ਕੇ ਕਾਲਜ ਦੀਆਂ ਵਿਦਿਆਰਥਣਾਂ ਨੇ ਇਲਜ਼ਾਮ ਲਗਾਏ ਕਿ ਆਮ ਹੀ ਬਾਹਰ ਦੇ ਲੋਕ ਕਾਲਜ ਦੇ ਵਿੱਚ ਆ ਜਾਂਦੇ ਹਨ ਅਤੇ ਉਹ ਕਾਲਜ ਦੇ ਵਿੱਚ ਸੁਰੱਖਿਤ ਨਹੀਂ ਹਨ। ਇਸ ਨੂੰ ਲੈ ਕੇ ਵਿਦਿਆਰਥਣਾਂ ਵੱਲੋਂ ਪ੍ਰਦਰਸ਼ਨ ਵੀ ਕੀਤਾ ਗਿਆ। ਉਹਨਾਂ ਨੇ ਕਿਹਾ ਕਿ ਗਾਰਡ ਲੱਗਭਗ 400 ਮੀਟਰ ਦੀ ਦੂਰੀ 'ਤੇ ਸੀ, ਜਿਸ ਵੇਲੇ ਇਹ ਘਟਨਾ ਹੋਈ। ਉਹਨਾਂ ਕਿਹਾ ਕਿ ਗਾਰਡ ਨੇ ਇਨਕਾਰ ਕਰ ਦਿੱਤਾ ਸੀ, ਜਿਸ ਤੋਂ ਬਾਅਦ ਉਸ ਨੇ ਰੋਲਾ ਪਾਇਆ ਤਾਂ ਉਹ ਆਇਆ। ਇਸ ਤੋਂ ਬਾਅਦ ਪੀੜਤ ਵਿਦਿਆਰਥਣ ਦੇ ਪਰਿਵਾਰਿਕ ਮੈਂਬਰਾਂ ਨੂੰ ਜਾਣਕਾਰੀ ਦਿੱਤੀ।
ਪੁਲਿਸ ਵਲੋਂ ਜਾਂਚ ਕੀਤੀ ਗਈ ਸ਼ੁਰੂ
ਉਧਰ ਮੌਕੇ 'ਤੇ ਪਹੁੰਚੇ ਹਲਕਾ ਰੂਰਲ ਦੇ ਡੀਐਸਪੀ ਵਰਿੰਦਰ ਸਿੰਘ ਖੋਸਾ ਨੇ ਦੱਸਿਆ ਕਿ ਦੇਰ ਰਾਤ ਦੀ ਇਹ ਘਟਨਾ ਹੈ। ਉਸ ਤੋਂ ਬਾਅਦ ਉਹਨਾਂ ਕਿਹਾ ਕਿ ਲੜਕੀ ਦੇ ਬਿਆਨਾਂ ਦੇ ਆਧਾਰ 'ਤੇ ਅਸੀਂ ਮਾਮਲਾ ਦਰਜ ਕਰ ਲਿਆ ਹੈ। ਪੁਲਿਸ ਅਧਿਕਾਰੀ ਨੇ ਕਿਹਾ ਕਿ ਵਿਦਿਆਰਥਣ ਦਾ ਨਾਮ ਉਹ ਉਜਾਗਰ ਨਹੀਂ ਕਰ ਸਕਦੇ ਪਰ ਉਹਨਾਂ ਕਿਹਾ ਕਿ ਲੜਕੀ ਦੇ ਨਾਲ ਬਦਸਲੂਕੀ ਕੀਤੀ ਹੈ, ਉਸ ਦੇ ਕੱਪੜੇ ਵੀ ਫੜੇ ਹਨ ਅਤੇ ਉਸ ਨੂੰ ਲੈ ਕੇ ਅਸੀਂ ਜਾਂਚ ਕਰ ਰਹੇ ਹਾਂ। ਉਹਨਾਂ ਕਿਹਾ ਕਿ ਸਾਨੂੰ ਕੁਝ ਸੁਰਾਗ ਵੀ ਮਿਲੇ ਹਨ ਅਤੇ ਅਸੀਂ ਮੁਲਜ਼ਮਾਂ ਤੱਕ ਪਹੁੰਚਣ ਦੀ ਕੋਸ਼ਿਸ਼ ਕਰ ਰਹੇ ਹਾਂ। ਉਹਨਾਂ ਨੇ ਕਿਹਾ ਲੜਕੀ ਦੀ ਹਾਲਤ ਠੀਕ ਹੈ।