ਅੰਮ੍ਰਿਤਸਰ: ਐਤਵਾਰ ਨੂੰ ਪੰਜਾਬ ਭਰ ਵਿੱਚ ਬਸੰਤ ਪੰਚਮੀ ਦਾ ਤਿਉਹਾਰ ਲੋਕਾਂ ਵੱਲੋਂ ਜ਼ੋਰਾਂ ਸ਼ੋਰਾਂ ਨਾਲ ਮਣਾਇਆ ਗਿਆ। ਇਸ ਦੌਰਾਨ ਪਤੰਗਬਾਜ਼ੀ ਵੀ ਖੂਬ ਹੋਈ, ਪਰ ਇਸ ਦੌਰਾਨ ਵਰਤੀ ਗਈ ਚਾਈਨਾ ਡੋਰ ਦੇ ਨਾਲ ਲੋਕਾਂ ਦੇ ਜ਼ਖਮੀ ਹੋਣ ਦੀਆਂ ਖਬਰਾਂ ਵੀ ਸਾਹਮਣੇ ਆਈਆਂ। ਤਾਜ਼ਾ ਮਾਮਲਾ ਅੰਮ੍ਰਿਤਸਰ ਤੋਂ ਸਾਹਮਣੇ ਆਇਆ ਜਿੱਥੇ, ਇੱਕ ਸਿੱਖ ਨੌਜਵਾਨ ਚਾਈਨਾ ਡੋਰ ਦਾ ਸ਼ਿਕਾਰ ਹੋ ਗਿਆ। ਦਰਅਸਲ, ਰਵਿੰਦਰ ਸਿੰਘ ਨਾਮ ਦਾ ਨੌਜਵਾਨ ਚਾਈਨਾ ਡੋਰ ਦੀ ਚਪੇਟ ਵਿੱਚ ਆ ਗਿਆ ਅਤੇ ਨੌਜਵਾਨ ਦੀਆਂ ਉਂਗਲਾਂ ਤੱਕ ਵੱਢੀਆਂ ਗਈਆਂ। ਲਹੂ-ਲੁਹਾਨ ਹੋਏ ਨੌਜਵਾਨ ਨੇ ਦੱਸਿਆ ਕਿ ਗੁਰੂ ਘਰ ਦੀ ਸੇਵਾ ਕਰਨ ਲਈ ਸਵੇਰੇ ਘਰੋਂ ਗਿਆ ਸੀ ਤੇ ਸ਼ਾਮ ਨੂੰ ਘਰ ਵਾਪਸ ਪਰਤ ਰਿਹਾ ਸੀ। ਇਸ ਦੌਰਾਨ ਰਾਹ ਵਿੱਚ ਚਾਈਨਾ ਡੋਰ ਉਸ ਦੇ ਅੱਗੇ ਆ ਗਈ ਅਤੇ ਉਹ ਜ਼ਖ਼ਮੀ ਹੋ ਗਿਆ। ਨੌਜਵਾਨ ਦੇ ਹੱਥ ਅਤੇ ਬਾਂਹ ਉਤੇ ਚਾਈਨਾ ਡੋਰ ਫਿਰ ਗਈ ਜਿਸ ਨਾਲ ਉਹ ਬੁਰੀ ਤਰ੍ਹਾਂ ਤੜਫਦਾ ਰਿਹਾ।
ਪੂਰੀ ਤਰ੍ਹਾਂ ਹੋਵੇ ਬੈਨ
ਇਸ ਮੌਕੇ ਪੀੜਤ ਨੌਜਵਾਨ ਨੇ ਕਿਹਾ ਕਿ ਇਹ ਘਟਨਾ ਅੰਮ੍ਰਿਤਸਰ ਦੇ ਥਾਣਾ ਕੰਟੋਂਨਮੈਂਟ ਦੇ ਨਜ਼ਦੀਕ ਵਾਪਰੀ ਹੈ। ਉਕਤ ਪੀੜਤ ਨੌਜਵਾਨ ਨੇ ਇਸ ਹਾਦਸੇ ਲਈ ਸਰਕਾਰਾਂ ਨੂੰ ਜ਼ਿੰਮੇਵਾਰ ਠਹਿਰਾਇਆ ਅਤੇ ਕਿਹਾ ਕਿ ਸਰਕਾਰਾਂ ਅਤੇ ਪ੍ਰਸ਼ਾਸਨ ਮਹਿਜ਼ ਚਾਈਨਾ ਡੋਰ 'ਤੇ ਮਨਾਹੀ ਦੇ ਦਾਅਵੇ ਕਰਦੇ ਹਨ, ਪਰ ਅਸਲ ਵਿੱਚ ਇਹ ਡੋਰ ਧੜਲੇ ਨਾਲ ਵਿਕਦੀ ਹੈ ਅਤੇ ਇਸਤੇਮਾਲ ਕੀਤੀ ਜਾਂਦੀ ਹੈ। ਇਸ ਉੱਤੇ ਜਦੋਂ ਤੱਕ ਪੱਕੇ ਤੌਰ 'ਤੇ ਬੈਨ ਨਹੀਂ ਹੁੰਦਾ, ਇਹ ਵਿਕਦੀ ਰਹੇਗੀ ਅਤੇ ਲੋਕ ਇਸ ਦੀ ਚਪੇਟ 'ਚ ਆਉਂਦੇ ਰਹਿਣਗੇ। ਨੌਜਵਾਨ ਨੇ ਕਿਹਾ ਕਿ ਉਹ ਆਪ ਵੀ ਕਈ ਵਾਰ ਲੋਕਾਂ ਨੂੰ ਅਪੀਲ ਕਰ ਚੁਕੇ ਹਨ ਕਿ ਇਸ ਚਾਈਨਾ ਡੋਰ ਦੀ ਵਰਤੋਂ ਨਾ ਕਰੋ, ਪਰ ਲੋਕ ਨਹੀਂ ਸਮਝ ਰਹੇ। ਇਸ ਲਈ ਲੋੜ ਹੈ ਕਿ ਕਾਨੁੰਨ ਸਖ਼ਤ ਕੀਤੇ ਜਾਣ ਤਾਂ ਜੋ ਇਸ ਨਾਲ ਲੋਕਾਂ ਦੀਆਂ ਕੀਮਤੀ ਜਾਨਾਂ ਬਚ ਸਕਣ।
ਪ੍ਰਸ਼ਾਸਨ ਦੀ ਨਾ-ਕਾਮਯਾਬੀ !
