ਪੀੜਤ ਪਰਿਵਾਰ ਤੇ ਪਿੰਡ ਵਾਸੀ ਕਤਲ ਦੀ ਜਾਣਕਾਰੀ ਦਿੰਦੇ ਹੋਏ ਤਰਨ ਤਾਰਨ: ਜ਼ਿਲ੍ਹਾ ਤਰਨ ਤਾਰਨ ਦੇ ਵਿਧਾਨ ਸਭਾ ਹਲਕਾ ਪੱਟੀ ਦੇ ਅਧੀਨ ਪੈਂਦੇ ਪਿੰਡ ਸਭਰਾ ਵਿਖੇ ਅੱਜ ਤੜਕਸਾਰ 38 ਸਾਲਾ ਨੌਜਵਾਨ ਦਾ ਇੱਕ 65 ਸਾਲਾ ਬਜ਼ੁਰਗ ਨਿਹੰਗ ਸਿੰਘ ਵੱਲੋਂ ਕਿਰਪਾਨ ਮਾਰ ਕੇ ਕਤਲ ਕਰ ਦੇਣ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਸਬੰਧੀ ਮੌਕੇ ਤੋਂ ਪ੍ਰਾਪਤ ਜਾਣਕਾਰੀ ਅਨੁਸਾਰ ਸੁਖਰਾਜ ਸਿੰਘ ਉਰਫ ਘਾਰੂ ਪੁੱਤਰ ਅਮਰੀਕ ਸਿੰਘ ਜੋ ਕਿ ਗਲੀ ਵਿੱਚ ਬੀੜੀ ਪੀ ਰਿਹਾ ਸੀ। ਜਿਸ ਨੂੰ ਪਿੰਡ ਦੇ ਹੀ ਰਹਿਣ ਵਾਲੇ 65 ਸਾਲਾ ਬਜ਼ੁਰਗ ਨਿਹੰਗ ਸੁਖਚੈਨ ਸਿੰਘ ਉਰਫ ਚੰਨੇ ਵੱਲੋਂ ਬੀੜੀ ਪੀਣ ਤੋਂ ਰੋਕਿਆ ਗਿਆ ਤਾਂ ਅੱਗਿਓਂ ਸੁਖਰਾਜ ਸਿੰਘ ਵੱਲੋਂ ਉਸ ਨਾਲ ਗਾਲੀ ਗਲੋਚ ਕਰਨਾ ਸ਼ੁਰੂ ਕਰ ਦਿੱਤਾ।
ਮਾਮੂਲੀ ਤਕਰਾਰ ਤੋਂ ਬਾਅਦ ਕਤਲ: ਇਹ ਤਕਰਾਰ ਇੰਨੀ ਜਿਆਦਾ ਵੱਧ ਗਈ ਕਿ ਨਿਹੰਗ ਸੁਖਚੈਨ ਸਿੰਘ ਵੱਲੋਂ ਸੁਖਰਾਜ ਸਿੰਘ ਦੀ ਛਾਤੀ 'ਤੇ ਸਿੱਧੀ ਕਿਰਪਾਨ ਮਾਰ ਦਿੱਤੀ ਗਈ। ਜਿਸ ਕਾਰਨ ਸੁਖਰਾਜ ਸਿੰਘ ਦੀ ਕੁਝ ਹੀ ਮਿੰਟਾਂ ਵਿੱਚ ਉੱਥੇ ਹੀ ਮੌਤ ਹੋ ਗਈ। ਉਧਰ ਪੁਲਿਸ ਵਲੋਂ ਮੌਕੇ 'ਤੇ ਪਹੁੰਚ ਕੇ ਕਾਰਵਾਈ ਕਰਦਿਆਂ ਨਿਹੰਗ ਸਿੰਘ ਨੂੰ ਕਾਬੂ ਕਰ ਲਿਆ ਹੈ ਅਤੇ ਨਾਲ ਹੀ ਕਤਲ ਲਈ ਵਰਤੀ ਕਿਰਪਾਨ ਵੀ ਬਰਾਮਦ ਕਰ ਲਈ ਹੈ।
