ਬਰਨਾਲਾ/ਸ੍ਰੀ ਫਤਹਿਗੜ੍ਹ ਸਾਹਿਬ :ਬਰਨਾਲਾ ਵਿਖੇ ਧੂਮਧਾਮ ਨਾਲ ਈਦ ਦਾ ਤਿਉਹਾਰ ਮਨਾਇਆ ਗਿਆ। ਮੁਸਲਿਮ ਭਾਈਚਾਰੇ ਵਲੋਂ ਈਦਗਾਹਾਂ ਅਤੇ ਮਸਜਿਦਾਂ ਵਿੱਚ ਈਦ ਦੀ ਨਮਾਜ਼ ਅਦਾ ਕੀਤੀ ਅਤੇ ਸਭ ਦੇ ਭਲੇ ਦੀ ਦੁਆ ਮੰਗੀ ਗਈ। ਇਸ ਮੌਕੇ ਸਿੱਖ ਅਤੇ ਹਿੰਦੂ ਧਰਮ ਦੇ ਅਹੁਦੇਦਾਰ ਅਤੇ ਰਾਜਸੀ ਪਾਰਟੀਆਂ ਦੇ ਲੋਕ ਵੀ ਈਦ ਦੀਆਂ ਖੁਸ਼ੀਆਂ ਵਿੱਚ ਸ਼ਾਮਲ ਹੋਏ ਅਤੇ ਮੁਸਲਿਮ ਭਾਈਚਾਰੇ ਨੂੰ ਈਦ ਦੀ ਵਧਾਈ ਦਿੱਤੀ ਗਈ। ਮੁਸਲਿਮ ਭਾਈਚਾਰੇ ਦੇ ਆਗੂਆਂ ਨੇ ਸਮੂਹ ਪਾਰਟੀਆਂ ਦਾ ਈਦ ਦੀਆਂ ਖੁਸ਼ੀਆਂ ਸਾਂਝੀਆਂ ਕਰਨ ਤੇ ਧੰਨਵਾਦ ਕੀਤਾ।
ਰਾਜਸੀ ਪਾਰਟੀਆਂ ਦਾ ਕੀਤਾ ਧੰਨਵਾਦ: ਇਸ ਮੌਕੇ ਗੱਲਬਾਤ ਕਰਦਿਆਂ ਮੁਸਲਿਮ ਵੈਲਫ਼ੇਅਰ ਕਮੇਟੀ ਦੇ ਪ੍ਰਧਾਨ ਮੁਹੰਮਦ ਹਮੀਦ ਅਤੇ ਜਾਮਾ ਮਸਜਿਦ ਬਰਨਾਲਾ ਦੇ ਇਮਾਮ ਮੁਹੰਮਦ ਆਰਿਫ਼ ਨੇ ਕਿਹਾ ਕਿ ਅੱਜ ਈਦ ਦਾ ਤਿਉਹਾਰ ਬਹੁਤ ਧੂਮਧਾਮ ਨਾਲ ਮਨਾਇਆ ਗਿਆ ਹੈ। ਇਸ ਮੌਕੇ ਸਮੂਹ ਰਾਜਸੀ ਪਾਰਟੀਆਂ ਆਮ ਆਦਮੀ ਪਾਰਟੀ, ਕਾਂਗਰਸ, ਅਕਾਲੀ ਦਲ, ਸ੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਅਤੇ ਹੋਰ ਆਗੂਆਂ ਨੇ ਪਹੁੰਚ ਕੇ ਸਾਡੇ ਭਾਈਚਾਰੇ ਨੂੰ ਈਦ ਦੀ ਵਧਾਈ ਦਿੱਤੀ ਗਈ ਹੈ। ਜਿਸ ਕਰਕੇ ਉਹ ਸਮੂਹ ਭਾਈਚਾਰੇ ਵਲੋਂ ਸਭ ਦਾ ਧੰਨਵਾਦ ਕਰਦੇ ਹਨ। ਉਹਨਾਂ ਕਿਹਾ ਕਿ ਅੱਜ ਈਦ ਦੀ ਨਮਾਜ ਅਦਾ ਕੀਤੀ ਗਈ ਹੈ ਅਤੇ ਸਭ ਦੇ ਭਲੇ ਦੀ ਦੁਆ ਮੰਗੀ ਗਈ ਹੈ।
ਸਭ ਦੀਆਂ ਖੁਸ਼ੀਆਂ ਦੀ ਮੰਗੀ ਖ਼ੈਰ :ਉਹਨਾਂ ਕਿਹਾ ਕਿ ਈਦ ਦਾ ਤਿਉਹਾਰ ਸਭ ਦੀ ਸਾਂਝ ਦਾ ਤਿਉਹਾਰ ਹੈ। ਇਸਤੋਂ ਇੱਕ ਮਹੀਨਾ ਪਹਿਲਾਂ ਮੁਸਲਿਮ ਭਾਈਚਾਰੇ ਦੇ ਲੋਕ ਰੋਜ਼ੇ ਰੱਖਦੇ ਹਨ। ਖ਼ੁਦਾ ਦੀਆਂ ਖੁਸ਼ੀਆਂ ਪਾਉਣ ਲਈ ਰੋਟੀ ਪਾਣੀ ਦਾ ਤਿਆਗ ਕੀਤਾ ਜਾਂਦਾ ਹੈ। ਜਿਸਤੋਂ ਬਾਅਦ ਈਦ ਦੇ ਦਿਨ ਖ਼ੁਦਾ ਤੋਂ ਸਭ ਦੀਆਂ ਖੁਸ਼ੀਆਂ ਦੀ ਖ਼ੈਰ ਮੰਗੀ ਜਾਂਦੀ ਹੈੈ। ਉਹਨਾਂ ਕਿਹਾ ਕਿ ਪੰਜਾਬ ਵਿੱਚ ਲੋਕ ਭਾਈਚਾਰਕ ਸਾਂਝ ਨਾਲ ਰਹਿੰਦੇ ਹਨ। ਜਿਸ ਕਰਕੇ ਸਾਡੇ ਵਰਗਾਂ ਧਰਮਾਂ ਦੇ ਲੋਕ ਈਦ, ਦੀਵਾਲੀ, ਦੁਸਹਿਰਾ ਸਮੇਤ ਸਾਰੇ ਤਿਉਹਾਰ ਮਿਲ ਕੇ ਮਨਾਉਂਦੇ ਹਾਂ। ਉਹਨਾਂ ਕਿਹਾ ਕਿ ਦੁਨੀਆਂ ਦੇ ਸਾਰੇ ਲੋਕ ਇੱਕੋ ਖ਼ੁਦਾ ਦੇ ਬੰਦੇੇ ਹਨ। ਜਿਸ ਕਰਕੇ ਸਾਨੂੰ ਮਿਲ ਜੁਲ ਕੇੇ ਰਹਿਣਾ ਚਾਹੀਦਾ ਹੈ ਅਤੇ ਹਰ ਤਿਉਹਾਰ ਨੂੰ ਖੁਸ਼ੀਆਂ ਨਾਲ ਮਨਾਉਣਾ ਚਾਹੀਦਾ ਹੈ। ਇਹੀ ਈਦ ਦਾ ਸੰਦੇਸ਼ ਹੈ।