ਲੁਧਿਆਣਾ: ਜ਼ਿਲ੍ਹੇ ਦੇ ਲੁਧਿਆਣਾ ਪੱਛਮੀ ਹਲਕੇ ਦੀ ਜ਼ਿਮਨੀ ਚੋਣ ਨੂੰ ਲੈ ਕੇ ਅੱਜ (ਬੁੱਧਵਾਰ) ਆਮ ਆਦਮੀ ਪਾਰਟੀ ਨੇ ਆਪਣੇ ਉਮੀਦਵਾਰ ਦਾ ਐਲਾਨ ਕਰ ਦਿੱਤਾ ਹੈ ਅਤੇ ਸਾਰਿਆਂ ਨੂੰ ਹੈਰਾਨ ਕਰਦੇ ਹੋਏ ਪਾਰਟੀ ਵੱਲੋਂ ਰਾਜ ਸਭਾ ਮੈਂਬਰ ਸੰਜੀਵ ਅਰੋੜਾ ਨੂੰ ਆਪਣਾ ਉਮੀਦਵਾਰ ਬਣਾਇਆ ਹੈ। ਇਸ ਨੂੰ ਲੈ ਕੇ ਲਗਾਤਾਰ ਇਹ ਕਿਆਸ ਚੱਲ ਰਹੇ ਸਨ ਕਿ ਸਾਬਕਾ ਐਮਐਲਏ ਗੁਰਪ੍ਰੀਤ ਗੋਗੀ ਦੀ ਪਤਨੀ ਨੂੰ ਟਿਕਟ ਦਿੱਤੀ ਜਾ ਸਕਦੀ ਹੈ, ਪਰ ਆਮ ਆਦਮੀ ਪਾਰਟੀ ਨੇ ਸੰਜੀਵ ਅਰੋੜਾ ਨੂੰ ਚੋਣ ਮੈਦਾਨ ਵਿੱਚ ਖੜਾ ਕਰ ਦਿੱਤਾ ਹੈ।
"ਗੋਗੀ ਦੀ ਪਤਨੀ ਨੂੰ ਵੀ ਐਡਜਸਟ ਕੀਤਾ ਜਾਵੇਗਾ"
ਹਾਲਾਂਕਿ, ਬਾਕੀ ਪਾਰਟੀਆਂ ਵੱਲੋਂ ਅਜੇ ਆਪਣੇ ਉਮੀਦਵਾਰ ਦਾ ਐਲਾਨ ਨਹੀਂ ਕੀਤਾ ਗਿਆ। ਉੱਥੇ ਹੀ ਆਮ ਆਦਮੀ ਪਾਰਟੀ ਕੇਂਦਰੀ ਤੋਂ ਵਿਧਾਇਕ ਅਸ਼ੋਕ ਪੱਪੀ ਨੇ ਕਿਹਾ ਹੈ ਕਿ ਪਾਰਟੀ ਹਾਈ ਕਮਾਨ ਦਾ ਫੈਸਲਾ ਹੈ ਮਜਬੂਤ ਉਮੀਦਵਾਰ ਨੂੰ ਚੋਣ ਮੈਦਾਨ ਵਿੱਚ ਉਤਾਰਿਆ ਗਿਆ ਹੈ। ਉਨ੍ਹਾਂ ਕਿਹਾ ਕਿ "ਉਸ ਸਾਥੀ ਦੀ ਕਮੀ ਤਾਂ ਹਮੇਸ਼ਾ ਹੀ ਰਹੇਗੀ। ਗੁਰਪ੍ਰੀਤ ਗੋਗੀ ਦੀ ਧਰਮ ਪਤਨੀ ਨੂੰ ਵੀ ਕਿਤੇ ਨਾ ਕਿਤੇ ਜ਼ਰੂਰ ਐਡਜਸਟ ਕੀਤਾ ਜਾਵੇਗਾ। ਸੀਟ ਜਿੱਤ ਕੇ ਪਾਰਟੀ ਦੀ ਝੋਲੀ ਪਾਵਾਂਗੇ। ਸੰਜੀਵ ਅਰੋੜਾ ਲੁਧਿਆਣਾ ਪੱਛਮੀ ਹਲਕੇ ਦੇ ਹੀ ਜੰਮਪਲ ਹਨ। ਉਸ ਹਲਕੇ ਵਿੱਚ ਉਨ੍ਹਾਂ ਦਾ ਚੰਗਾ ਹੋਲਡ ਹੈ। ਇਸੇ ਕਰਕੇ ਪਾਰਟੀ ਨੇ ਇਹ ਫੈਸਲਾ ਲਿਆ ਹੈ ਉਹ (ਸੰਜੀਵ ਅਰੋੜਾ) ਲੁਧਿਆਣਾ ਦੇ ਕਾਰੋਬਾਰੀ ਵੀ ਹਨ।"

ਗੋਗੀ ਦੀ ਮੌਤ ਤੋਂ ਬਾਅਦ ਸੀਟ ਖਾਲੀ
ਜ਼ਿਕਰਯੋਗ ਹੈ ਕਿ ਮਰਹੂਮ ਵਿਧਾਇਕ ਗੁਰਪ੍ਰੀਤ ਗੋਗੀ ਦੀ ਗੋਲੀ ਲੱਗਣ ਕਾਰਨ ਹੋਈ ਮੌਤ ਤੋਂ ਬਾਅਦ ਇਹ ਸੀਟ ਖਾਲੀ ਹੋਈ ਸੀ। ਇਹ ਘਟਨਾ ਉਸ ਸਮੇਂ ਵਾਪਰੀ ਸੀ, ਜਦੋਂ ਉਹ ਆਪਣਾ ਰਿਵਾਲਵਰ ਸਾਫ਼ ਕਰ ਰਹੇ ਸੀ।
ਕੇਜਰੀਵਾਲ ਦੀ ਪੰਜਾਬ ਵਿੱਚ ਚਰਚਾ !
ਸਿਆਸੀ ਗਲਿਆਰਿਆਂ ਵਿੱਚ ਇਹ ਵੀ ਲਗਾਤਾਰ ਚਰਚਾਵਾਂ ਚੱਲ ਰਹੀਆਂ ਹਨ ਕਿ ਰਾਜ ਸਭਾ ਦੀ ਸੀਟ ਖਾਲੀ ਹੋਣ ਤੋਂ ਬਾਅਦ ਅਰਵਿੰਦ ਕੇਜਰੀਵਾਲ ਨੂੰ ਰਾਜ ਸਭਾ ਮੈਂਬਰ ਬਣਾਇਆ ਜਾ ਸਕਦਾ ਹੈ। ਹਾਲਾਂਕਿ, ਇਸ ਗੱਲ ਦੀ ਪੁਸ਼ਟੀ ਤਾਂ ਨਹੀਂ ਹੈ, ਪਰ ਲਗਾਤਾਰ ਵਿਰੋਧੀ ਪਾਰਟੀਆਂ ਦੇ ਆਗੂ ਇਸ ਗੱਲ ਨੂੰ ਲੈ ਕੇ ਸਵਾਲ ਖੜੇ ਕਰ ਰਹੇ ਹਨ ਅਤੇ ਉਨ੍ਹਾਂ ਵਲੋਂ ਕਿਹਾ ਜਾਂਦਾ ਹੈ ਕਿ ਕੇਜਰੀਵਾਲ ਹੁਣ ਦਿੱਲੀ ਹਾਰਨ ਤੋਂ ਬਾਅਦ ਪੰਜਾਬ ਵੱਲ ਆਉਣਾ ਚਾਹੁੰਦੇ ਹਨ।