ਪਰਿਵਾਰ ਵਲੋਂ ਇਨਸਾਫ਼ ਦੀ ਮੰਗ: ਉਧਰ ਮ੍ਰਿਤਕ ਦੇ ਭਰਾ ਤੇ ਪਿੰਡ ਵਾਸੀਆਂ ਨੇ ਦੱਸਿਆ ਕਿ ਸੁਖਰਾਜ ਜਦੋਂ ਗਲੀ 'ਚ ਦੁਕਾਨ ਤੋਂ ਕੋਈ ਸਮਾਨ ਲੈਣ ਜਾ ਰਿਹਾ ਸੀ ਤਾਂ ਨਿਹੰਗ ਸਿੰਘ ਵਲੋਂ ਉਸ 'ਤੇ ਕਿਰਪਾਨ ਨਾਲ ਹਮਲਾ ਕਰ ਦਿੱਤਾ ਗਿਆ, ਜਿਸ ਕਾਰਨ ਉਸ ਦੀ ਕੁਝ ਹੀ ਸਮੇਂ ਬਾਅਦ ਮੌਤ ਹੋ ਗਈ। ਉਨ੍ਹਾਂ ਦੱਸਿਆ ਕਿ ਬੀਤੇ ਦਿਨੀਂ ਬੀੜੀ ਪੀਣ ਨੂੰ ਲੈਕੇ ਮਾਮੂਲੀ ਤਕਰਾਰ ਹੋਈ ਸੀ, ਜਿਸ ਤੋਂ ਬਾਅਦ ਨਿਹੰਗ ਸੂਖਚੈਨ ਸਿੰਘ ਵਲੋਂ ਦਿਲ 'ਚ ਗੱਲ ਰੱਖੀ ਗਈ ਤੇ ਅੱਜ ਨੌਜਵਾਨ ਦਾ ਕਤਲ ਕਰ ਦਿੱਤਾ ਗਿਆ। ਇਸ ਦੇ ਨਾਲ ਹੀ ਪਿੰਡ ਦੇ ਅਪ ਵਰਕਾਰ ਦਾ ਕਹਿਣਾ ਕਿ ਸਰਕਾਰ ਪੀੜਤ ਪਰਿਵਾਰ ਦੇ ਨਾਲ ਹੈ ਅਤੇ ਉਨ੍ਹਾਂ ਨੂੰ ਇਨਸਾਫ਼ ਜ਼ਰੂਰ ਮਿਲੇਗਾ ਤੇ ਮੁਲਜ਼ਮ ਨੂੰ ਸਜ਼ਾ ਦਿਵਾਉਣ 'ਚ ਹਰ ਯਤਨ ਕੀਤੇ ਜਾਣਗੇ।
ਪੁਲਿਸ ਨੇ ਕਾਬੂ ਕੀਤਾ ਮੁਲਜ਼ਮ:ਉਧਰ ਮੌਕੇ 'ਤੇ ਪਹੁੰਚੇ ਥਾਣਾ ਸਦਰ ਪੱਟੀ ਦੇ ਐੱਚ ਐੱਚ ਓ ਪਰਮਜੀਤ ਸਿੰਘ ਨੇ ਦੱਸਿਆ ਕਿ ਸੁਖਰਾਜ ਸਿੰਘ ਦੀ ਮ੍ਰਿਤਕ ਦੇਹ ਨੂੰ ਉਹਨਾਂ ਨੇ ਕਬਜ਼ੇ ਵਿੱਚ ਲੈ ਕੇ ਸਿਵਲ ਹਸਪਤਾਲ ਪੱਟੀ ਵਿਖੇ ਪੋਸਟਮਾਰਟਮ ਲਈ ਭੇਜ ਦਿੱਤਾ ਹੈ। ਅਧਿਕਾਰੀ ਨੇ ਦੱਸਿਆ ਕਿ 65 ਸਾਲਾਂ ਨਿਹੰਗ ਸਿੰਘ ਸੁਖਚੈਨ ਸਿੰਘ ਨੂੰ ਕਾਬੂ ਕਰਕੇ ਉਸ ਪਾਸੋਂ ਕਿਰਪਾਨ ਵੀ ਬਰਾਮਦ ਕਰਕੇ ਮਾਮਲਾ ਦਰਜ ਕਰ ਅਗਲੀ ਕਾਰਵਾਈ ਸ਼ੁਰੂ ਕੀਤੀ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਪਰਿਵਾਰ ਅਤੇ ਪਿੰਡ ਵਾਸੀਆਂ ਦੇ ਬਿਆਨਾਂ 'ਤੇ ਕਾਰਵਾਈ ਨੂੰ ਅਮਲ 'ਚ ਲਿਆਂਦਾ ਜਾਵੇਗਾ।