ਚੰਡੀਗੜ੍ਹ:ਪੰਜਾਬੀ ਸਾਹਿਤ ਜਗਤ ਦੇ ਲਈ ਅੱਜ ਦਾ ਦਿਨ ਕਾਲੀ ਸਵੇਰ ਸਾਬਿਤ ਹੋਇਆ ਹੈ। ਪਦਮਸ਼੍ਰੀ ਸੁਰਜੀਤ ਪਾਤਰ ਸਦਾ ਲਈ ਦੁਨੀਆਂ ਨੂੰ ਅਲਵਿਦਾ ਆਖ ਗਏ। ਉਹਨਾਂ ਦੇ ਦੇਹਾਂਤ ਨਾਲ ਸਾਹਿਤ ਅਤੇ ਕਲਾ ਜਗਤ ਵਿੱਚ ਸੋਗ ਦੀ ਲਹਿਰ ਹੈ। ਉਹਨਾਂ ਦੇ ਪਰਿਵਾਰ ਦੇ ਨਾਲ ਨਾਲ ਉਹਨਾਂ ਨਾਲ ਕੰਮ ਕਰਨ ਵਾਲੇ, ਉਹਨਾਂ ਨੁੰ ਪਸੰਦ ਕਰਨ ਵਾਲੇ ਤਾਂ ਅੱਜ ਸੋਗ ਵਿੱਹ ਹੈ ਹੀ। ਉਥੇ ਹੀ ਪੰਜਾਬ ਦੀਆਂ ਨਾਮਵਰ ਸ਼ਖਸੀਅਤਾਂ ਨੇ ਵੀ ਦੁੱਖ ਦਾ ਪ੍ਰਗਟਾਵਾ ਕੀਤਾ ਹੈ।
ਮੁੱਖ ਮੰਤਰੀ ਮਾਨ ਨੇ ਜਤਾਇਆ ਦੁੱਖ:ਸੁਰਜੀਤ ਪਾਤਰ ਦੇ ਦੇਹਾਂਤ 'ਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਅਫਸੋਸ ਜ਼ਾਹਿਰ ਕਰਦੇ ਹੋਏ ਸੋਸ਼ਲ ਮੀਡੀਆ ਪੋਸਟ ਸਾਂਝੀ ਕੀਤੀ ਹੈ। ਜਿਸ ਵਿੱਚ ਉਹਨਾਂ ਲਿਖਿਆ ਕਿ 'ਪੰਜਾਬੀ ਬੋਲੀ ਦੇ ਮਾਣਮੱਤੇ ਪੁੱਤ ਸੁਰਜੀਤ ਪਾਤਰ ਸਾਹਬ ਦੇ ਅਚਾਨਕ ਚਲੇ ਜਾਣ 'ਤੇ ਬਹੁਤ ਦੁੱਖ ਹੋਇਆ..ਪੰਜਾਬੀ ਮਾਂ ਬੋਲੀ ਦਾ ਵਿਹੜਾ ਅੱਜ ਸੁੰਨਾਂ ਹੋ ਗਿਆ..
ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਨੇ ਜਤਾਇਆ ਦੁੱਖ:ਸੁਰਜੀਤ ਪਾਤਰ ਦੇ ਦੇਹਾਂਤ 'ਤੇ ਸੁਖਬੀਰ ਬਾਦਲ ਪਾਤਰ ਸਾਹਿਬ ਦੀ ਕਵਿਤਾ ਦੇ ਬੋਲ ਲਿਖਦੇ ਹਨ ਕਿ“ਕੋਈ ਡਾਲੀਆਂ 'ਚੋਂ ਲੰਘਿਆ ਹਵਾ ਬਣਕੇ” ਮਾਂ ਬੋਲੀ ਪੰਜਾਬੀ ਦੇ ਲਾਡਲੇ ਪੁੱਤਰ, ਮਹਾਨ ਕਵੀ ਤੇ ਇਸ ਸਦੀ 'ਚ ਸਾਹਿਤ ਦੇ ਯੁੱਗ ਪੁਰਸ਼ ਸ਼੍ਰੀ ਸੁਰਜੀਤ ਪਾਤਰ ਜੀ ਦੇ ਅਕਾਲ ਚਲਾਣੇ ਨਾਲ ਸਾਹਿਤ ਦੀ ਦੁਨੀਆ ਵਿਚ ਅਜਿਹਾ ਖਲਾਅ ਪੈਦਾ ਹੋ ਗਿਆ ਹੈ ਜਿਸਨੁੰ ਭਰਨਾ ਬਹੁਤ ਹੀ ਮੁਸ਼ਕਿਲ ਹੋਵੇਗਾ। ਉਹਨਾਂ ਕਿਹਾ ਕਿ ਪਰਿਵਾਰ ਅਤੇ ਉਹਨਾਂ ਦੇ ਬੇਸ਼ੁਮਾਰ ਚਾਹੁਣ ਵਾਲਿਆਂ ਨਾਲ ਦਿਲ ਦੀਆਂ ਗਹਿਰਾਈਆਂ ਤੋਂ ਦੁੱਖ ਤੇ ਹਮਦਰਦੀ ਦਾ ਪ੍ਰਗਟਾਵਾ ਕਰਦਾ ਹਾਂ ਤੇ ਅਕਾਲ ਪੁਰਖ ਦੇ ਚਰਨਾਂ ਵਿੱਚ ਬੇਨਤੀ ਕਰਦਾ ਹਾਂ ਕਿ ਉਹ ਪਾਤਰ ਸਾਹਿਬ ਦੀ ਪਾਵਨ ਆਤਮਾ ਨੂੰ ਆਪਣੇ ਚਰਨਾਂ ਵਿੱਚ ਨਿਵਾਸ ਬਖ਼ਸ਼ਣ ਤੇ ਉਹਨਾਂ ਦੇ ਪਰਿਵਾਰ ਤੇ ਦੁਨੀਆਂ ਦੇ ਕੋਨੇ ਕੋਨੇ ਵਿਚ ਉਹਨਾਂ ਦੇ ਚਾਹੁਣ ਵਾਲਿਆਂ ਨੂੰ ਇਸ ਸਦਮੇ ਨੂੰ ਬਰਦਾਸ਼ਤ ਕਰਨ ਦਾ ਬਲ ਬਖ਼ਸ਼ਣ।