ਲੁਧਿਆਣਾ:ਤਿਉਹਾਰਾਂ ਦੇ ਸੀਜ਼ਨ ਦੇ ਵਿੱਚ ਮਹਿੰਗਾਈ ਦੀ ਮਾਰ ਲੋਕਾਂ ਨੂੰ ਝੱਲਣੀ ਪੈ ਰਹੀ ਹੈ। ਖਾਣ ਪੀਣ ਦੀ ਕੋਈ ਇੱਕ ਵਸਤੂ ਨਹੀਂ ਸਗੋਂ ਸਾਰੀਆਂ ਹੀ ਕਰਿਆਨੇ ਦੇ ਵਿੱਚ ਰਿਕਾਰਡ ਤੋੜ ਮਹਿੰਗਾਈ ਵੇਖਣ ਨੂੰ ਮਿਲ ਰਹੀ। ਪਿਛਲੇ ਦੋ ਮਹੀਨਿਆਂ ਦੇ ਵਿੱਚ ਕੀਮਤਾਂ ਚ ਲਗਾਤਾਰ ਇਜ਼ਾਫਾ ਹੋ ਰਿਹਾ ਹੈ। ਹਾਲਾਤ ਇਹ ਹੋ ਗਏ ਹਨ ਕਿ ਰੋਜ਼ਾਨਾ ਖਾਣ ਵਾਲਾ ਆਟਾ ਵੀ ਮਹਿੰਗਾ ਹੋ ਗਿਆ ਹੈ। ਕਣਕ ਦੀ ਕੀਮਤ ਜੋ ਪਿਛਲੇ ਸੀਜ਼ਨ 'ਚ ਐਮਐਸਪੀ 2300 ਰੁਪਏ ਪ੍ਰਤੀ ਕੁਇੰਟਲ ਦੇ ਕਰੀਬ ਸੀ। ਉਹ ਹੁਣ 3100 ਰੁਪਏ ਪ੍ਰਤੀ ਕੁਇੰਟਲ ਪਹੁੰਚ ਗਈ ਹੈ। ਜਿਸ ਕਰਕੇ ਆਟੇ ਦੀਆਂ ਕੀਮਤਾਂ 'ਚ ਰਿਕਾਰਡ ਤੋੜ ਵਾਧਾ ਹੋ ਰਿਹਾ ਹੈ।
ਮਹਿੰਗਾਈ ਦੀ ਮਾਰ ਤੋਂ ਲੋਕ ਪਰੇਸ਼ਾਨ
ਬਾਜ਼ਾਰ ਦੇ ਵਿੱਚ ਉਪਲਬਧ ਆਟਾ ਇਸ ਸਮੇਂ 40 ਰੁਪਏ ਕਿਲੋ ਦੇ ਕਰੀਬ ਮਿਲ ਰਿਹਾ ਹੈ। ਪੰਜ ਕਿੱਲੋ ਦਾ ਪੈਕਟ ਜੋ ਦੋ ਮਹੀਨੇ ਪਹਿਲਾਂ 320 ਰੁਪਏ ਦਾ ਸੀ, ਅੱਜ ਉਹ 370 ਦਾ ਹੋ ਗਿਆ ਹੈ। ਇਨਾ ਹੀ ਨਹੀਂ, ਤੇਲ ਦੀ ਬੋਤਲ ਜੋ ਦੋ ਮਹੀਨੇ ਪਹਿਲਾਂ 120 ਪ੍ਰਤੀ ਲੀਟਰ ਸੀ ਅੱਜ ਉਹ 150 ਪ੍ਰਤੀ ਲੀਟਰ ਤੋਂ ਉੱਪਰ ਹੋ ਗਈ ਹੈ। ਸਬਜ਼ੀਆਂ ਦੀਆਂ ਕੀਮਤਾਂ ਅਸਮਾਨੀ ਚੜੀਆਂ ਹੋਈਆਂ ਹਨ ਹਰ ਖਾਣ ਪੀਣ ਦੀ ਵਸਤੂ ਮਹਿੰਗੀ ਹੈ। ਜਿਸ ਕਰਕੇ ਬਾਜ਼ਾਰਾਂ ਦੇ ਵਿੱਚ ਰੌਣਕਾਂ ਗਾਇਬ ਹਨ।
ਸਰਕਾਰ ਕਰੇ ਮਹਿੰਗਾਈ ਕੰਟਰੋਲ
ਲੋਕਾਂ ਦਾ ਕਹਿਣਾ ਹੈ ਕਿ ਇੱਕ ਜੇਕਰ ਇਹੀ ਹਾਲ ਰਹੇ ਤਾਂ ਮਹਿੰਗਾਈ ਹੋਰ ਵੱਧ ਜਾਵੇਗੀ। ਸਰਕਾਰ ਨੂੰ ਇਸ 'ਤੇ ਕੰਟਰੋਲ ਕਰਨਾ ਚਾਹੀਦਾ ਹੈ ਕਿਉਂਕਿ ਜੇਕਰ ਕਣਕ ਦੀ ਮੰਡੀਆਂ ਦੇ ਵਿੱਚ ਕੀਮਤ ਘੱਟ ਸੀ ਤਾਂ ਹੁਣ ਮਹਿੰਗੀ ਕਿਉਂ ਮਿਲ ਰਹੀ ਹੈ ਇਥੋਂ ਤੱਕ ਕਿ ਕਣਕ ਦਾ ਸਟੋਕ ਬਹੁਤ ਮੁਸ਼ਕਿਲ ਨਾਲ ਲੋਕਾਂ ਨੂੰ ਮਿਲ ਰਿਹਾ ਹੈ। ਫਲੋਰਮਿਲ ਚਲਾਉਣ ਵਾਲੇ ਕੁਲਦੀਪ ਕੁਮਾਰ ਨੇ ਦੱਸਿਆ ਕਿ ਪਿਛਲੇ 50 ਸਾਲ ਤੋਂ ਉਹ ਇਹ ਕੰਮ ਕਰ ਰਹੇ ਨੇ ਪਰ ਹਾਲਾਤ ਇਹ ਬਣ ਗਏ ਨੇ ਕੇ ਕਣਕ ਦੀਆਂ ਕੀਮਤਾਂ ਅਸਮਾਨ ਛੂ ਰਹੀਆਂ ਹਨ। ਉਹਨਾਂ ਕਿਹਾ ਕਿ ਇਸ ਵਕਤ ਆਟੇ ਦੀ ਕੀਮਤ 39 ਪ੍ਰਤੀ ਕਿਲੋ ਹੈ ਜਦੋਂ ਕਿ ਕਣਕ ਸਾਨੂੰ ਪਿੱਛੋਂ 31 ਰੁਪਏ ਪ੍ਰਤੀ ਕਿਲੋ ਦੇ ਹਿਸਾਬ ਦੇ ਨਾਲ ਆ ਰਹੀ ਹੈ।