ਦੱਸ ਦਈਏ ਕਿ ਬੀਤੇ ਦਿਨੀਂ ਬਸੰਤ ਪੰਚਮੀ ਦੀਆਂ ਰੌਣਕਾਂ ਲੱਗੀਆਂ ਨਜ਼ਰ ਆਈਆਂ, ਨੌਜਵਾਨਾਂ ਅਤੇ ਬੱਚਿਆਂ ਨੇ ਖ਼ੂਬ ਪਤੰਗਬਾਜ਼ੀ ਕੀਤੀ। ਇਸ ਦੌਰਾਨ ਰੋਕ ਹੋਣ ਦੇ ਬਾਵਜੁਦ ਲੋਕਾਂ ਵੱਲੋਂ ਖ਼ੂਨੀ ਚਾਈਨਾ ਡੋਰ ਦੀ ਵਰਤੋਂ ਵੀ ਕੀਤੀ ਗਈ ਅਤੇ ਕਈ ਲੋਕ ਇਸ ਦੀ ਚਪੇਟ ਵਿੱਚ ਆਏ । ਉਥੇ ਹੀ ਅਜਿਹੀਆਂ ਘਟਨਾਵਾਂ ਦੇ ਨਾਲ ਪੁਲਿਸ ਦੇ ਦਾਅਵਿਆਂ ਦੀ ਵੀ ਪੋਲ ਖੁਲ੍ਹਦੀ ਨਜ਼ਰ ਆਈ ਕਿ ਪੁਲਿਸ ਚਾਈਨਾ ਡੋਰ ਦੀ ਪਾਬੰਦੀ ਪ੍ਰਤੀ ਕਿੰਨੀ ਕੁ ਸਖ਼ਤ ਹੈ। ਪੁਲਿਸ ਪ੍ਰਸ਼ਾਸਨ ਵੱਲੋਂ ਲੱਖ ਦਾਅਵੇ ਕੀਤੇ ਜਾ ਰਹੇ ਸਨ, ਕਿ ਚਾਈਨਾ ਡੋਰ ਦੇ ਖਾਤਮੇ ਲਈ ਵੱਖ-ਵੱਖ ਤਰ੍ਹਾਂ ਦੇ ਉਪਰਾਲੇ ਕੀਤੇ ਜਾ ਰਹੇ ਹਨ, ਪਰ ਤੁਸੀਂ ਖੁਦ ਹੀ ਵੇਖ ਸਕਦੇ ਹੋ ਕਿ ਪ੍ਰਸ਼ਾਸਨ ਚਾਈਨਾ ਡੋਰ ਖ਼ਤਮ ਕਰਨ ਵਿੱਚ ਨਾ-ਕਾਮਯਾਬ ਸਾਬਿਤ ਹੋਇਆ ਹੈ।
- ਚਾਈਨਾ ਡੋਰ ਦਾ ਕਹਿਰ ਜਾਰੀ: 12 ਸਾਲਾਂ ਦੇ ਬੱਚੇ ਦੇ ਗਲੇ 'ਤੇ ਫਿਰੀ ਡੋਰ, ਬੁਰੀ ਤਰ੍ਹਾਂ ਜਖਮੀ ਹੋਇਆ ਬੱਚਾ, ਹਾਲਤ ਨਾਜ਼ੁਕ
- ਚਾਈਨਾ ਡੋਰ ਦੀ ਵਰਤੋਂ ਰੋਕਣ ਲਈ ਅਲਰਟ ’ਤੇ ਪੁਲਿਸ, ਇਸ ਢੰਗ ਨਾਲ ਰੱਖੀ ਨਜ਼ਰ
- ਪੁਲਿਸ ਨੇ ਲੋਕਾਂ ਨੂੰ ਦਿੱਤੀ ਚਿਤਾਵਨੀ, ਚਾਈਨਾ ਡੋਰ ਵਰਤਣ ਵਾਲਾ ਹੁਣ ਜਾਵੇਗਾ ਸਿੱਧਾ ਜੇਲ੍ਹ !
ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਵੀ ਕਈ ਮਾਮਲੇ ਸਾਹਮਣੇ ਆ ਚੁਕੇ ਹਨ। ਲੋਹੜੀ ਵਾਲੇ ਦਿਨ ਵੀ ਇੱਕ ਨੌਜਵਾਨ ਦੀ ਅਜਨਾਲਾ ਵਿਖੇ ਡੋਰ ਲੱਗਣ ਦੇ ਨਾਲ ਮੌਤ ਹੋ ਗਈ ਸੀ ਤੇ ਹੁਣ ਬਸੰਤ ਪੰਚਮੀ ਵਾਲੇ ਦਿਨ ਵੀ ਇਸ ਨੌਜਵਾਨ ਦੇ ਹੱਥ ਦੀ ਉਂਗਲ ਵੱਢੀ ਗਈ।